ਚੁਟਕਲਿਆਂ ਨਾਲ ਮੁੜ ਆਪ ਦੀ ਸਰਕਾਰ ਨਹੀਂ ਬਣੇਗੀ : ਅੰਤਿਮ ਖੋਸਲਾ
ਚੁਟਕਲਿਆਂ ਅਤੇ ਕਿੱਕਲੀਆਂ ਦੇ ਸਹਾਰੇ ਦੁਬਾਰਾ ਆਪ ਦੀ ਸਰਕਾਰ ਨਹੀਂ ਬਣਾਏਗੀ-ਅੰਤਿਮ ਖੋਸਲਾ
Publish Date: Tue, 21 Apr 2026 09:35 PM (IST)
Updated Date: Tue, 21 Apr 2026 09:37 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਵਿਚ ਮੁੜ ਸੱਤਾ ਹਾਸਲ ਕਰਨ ਦੇ ਜੋ ਸੁਪਨੇ ਦੇਖ ਰਹੇ ਹਨ, ਉਹ ਮੁੰਗੇਰੀ ਲਾਲ ਦੇ ਸੁਪਨਿਆਂ ਵਾਂਗ ਕਦੇ ਵੀ ਪੂਰੇ ਨਹੀਂ ਹੋਣਗੇ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਅੰਤਿਮ ਖੋਸਲਾ ਨੇ ਇਕ ਗੱਲਬਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਆਪ ਨੂੰ ਇਕ ਵਾਰ ਵੀ ਮੌਕਾ ਦੇਣ ’ਤੇ ਪਛਤਾ ਰਹੇ ਹਨ। ਅੰਤਿਮ ਖੋਸਲਾ ਨੇ ਕਿਹਾ ਕਿ ਪੰਜਾਬੀ ਸੂਬੇ ਦਾ ਵਿਕਾਸ, ਤਰੱਕੀ ਤੇ ਖੁਸ਼ਹਾਲੀ ਚਾਹੁੰਦੇ ਹਨ ਜੋ ਆਪ ਸਰਕਾਰ ਦੇ ਅਧੀਨ ਸੂਬੇ ਵਿਚ ਕਿਤੇ ਵੀ ਨਜ਼ਰ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਚੁਟਕਲਿਆਂ ਤੇ ਕਿੱਕਲੀਆਂ ਦੇ ਸਹਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੇਗੀ ਕਿਉਂਕਿ ਲੋਕ ਪਹਿਲਾਂ ਹੀ ਗੁੱਸੇ ਵਿਚ ਹਨ ਤੇ 2027 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਹਿਸਾਬ ਤੈਅ ਕਰ ਲੈਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅਕਾਲੀ ਦਲ ਦੀ ਸਰਕਾਰ ਬਣੇਗੀ, ਜੋ ਲੋਕਾਂ ਦੀ ਭਲਾਈ ਲਈ ਕੰਮ ਕਰੇਗੀ। ਉਨ੍ਹਾਂ ਭਗਵੰਤ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਕਾਰਜਸ਼ੈਲੀ ਤੇ ਗੰਭੀਰ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਸ ਸਮੇਂ ਭੰਬਲਭੂਸੇ ਅਤੇ ਪ੍ਰਸ਼ਾਸਨਿਕ ਢਿੱਲ-ਮੱਠ ਦੇ ਦੌਰ ਵਿਚੋਂ ਲੰਘ ਰਹੇ ਹਨ। ਅਕਾਲੀ ਆਗੂ ਨੇ ਦੋਸ਼ ਲਾਇਆ ਕਿ ਮਾਨ ਸਰਕਾਰ ਨੇ ਵੱਡੇ-ਵੱਡੇ ਵਾਅਦੇ ਕੀਤੇ, ਪਰ ਜ਼ਮੀਨੀ ਪੱਧਰ ’ਤੇ ਉਨ੍ਹਾਂ ਨੂੰ ਲਾਗੂ ਕਰਨ ਵਿਚ ਫੇਲ੍ਹ ਰਹੀ। ਕਾਨੂੰਨ ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ, ਅਪਰਾਧ ਤੇ ਗੈਂਗਸਟਰਵਾਦ ਵਧ ਰਿਹਾ ਹੈ, ਜਦੋਂ ਕਿ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਵਾਅਦਾ ਕੀਤਾ ਗਿਆ ਬਦਲਾਅ ਦਾ ਸੁਪਨਾ ਹੁਣ ਨਿਰਾਸ਼ਾ ਵਿਚ ਬਦਲਦਾ ਜਾਪਦਾ ਹੈ। ਅੰਤਿਮ ਖੋਸਲਾ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਲੋਕ ਹਿੱਤ ਦੀ ਰਾਜਨੀਤੀ ਵਿਚ ਵਿਸ਼ਵਾਸ ਰੱਖਦਾ ਹੈ। ਗਰੀਬਾਂ, ਕਿਸਾਨਾਂ, ਮਜ਼ਦੂਰਾਂ ਤੇ ਆਮ ਨਾਗਰਿਕਾਂ ਦੀ ਭਲਾਈ ਸਾਡੀਆਂ ਨੀਤੀਆਂ ਦਾ ਧੁਰਾ ਹੈ। ਆਪਣੇ ਕਾਰਜਕਾਲ ਦੌਰਾਨ ਅਕਾਲੀ ਦਲ ਨੇ ਵਿਕਾਸ, ਸਮਾਜਿਕ ਸੁਰੱਖਿਆ ਤੇ ਪਾਰਦਰਸ਼ਤਾ ਨੂੰ ਤਰਜੀਹ ਦਿੱਤੀ, ਜਦੋਂ ਕਿ ਮੌਜੂਦਾ ਸਰਕਾਰ ਸਿਰਫ਼ ਦਿਖਾਵੇ ਅਤੇ ਗੁੰਮਰਾਹਕੁੰਨ ਹੋਣ ਤੱਕ ਸੀਮਤ ਹੈ। ਸੂਬਾ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਜਨਤਾ ਪ੍ਰਤੀ ਜਵਾਬਦੇਹੀ ਸਭ ਤੋਂ ਮਹੱਤਵਪੂਰਨ ਹੁੰਦੀ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅੰਤਿਮ ਖੋਸਲਾ ਨੇ ਅੰਤ ਵਿਚ ਕਿਹਾ ਕਿ ਪੰਜਾਬ ਦਾ ਭਾਈਚਾਰਾ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨਾਲ ਚੱਟਾਨ ਵਾਂਗ ਖੜ੍ਹਾ ਹੈ, ਜੋ ਅਕਾਲੀ ਦਲ ਦੀ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਏਗਾ।