ਸੁਲਤਾਨਪੁਰ ਲੋਧੀ ਬਲਾਕ ਸੰਮਤੀ ਚੋਣ ’ਚ ਆਪ ਦੀ ਬਾਜ਼ੀ

ਵਿਦਿਆ ਰਾਣੀ ਚੇਅਰਮੈਨ ਤੇ ਲਾਭ ਸਿੰਘ ਨਬੀਪੁਰ ਵਾਈਸ ਚੇਅਰਮੈਨ ਚੁਣੇ
ਚੋਣ ਦੌਰਾਨ ਆਹਮੋ-ਸਾਹਮਣੇ ਹੋਏ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਦੇ ਵਰਕਰ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਬਲਾਕ ਸੰਮਤੀ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਰਿਹਾ। ਦਿਨ ਭਰ ਚੱਲੇ ਸਿਆਸੀ ਘਮਾਸਾਨ ਦੇ ਦਰਮਿਆਨ ਆਖਿਰਕਾਰ ਆਮ ਆਦਮੀ ਪਾਰਟੀ ਨੇ ਦੋਵੇਂ ਅਹੁਦੇ ਆਪਣੇ ਨਾਮ ਕਰ ਲਏ। ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵਿਦਿਆ ਰਾਣੀ ਨੂੰ ਬਲਾਕ ਸੰਮਤੀ ਦਾ ਚੇਅਰਮੈਨ ਤੇ ਲਾਭ ਸਿੰਘ ਧੰਜੂ ਨਬੀਪੁਰ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਵਿਰੋਧੀ ਧੜੇ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਦੀ ਚੋਣ ਪੂਰੀ ਤਰ੍ਹਾਂ ਕਾਨੂੰਨ ਤੇ ਨਿਯਮਾਂ ਅਨੁਸਾਰ ਹੋਈ ਹੈ ਤੇ ਆਪ ਦੇ ਉਮੀਦਵਾਰਾਂ ਦੀ ਜਿੱਤ ਲੋਕ ਸਮਰਥਨ ਦੀ ਜਿੱਤ ਹੈ। ਉਨ੍ਹਾਂ ਨੇ ਨਵੇਂ ਚੁਣੇ ਚੇਅਰਮੈਨ ਵਿਦਿਆ ਰਾਣੀ ਤੇ ਵਾਈਸ ਚੇਅਰਮੈਨ ਲਾਭ ਸਿੰਘ ਨਬੀਪੁਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਪਾਰਟੀ ਦੀਆਂ ਨੀਤੀਆਂ ’ਤੇ ਲੋਕਾਂ ਦੇ ਭਰੋਸੇ ਦੀ ਨਿਸ਼ਾਨੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਤੇ ਉਨ੍ਹਾਂ ਦੇ ਸਾਥੀ ਸਾਡੇ ਜਿੱਤੇ ਹੋਏ ਮੈਂਬਰ ਹਰਵਿੰਦਰ ਸਿੰਘ ਲਾਲੀ ਨੂੰ ਜਬਰੀ ਗੱਡੀ ਵਿਚ ਬਿਠਾ ਕੇ ਨਾਲ ਲੈ ਗਏ ਹਨ ਤੇ ਉਲਟਾ ਸਾਨੂੰ ਦੋਸ਼ ਦੇ ਰਹੇ ਹਨ ਕਿ ਅਸੀਂ ਧੱਕੇਸ਼ਾਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਭ ਪਤਾ ਹੈ ਕਿ ਧੱਕੇਸ਼ਾਹੀ ਹਲਕੇ ਵਿਚ ਕੌਣ ਕਰ ਰਿਹਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਤੇ ਰਾਣਾ ਧੜੇ ਦੇ ਵਰਕਰ ਵੀ ਆਹਮੋ-ਸਾਹਮਣੇ ਆ ਗਏ ਤੇ ਦੋਹਾਂ ਪੱਖਾਂ ਵੱਲੋਂ ਇਕ-ਦੂਜੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਆਪ ਸਮਰਥਕਾਂ ਵੱਲੋਂ “ਪੰਜਾਬ ਸਰਕਾਰ ਜ਼ਿੰਦਾਬਾਦ” ਤੇ “ਆਮ ਆਦਮੀ ਪਾਰਟੀ ਜ਼ਿੰਦਾਬਾਦ” ਦੇ ਨਾਅਰੇ ਲਗਾਏ ਗਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨਰਿੰਦਰ ਸਿੰਘ ਖਿੰਡਾ, ਮਹਿਲਾ ਵਿੰਗ ਦੇ ਆਗੂ ਗੁਰਵਿੰਦਰ ਕੌਰ, ਪੀਏ ਲਵਪ੍ਰੀਤ ਸਿੰਘ, ਪ੍ਰਦੀਪ ਥਿੰਦ (ਚੇਅਰਮੈਨ, ਇੰਪਰੂਵਮੈਂਟ ਟਰੱਸਟ ਸੁਲਤਾਨਪੁਰ ਲੋਧੀ), ਸਰਪੰਚ ਮਨਜੀਤ ਸਿੰਘ, ਗੁਰਚਰਨ ਸਿੰਘ ਬਿੱਟੂ (ਚੇਅਰਮੈਨ), ਸਰਪੰਚ ਮੇਜਰ ਸਿੰਘ ਜੈਨਪੁਰ, ਸਰਪੰਚ ਜਸਪਾਲ ਸਿੰਘ ਫੱਤੋਵਾਲ, ਸਰਪੰਚ ਗੁਰਦੇਵ ਸਿੰਘ ਪੱਪਾ, ਜਤਿੰਦਰਜੀਤ ਸਿੰਘ ਨੰਬਰਦਾਰ, ਬਲਦੇਵ ਸਿੰਘ ਮੰਗਾ, ਮਨਜੀਤ ਸਿੰਘ ਨਸੀਰੇਵਾਲ, ਸਰਪੰਚ ਹਰਜਿੰਦਰ ਸਿੰਘ ਮਨਿਆਲਾ, ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਸਰਪੰਚ ਬਹਾਦੁਰ ਸਿੰਘ ਲੋਧੀਵਾਲ, ਦੀਪਕ ਚੀਮਾ, ਕੁਲਵਿੰਦਰ ਸਿੰਘ ਸਾਧੂਵਾਲ, ਪਵਨ ਕੁਮਾਰ ਲਾਲਾ (ਹਲਕਾ ਕੋਆਰਡੀਨੇਟਰ), ਹਰਨੇਕ ਸਿੰਘ ਗੋਲਡੀ ਡਡਵਿੰਡੀ, ਸੁਖਜਿੰਦਰ ਸਿੰਘ ਗੋਲਡੀ, ਸਰਬਜੀਤ ਕੌਰ, ਸਵਰਨ ਸਿੰਘ ਜੈਨਪੁਰ, ਰਣਧੀਰ ਸਿੰਘ ਕਮਾਲਪੁਰ, ਬਾਬਾ ਹੁਸ਼ਿਆਰ ਸਿੰਘ ਬਲਾਕ ਸੰਮਤੀ ਮੈਂਬਰ, ਮੇਜਰ ਸਿੰਘ, ਜੱਗੀ ਜੈਨਪੁਰ, ਜਸਕੰਵਲ ਸਿੰਘ ਤਲਵੰਡੀ, ਸੋਨੂ ਰਾਮੇ, ਸਾਬਕਾ ਪ੍ਰਧਾਨ ਦਿਨੇਸ਼ ਧੀਰ, ਸਾਬਕਾ ਕੌਂਸਲਰ ਵਿੱਕੀ ਚੌਹਾਨ ਤੇ ਕੌਂਸਲਰ ਰਜਿੰਦਰ ਸਿੰਘ ਵੀ ਮੌਜੂਦ ਸਨ।