ਪਰਨਾਲੇ ਨੂੰ ਲੈ ਕੇ ਦੋ ਪਰਿਵਾਰਾਂ ’ਚ ਵਧਿਆ ਵਿਵਾਦ
ਪ੍ਰਸ਼ਾਸ਼ਨ ਨੇ ਪੁਲਿਸ ਦੀ ਮਦਦ ਨਾਲ ਗਲੀ ਵੱਲ ਰੱਖਿਆ ਪਰਨਾਲਾ, ਪਰਿਵਾਰ ਨੇ ਕੀਤਾ ਇਤਰਾਜ਼
Publish Date: Mon, 09 Feb 2026 08:49 PM (IST)
Updated Date: Mon, 09 Feb 2026 08:50 PM (IST)

ਪ੍ਰਸ਼ਾਸ਼ਨ ਨੇ ਪੁਲਿਸ ਦੀ ਮਦਦ ਨਾਲ ਗਲੀ ਵੱਲ ਰੱਖਿਆ ਪਰਨਾਲਾ ਦੂਜੇ ਪਰਿਵਾਰ ਨੇ ਜਤਾਇਆ ਸਖ਼ਤ ਇਤਰਾਜ਼ ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਬਲਾਕ ਨਡਾਲਾ ਦੇ ਪਿੰਡ ਰਾਮਗੜ੍ਹ ਵਿਖੇ ਇਕ ਕੋਠੀ ਦੀ ਛੱਤ ਦੇ ਪਾਣੀ ਦੀ ਨਿਕਾਸੀ ਲਈ ਪ੍ਰਸ਼ਾਸ਼ਨ ਨੇ ਪੁਲਿਸ ਦੀ ਮਦਦ ਨਾਲ ਗਲੀ ਵੱਲ ਪਰਨਾਲਾ ਰੱਖ ਦਿੱਤਾ ਹੈ, ਜਿਸਦੇ ਚੱਲਦਿਆਂ ਉਕਤ ਗਲੀ ਵੱਲ ਰਹਿੰਦੇ ਮਕਾਨ ਮਾਲਕਾਂ ਨੇ ਇਤਰਾਜ਼ ਕੀਤਾ ਹੈ। ਇਸ ਸਬੰਧੀ ਬਲਰਾਜ ਸਿੰਘ ਗੋਰਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਰਾਮਗੜ੍ਹ ਨੇ ਦੱਸਿਆ ਕਿ ਇਧਰ ਗਲੀ ਵਾਲੇ ਪਾਸੇ ਅਸੀ ਤਾਏ-ਚਾਚਿਆਂ ਦੇ ਅੱਠ ਪਰਿਵਾਰ ਰਹਿੰਦੇ ਹਾਂ ਤੇ ਉਕਤ ਗਲੀ ਵੀ ਅਸੀ ਮੁੱਲ ਲਈ ਹੈ ਤੇ ਬਕਾਇਦਾ ਗਲੀ ਨੂੰ ਗੇਟ ਵੀ ਲਗਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਪ੍ਰਸ਼ਾਸ਼ਨ ਦੀ ਇਕ ਟੀਮ 3 ਫਰਵਰੀ ਨੂੰ ਇਥੇ ਆਈ ਸੀ ਤੇ ਅਸੀ ਸਬੰਧਤ ਦਸਤਾਵੇਜ਼ ਉਨ੍ਹਾਂ ਨੂੰ ਦਿਖਾਏ ਤੇ ਉਹ ਚਲੇ ਗਏ ਪਰ 6 ਫਰਵਰੀ ਨੂੰ ਉਹ ਮੁੜ ਆਏ ਤੇ ਪਰਨਾਲਾ ਸਾਡੀ ਗਲੀ ਵੱਲ ਰੱਖ ਕੇ ਚਲੇ ਗਏ। ਇਸ ਤੋਂ ਇਲਾਵਾ 2007 ਵਿਚ ਪੰਚਾਇਤ ਨੇ ਸਾਡੇ ਹੱਕ ਵਿਚ ਇਕ ਮਤਾ ਵੀ ਪਾਸ ਕੀਤਾ ਸੀ ਕਿ ਉਕਤ ਗਲੀ ਵੱਲ ਕੋਈ ਵੀ ਪਰਨਾਲਾ ਜਾਂ ਖਿੜਕੀ ਵਗੈਰਾ ਨਹੀ ਰੱਖੀ ਜਾਵੇਗੀ। ਇਸ ਸਬੰਧੀ ਅਸੀ ਕੋਰਟ ਤੋਂ ਸਟੇਅ ਵੀ ਲਿਆ ਹੋਇਆ ਹੈ। ਉਨ੍ਹਾਂ ਪ੍ਰਸ਼ਾਸ਼ਨ ਤੋ ਮੰਗ ਕੀਤੀ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ। ਇਸ ਸਬੰਧੀ ਜਦੋਂ ਬਲਾਕ ਅਫਸਰ ਨਡਾਲਾ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਰਾਮਗੜ੍ਹ ਤੋਂ ਪਰਿਵਾਰ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਉਸਦੇ ਘਰ ਦੀ ਛੱਤ ਦਾ ਪਰਨਾਲਾ ਕਿਸੇ ਨੇ ਬੰਦ ਕਰ ਦਿੱਤਾ ਹੈ, ਜਿਸ ਕਾਰਨ ਉਸਦਾ ਨੁਕਸਾਨ ਹੋ ਰਿਹਾ ਹੈ ਤੇ ਪੁਲਿਸ ਦੀ ਮਦਦ ਨਾਲ ਉਥੇ ਪਰਨਾਲਾ ਰੱਖਿਆ ਗਿਆ ਹੈ। ਰਹੀ ਗੱਲ ਗਲੀ ਮੁੱਲ ਖਰੀਦਣ ਦੀ ਤਾਂ ਉਨ੍ਹਾਂ ਕੋਲ ਕੋਈ ਵੀ ਸਬੂਤ ਨਹੀਂ, ਜੇ ਹੈ ਤਾਂ ਉਹ ਪੇਸ਼ ਕਰਨ। ਉਨ੍ਹਾਂ ਦੱਸਿਆ ਕਿ ਫਿਲਹਾਲ ਇਹ ਮਸਲਾ ਅਜੇ ਕੋਰਟ ਵਿਚ ਹੈ ਤੇ ਕੋਰਟ ਦੇ ਫੈਸਲੇ ਤੋ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।