ਧੁੰਦ ਕਾਰਨ ਹਾਈਵੇ ’ਤੇ ਵੱਡਾ ਹਾਦਸਾ, ਇਕ ਦੀ ਮੌਤ
ਕਈ ਵਾਹਨ ਲੰਘਣ ਕਾਰਨ
Publish Date: Sun, 11 Jan 2026 09:40 PM (IST)
Updated Date: Sun, 11 Jan 2026 09:42 PM (IST)

ਕਈ ਵਾਹਨ ਲੰਘਣ ਕਾਰਨ ਲਾਸ਼ ਦੀ ਹਾਲਤ ਬੁਰੀ, ਪਛਾਣ ਵੀ ਨਹੀਂ ਹੋ ਸਕੀ ਸੰਵਾਦ ਸਹਿਯੋਗੀ, ਜਾਗਰਣ ਕਪੂਰਥਲਾ : ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰੋਡ ’ਤੇ ਪਿੰਡ ਹਮੀਰਾ ਤੇ ਦਿਆਲਪੁਰਾ ਵਿਚਾਲੇ ਧੁੰਦ ਕਾਰਨ ਇਕ ਦਰਦਨਾਕ ਹਾਦਸਾ ਹੋ ਗਿਆ। ਅਣਪਛਾਤੇ ਵਾਹਨ ਦੀ ਟੱਕਰ ਨਾਲ ਪੈਦਲ ਜਾ ਰਹੇ ਇਕ ਨੌਜਵਾਨ ਦੀ ਮੌਤ ਹੋ ਗਈ। ਟੱਕਰ ਤੋਂ ਬਾਅਦ ਨੌਜਵਾਨ ਸੜਕ ’ਤੇ ਡਿੱਗ ਪਿਆ, ਜਿਸ ਦੇ ਉੱਪਰੋਂ ਕਈ ਵਾਹਨ ਲੰਘ ਗਏ। ਹਾਦਸੇ ’ਚ ਲਾਸ਼ ਦੀ ਹਾਲਤ ਇੰਨੀ ਬੁਰੀ ਹੋ ਗਈ ਕਿ ਉਸ ਦੀ ਪਛਾਣ ਕਰਨਾ ਵੀ ਮੁਸ਼ਕਿਲ ਹੋ ਗਿਆ। ਸੂਚਨਾ ਮਿਲਣ ’ਤੇ ਥਾਣਾ ਸੁਭਾਨਪੁਰ ਤੇ ਹਾਈਵੇ ਪੈਟਰੋਲਿੰਗ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਅਨੁਸਾਰ ਲਾਸ਼ ਸੜਕ ਨਾਲ ਬੁਰੀ ਤਰ੍ਹਾਂ ਚਿਪਕ ਗਈ ਸੀ, ਜਿਸ ਨੂੰ ਚੁੱਕਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਲਾਸ਼ ਨੂੰ ਹਟਾਉਣ ਲਈ ਕੱਸੀ ਤੇ ਚਾਦਰ ਦਾ ਸਹਾਰਾ ਲੈਣਾ ਪਿਆ। ਥਾਣਾ ਸੁਭਾਨਪੁਰ ਦੇ ਏਐੱਸਆਈ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਐਤਵਾਰ ਸਵੇਰੇ ਲਗਪਗ 8.30 ਵਜੇ ਸੂਚਨਾ ਮਿਲੀ ਸੀ ਕਿ ਹਮੀਰਾ-ਦਿਆਲਪੁਰ ਵਿਚਾਲੇ ਮੇਨ ਰੋਡ ’ਤੇ ਇਕ ਲਾਸ਼ ਪਈ ਹੈ। ਮੌਕੇ ’ਤੇ ਪਹੁੰਚਣ ’ਤੇ ਪਾਇਆ ਗਿਆ ਕਿ ਸੰਘਣੀ ਧੁੰਦ ਦੇ ਕਾਰਨ ਵਿਜ਼ੀਬਿਲਟੀ ਘੱਟ ਸੀ। ਜਾਂਚ ’ਚ ਸਾਹਮਣੇ ਆਇਆ ਕਿ ਨੌਜਵਾਨ ਪੈਦਲ ਸੜਕ ’ਤੇ ਜਾ ਰਿਹਾ ਸੀ, ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਚਾਲਕ ਫਰਾਰ ਹੋ ਗਿਆ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦੇ ਨਾਂ ’ਤੇ ਸਿਰਫ ਸੱਜੀ ਬਾਂਹ ਸੁਰੱਖਿਅਤ ਬਚੀ ਹੈ। ਬਾਂਹ ਤੇ ਹੱਥ ਨੂੰ ਦੇਖ ਕੇ ਨੌਜਵਾਨ ਦੀ ਉਮਰ ਲਗਪਗ 30-35 ਸਾਲ ਦੇ ਵਿਚਾਲੇ ਮੰਨੀ ਜਾ ਰਹੀ ਹੈ। ਮ੍ਰਿਤਕ ਨੇ ਜੈਕੇਟ ਪਹਿਨੀ ਹੋਈ ਸੀ ਤੇ ਮੋਨਾ ਸੀ। ਘਟਨਾ ਸਥਾਨ ਦੇ ਨੇੜੇ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਾ ਹੋਣ ਦੇ ਕਾਰਨ ਟੱਕਰ ਮਾਰਨ ਵਾਲੇ ਵਾਹਨ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਪੁਲਿਸ ਨੇ ਆਲੇ-ਦੁਆਲੇ ਦੇ ਪਿੰਡਾਂ ’ਚ ਸੂਚਨਾ ਭੇਜੀ ਪਰ ਦੇਰ ਸ਼ਾਮ ਤੱਕ ਕੋਈ ਵਾਰਸ ਸਾਹਮਣੇ ਨਹੀਂ ਆਇਆ। ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਪੂਰਥਲਾ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ ਗਿਆ।