‘ਆਪ’ ਦੇ ਇਸ਼ਤਿਹਾਰ ਚਮਕੇ, ਅਧਿਆਪਕਾਂ ਦੇ ਚੁੱਲ੍ਹੇ ਪਏ ਠੰਢੇ
ਆਪ ਪਾਰਟੀ ਪ੍ਰਚਾਰ ਦੇ ਪੋਸਟਰ ਚਮਕੇ, ਤਨਖਾਹਾਂ ਬਿਨਾਂ ਅਧਿਆਪਕਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ
Publish Date: Sat, 07 Mar 2026 07:56 PM (IST)
Updated Date: Sat, 07 Mar 2026 08:00 PM (IST)

--ਕਰਜ਼ੇ, ਕਿਸ਼ਤਾਂ ਤੇ ਜੁਰਮਾਨੇ, ਸਰਕਾਰ ਦੀ ਨਾਕਾਮੀ ਦਾ ਭਾਰ ਅਧਿਆਪਕਾਂ ‘ਤੇ : ਡੀਟੀਐੱਫ ਅਮਰੀਕ ਮੱਲ੍ਹੀ\ਦੀਪਕ, ਪੰਜਾਬੀ ਜਾਗਰਣ ਕਪੂਰਥਲਾ : ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਤੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਹਰਵਿੰਦਰ ਅੱਲੂਵਾਲ ਤੇ ਸਕੱਤਰ ਤਜਿੰਦਰ ਅਲੌਦੀਪੁਰ ਨੇ ਸਾਂਝੇ ਪ੍ਰੈੱਸ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਸਰਕਾਰ ਦੇ ਬਜਟ ਦੀ ਕਮੀ ਕਾਰਨ ਪੰਜਾਬ ਦੇ ਹਜ਼ਾਰਾਂ ਅਧਿਆਪਕ ਆਪਣੀਆਂ ਤਨਖਾਹਾਂ ਨੂੰ ਉਡੀਕ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਲੱਖਾਂ-ਕਰੋੜਾਂ ਰੁਪਏ ਦਾ ਕਰਜ਼ਾ ਚੁੱਕ ਕੇ ਸਿੱਖਿਆ ਕ੍ਰਾਂਤੀ ਦੇ ਨਾਂ ’ਤੇ ਸਕੂਲ ਸਿੱਖਿਆ ਵਿਭਾਗ ਦੀਆਂ ਰੂਟੀਨ ਮਾਪੇ-ਅਧਿਆਪਕ ਮੀਟਿੰਗਾਂ ਨੂੰ ਵੱਡੀ ਪ੍ਰਾਪਤੀ ਵਜੋਂ ਪੇਸ਼ ਕਰਦੀ ਹੋਈ ਵੱਡੇ ਪੱਧਰ ‘ਤੇ ਇਸ਼ਤਿਹਾਰਬਾਜ਼ੀ ਕਰ ਰਹੀ ਹੈ, ਜਦਕਿ ਦੂਜੇ ਪਾਸੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਡੀਡੀਓਜ਼ (ਡਰਾਇੰਗ ਐਂਡ ਡਿਸਬਰਸਿੰਗ ਆਫੀਸਰਜ਼) ਨੂੰ ਤਨਖਾਹਾਂ ਲਈ ਲੋੜੀਂਦਾ ਬਜਟ ਜਾਰੀ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਸਾਰੇ ਪੰਜਾਬ ਵਿਚ ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ ਕਿਉਂਕਿ ਮੁੱਖ ਦਫਤਰ ਵੱਲੋਂ ਬਜਟ ਅਲਾਟ ਨਹੀਂ ਹੋਇਆ ਤੇ ਜ਼ਿਲ੍ਹਾ ਅਧਿਕਾਰੀਆਂ ਕੋਲ ਹਰ ਵਾਰ ਇਕੋ ਜਵਾਬ ਹੁੰਦਾ ਹੈ ਕਿ ਬਜਟ ਹੈੱਡਕੁਆਰਟਰ ਤੋਂ ਨਹੀਂ ਮਿਲਿਆ। ਆਗੂਆਂ ਨੇ ਕਿਹਾ ਕਿ ਤਨਖਾਹਾਂ ਵਿਚ ਹੋ ਰਹੀ ਇਸ ਬੇਵਜ੍ਹਾ ਦੇਰੀ ਕਾਰਨ ਅਧਿਆਪਕਾਂ ਨੂੰ ਘਰੇਲੂ ਜ਼ਰੂਰਤਾਂ ਪੂਰੀਆਂ ਕਰਨ ਵਿਚ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਚ ਬੈਂਕਾਂ ਤੋਂ ਲਏ ਕਰਜ਼ਿਆਂ ਦੀਆਂ ਕਿਸ਼ਤਾਂ ਦੇ ਭੁਗਤਾਨ ਵਿਚ ਹੋ ਰਹੀ ਦੇਰੀ ਕਰਕੇ ਉਨ੍ਹਾਂ ‘ਤੇ ਜੁਰਮਾਨੇ ਲੱਗ ਰਹੇ ਹਨ, ਜਿਸ ਨਾਲ ਉਹ ਆਰਥਿਕ ਤੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਸਿੱਖਿਆ ਕ੍ਰਾਂਤੀ ਦੇ ਵੱਡੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹ ਨਾ ਦੇ ਸਕਣਾ ਸਰਕਾਰ ਦੀ ਵਿੱਤੀ ਕਮਜ਼ੋਰੀ ਤੇ ਪ੍ਰਸ਼ਾਸਨਿਕ ਅਣਗਹਿਲੀ ਨੂੰ ਬੇਨਕਾਬ ਕਰਦਾ ਹੈ। ਡੀਟੀਐੱਫ ਦੇ ਆਗੂਆਂ ਗੁਰਮੁਖ ਲੋਕਪ੍ਰੇਮੀ, ਜੈਮਲ ਸਿੰਘ, ਜਸਵਿੰਦਰ ਸਿੰਘ ਘੁੱਗ, ਐੱਸਪੀ ਸਿੰਘ, ਬਲਵਿੰਦਰ ਭੰਡਾਲ, ਮੈਡਮ ਜਤਿੰਦਰ ਕੌਰ, ਪਵਨ ਜੋਸ਼ੀ, ਹਰਵਿੰਦਰ ਵਿਰਦੀ, ਵੀਨੂੰ ਸੇਖੜੀ, ਗੌਰਵ ਗਿੱਲ, ਮਲਕੀਤ ਸਿੰਘ, ਨਰਿੰਦਰ ਭੰਡਾਰੀ, ਅਵਤਾਰ ਸਿੰਘ, ਬਲਬੀਰ ਸਿੰਘ, ਹਰਵੇਲ ਸਿੰਘ, ਗੁਰਦੀਪ ਧੰਮ, ਧਰਮਵੀਰ, ਜਤਿੰਦਰ ਕੁਮਾਰ, ਹਰਜਿੰਦਰ ਨਿਆਣਾ, ਸੁਖਪਾਲ ਸਿੰਘ, ਮੁਖਤਿਆਰ ਸਿੰਘ, ਦਵਿੰਦਰ ਕੁਮਾਰ, ਮੁਨੀਸ਼ਵਰ ਸ਼ਰਮਾ, ਕਰਮਜੀਤ ਸਿੰਘ, ਪਾਰਸ ਧੀਰ, ਅਮਨਪ੍ਰੀਤ ਕੌਰ, ਅਰਸ਼ਦੀਪ ਕੌਰ ਲੈਬ ਅਡੈਂਟਟ, ਅਮਰਦੀਪ ਸਿੰਘ ਲੈਬ ਅਡੈਂਟਟ, ਸੁਨੀਲ ਸ਼ਰਮਾ, ਜਸਪਿੰਦਰ ਕੌਰ, ਛਣਕ ਸਿੰਘ, ਹਰਜਿੰਦਰ ਸਿੰਘ, ਗੁਰਜੀਤ ਕੌਰ, ਮਨਜੀਤ ਸਿੰਘ, ਪਾਰਥ ਅਤੇ ਕੁਲਵੀਰ ਸਿੰਘ ਨੇ ਦੋਸ਼ ਲਗਾਇਆ ਕਿ ਸਰਕਾਰ ਦੀ ਤਰਜੀਹ ਅਧਿਆਪਕਾਂ ਦੀ ਭਲਾਈ ਨਹੀਂ, ਸਗੋਂ ਸਿਰਫ਼ ਪ੍ਰਚਾਰ ਹੈ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਸਾਰੇ ਬਕਾਇਆ ਬਜਟ ਜਾਰੀ ਕਰਕੇ ਅਧਿਆਪਕਾਂ ਦੀਆਂ ਤਨਖਾਹਾਂ ਦਾ ਭੁਗਤਾਨ ਕੀਤਾ ਜਾਵੇ ਤੇ ਭਵਿੱਖ ਵਿਚ ਐਸੀ ਸਥਿਤੀ ਦੁਬਾਰਾ ਪੈਦਾ ਨਾ ਹੋਵੇ ਇਸ ਲਈ ਪੱਕਾ ਤੇ ਯੋਜਨਾਬੱਧ ਬਜਟ ਪ੍ਰਬੰਧ ਕੀਤਾ ਜਾਵੇ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜ਼ਿੰਮੇਵਾਰ ਦਫਤਰੀ ਅਧਿਕਾਰੀਆਂ ਦੀ ਜ਼ਿੰਮੇਵਾਰੀ ਨਿਸ਼ਚਿਤ ਕਰਕੇ ਕਾਰਵਾਈ ਕੀਤੀ ਜਾਵੇ ਤਾਂ ਜੋ ਅਧਿਆਪਕ ਵਰਗ ਨੂੰ ਵਾਰ-ਵਾਰ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।