ਚਾਈਨਾ ਡੋਰ ਲਿਆਉਣ ਵਾਲੇ ਮਾਪਿਆਂ ’ਤੇ ਹੋਵੇ ਕਾਰਵਾਈ : ਬੰਟੀ ਵਾਲੀਆ
ਚਾਇਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਮਾਪਿਆਂ ਤੇ ਹੋਵੇ ਕਾਰਵਾਈ,ਬੰਟੀ ਵਾਲੀਆ
Publish Date: Mon, 12 Jan 2026 07:30 PM (IST)
Updated Date: Mon, 12 Jan 2026 07:33 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਲੋਹੜੀ ਅਤੇ ਬਸੰਤ ਪੰਚਮੀ ਦਾ ਤਿਉਹਾਰ ਜਿਉਂ-ਜਿਉਂ ਨਜ਼ਦੀਕ ਆ ਰਿਹਾ ਹੈ, ਬੱਚਿਆਂ ਵਿਚ ਪਤੰਗ ਉਡਾਉਣ ਦਾ ਕਰੇਜ਼ ਓਨਾ ਹੀ ਵਧ ਰਿਹਾ ਹੈ। ਇਕ ਦੂਜੇ ਦੀ ਪਤੰਗ ਕੱਟਣ ਲਈ ਵਧੀਆ ਤੋਂ ਵਧੀਆ ਡੋਰਾਂ ਦਾ ਇਸਤੇਮਾਲ ਨੌਜਵਾਨ ਤੇ ਬੱਚੇ ਕਰਦੇ ਹਨ। ਅੱਧਾ ਕੁ ਦਹਾਕੇ ਤੋਂ ਬਜ਼ਾਰਾਂ ਵਿਚੋਂ ਸਿੰਥੈਟਿਕ ਡੋਰਾਂ ਤਾਂ ਲਗਭਗ ਖਤਮ ਹੋ ਚੁੱਕੀਆਂ ਹਨ, ਜਿਸ ਦੀ ਜਗ੍ਹਾ ਚਾਈਨਾ ਡੋਰ ਕਾਬਜ਼ ਹੋ ਗਈ ਹੈ। ਚਾਈਨਾ ਡੋਰ ਸ਼ਹਿਰਾਂ, ਪਿੰਡਾਂ ਤੇ ਹਰ ਪਾਸੇ ਲੋਕਾਂ ਦੀ ਜਾਨ ਦਾ ਖੌਅ ਬਣੀ ਹੋਈ ਹੈ। ਅਸਮਾਨੀਂ ਉਡਣ ਵਾਲੇ ਪੰਛੀਆਂ ਲਈ ਵੀ ਬਹੁਤ ਖਤਰਨਾਕ ਹੈ ਪਰ ਨੌਜਵਾਨ ਤੇ ਬੱਚੇ ਬੇਖੌਫ਼ ਹੋ ਕੇ ਇਨ੍ਹਾਂ ਦਾ ਇਸਤੇਮਾਲ ਕਰ ਰਹੇ ਹਨ, ਜਿਸ ਕਾਰਨ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ। ਗੱਲਬਾਤ ਕਰਦਿਆਂ ਬਲਾਕ ਕਾਂਗਰਸ ਫਗਵਾੜਾ ਦੇ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਕਿਹਾ ਕਿ ਲੰਘੇ ਸਾਲ ਫਗਵਾੜਾ ਪੁਲਿਸ ਵੱਲੋਂ ਪਤੰਗ ਵੇਚਣ ਵਾਲੀਆਂ ਦੁਕਾਨਾਂ ’ਤੇ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਚਾਈਨਾ ਡੋਰ ਦੀ ਖੇਪ ਬਰਾਮਦ ਕੀਤੀ ਸੀ ਪਰ ਇਸ ਸਾਲ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਵਲੋਂ ਦੁਕਾਨਾਂ ’ਤੇ ਕੋਈ ਵੀ ਜਾਂਚ ਨਹੀ ਕੀਤੀ ਗਈ। ਫਗਵਾੜਾ ਅੰਦਰ ਚਾਈਨਾ ਡੋਰ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ। ਫਗਵਾੜਾ ਪ੍ਰਸ਼ਾਸਨ ਨੂੰ ਵੀ ਸਖਤ ਹੋ ਕੇ ਪਤੰਗ ਵੇਚਣ ਵਾਲੀਆਂ ਦੁਕਾਨਾਂ ’ਤੇ ਜਾ ਚਾਈਨਾ ਡੋਰ ਦੀ ਖਰੀਦੋ-ਫਰੋਖ਼ਤ ਕਰਨ ਵਾਲੇ ਦੁਕਾਨਦਾਰਾਂ ’ਤੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਜਦੋਂ ਤੱਕ ਫਗਵਾੜਾ ਪੁਲਿਸ ਸਖ਼ਤੀ ਨਹੀਂ ਦਿਖਾਉਂਦੀ, ਉਦੋਂ ਤਕ ਚਾਈਨਾ ਡੋਰ ਸ਼ਹਿਰ ਫਗਵਾੜਾ ਵਿਚੋਂ ਸ਼ਾਇਦ ਹੀ ਬੰਦ ਹੋ ਸਕੇ। ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਛਾਪੇਮਾਰੀ ਹੁੰਦੀ ਹੈ ਤਾਂ ਦੁਕਾਨਾਂ ਅੰਦਰ ਚਾਈਨਾ ਡੋਰ ਨਹੀਂ ਮਿਲਦੀ ਪਰ ਜਦੋਂ ਬੱਚੇ ਜਾਂ ਨੌਜਵਾਨ ਦੁਕਾਨਾਂ ਤੋਂ ਚਾਈਨਾ ਡੋਰ ਖਰੀਦਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਜ਼ਰੂਰ ਮਿਲ ਜਾਂਦੀ ਹੈ। ਚਾਈਨਾ ਡੋਰ ਕਿੰਨੀ ਜ਼ਿਆਦਾ ਖਤਰਨਾਕ ਹੈ ਇਸ ਗੱਲ ਦੀ ਸੰਜ਼ੀਦਗੀ ਨੂੰ ਸਮਝਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਸਹੀ ਢੰਗ ਨਾਲ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਬੱਚੇ ਰਵਾਇਤੀ ਡੋਰਾਂ ਨਾਲ ਪਤੰਗ ਉਡਾਉਣ ਦੀ ਥਾਂ ਚਾਈਨਾ ਡੋਰ ਦਾ ਇਸਤੇਮਾਲ ਕਰਨ ਲੱਗੇ ਹਨ, ਜੋ ਕਿ ਬਹੁਤ ਹੀ ਜ਼ਿਆਦਾ ਖਤਰਨਾਕ ਹੈ। ਇਸ ਡੋਰ ਨੂੰ ਬੰਦ ਕਰਨ ਵਿਚ ਮਾਪਿਆਂ ਨੂੰ ਵੀ ਥੋੜਾ ਬੱਚਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜਦੋਂ ਵੀ ਬੱਚੇ ਪਤੰਗਬਾਜ਼ੀ ਕਰਨ ਲਈ ਆਪਣੇ ਮਾਪਿਆਂ ਤੋਂ ਪੈਸੇ ਲੈਣ ਤਾਂ ਉਨ੍ਹਾਂ ਨੂੰ ਜ਼ਰੂਰ ਸਮਝਾਓ ਕੇ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ, ਜਿਸ ਨਾਲ ਬੱਚੇ ਵੀ ਜਾਗਰੂਕ ਹੋਣਗੇ ਅਤੇ ਸਮੱਸਿਆ ਨੂੰ ਸਮਝਣਗੇ ਕਿ ਚਾਈਨਾ ਡੋਰ ਕਿੰਨੀ ਖਤਰਨਾਕ ਹੈ। ਪੁਲਿਸ ਪ੍ਰਸ਼ਾਸਨ ਨੂੰ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਬੱਚਿਆਂ ਦੀ ਜਾਂਚ ਕਰਕੇ ਮਾਪਿਆਂ ’ਤੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਅਤੇ ਪੰਛੀਆਂ, ਜੀਵਾਂ ਨੂੰ ਜਾਨੀ ਨੁਕਸਾਨ ਤੋਂ ਬਚਾਇਆ ਜਾ ਸਕੇ।