ਆਪ’ ਸਰਕਾਰ ਦਾ ਬਜਟ ਝੂਠ ਦਾ ਪੁਲੰਦਾ : ਖੁਰਾਣਾ
ਆਪ’ ਸਰਕਾਰ ਦਾ ਬਜਟ ਝੂਠ ਦਾ ਪੁਲੰਦਾ, ਪੰਜਾਬ ਦੇ ਹਰ ਵਰਗ ਨਾਲ ਕੀਤਾ ਧੋਖਾ – ਸ. ਰਣਜੀਤ ਸਿੰਘ ਖੁਰਾਣਾ
Publish Date: Sun, 08 Mar 2026 06:37 PM (IST)
Updated Date: Sun, 08 Mar 2026 06:39 PM (IST)

ਪੰਜਾਬ ਦੇ ਹਰ ਵਰਗ ਨਾਲ ਕੀਤਾ ਧੋਖਾ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਅਕਾਲੀ ਦਲ (ਬ) ਦੇ ਫਗਵਾੜਾ ਹਲਕਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਸਾਬਕਾ ਡਿਪਟੀ ਮੇਅਰ ਫਗਵਾੜਾ ਤੇ ਕੋਰ ਕਮੇਟੀ ਮੈਂਬਰ ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ 2026-27 ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰਤ ਦਿਵਸ ਦੇ ਮੌਕੇ ’ਤੇ ਵੀ ਔਰਤਾਂ ਸਮੇਤ ਪੰਜਾਬ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਜਟ ਭਾਸ਼ਣ ਦੌਰਾਨ ਕੀਤੇ ਗਏ ਦਾਅਵੇ ਬਿਲਕੁਲ ਬੇਬੁਨਿਆਦ ਤੇ ਹਕੀਕਤ ਤੋਂ ਦੂਰ ਹਨ। ਖੁਰਾਣਾ ਨੇ ਕਿਹਾ ਕਿ ਸਰਕਾਰ ਵੱਲੋਂ ਬਜਟ ਵਿਚ ਕੀਤੇ ਗਏ ਐਲਾਨ ਅਸਲ ਜ਼ਮੀਨੀ ਹਕੀਕਤ ਨਾਲ ਕੋਈ ਸਬੰਧ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤ ਕਿਸਾਨ ਅੱਜ ਵੀ ਆਪਣੇ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ ਪਰ ਸਰਕਾਰ ਨੇ ਇਸ ਮਸਲੇ ਲਈ ਕੋਈ ਢੰਗ ਦੀ ਯੋਜਨਾ ਨਹੀਂ ਬਣਾਈ। ਬਜਟ ‘ਚ 7 ਨਵੇਂ ਮੈਡੀਕਲ ਕਾਲਜਾਂ ਲਈ ਵੀ ਕੋਈ ਵੱਖਰਾ ਫੰਡ ਅਲਾਟ ਨਹੀਂ ਕੀਤਾ ਗਿਆ। ਖੁਰਾਣਾ ਨੇ ਕਿਹਾ ਕਿ ਸਰਕਾਰ ਵੱਲੋਂ 10 ਲੱਖ ਰੁਪਏ ਦੇ ਸਿਹਤ ਬੀਮਾ ਦੀ ਗੱਲ ਕੀਤੀ ਜਾ ਰਹੀ ਹੈ ਪਰ ਇਸ ਯੋਜਨਾ ਲਈ ਬਜਟ ਵਿਚ ਐਲਾਨੀ ਗਈ ਮਾਮੂਲੀ ਰਕਮ ਨੂੰ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣ ਦੀ ਸਾਜ਼ਿਸ਼ ਹੀ ਕਿਹਾ ਜਾ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਪਿਛਲੀਆਂ ਵਿਧਾਨਸਭਾ ਚੋਣਾਂ ਦੌਰਾਨ ਔਰਤਾਂ ਨੂੰ ਸਰਕਾਰ ਬਣਦਿਆਂ ਹੀ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਇਸ ਲਿਹਾਜ ਨਾਲ ਪਿਛਲੇ ਚਾਰ ਸਾਲ ਦਾ ਬਕਾਇਆ 48,000 ਰੁਪਏ ਵੀ ਦੇਣਾ ਬਣਦਾ ਹੈ, ਪਰ ਸਰਕਾਰ ਨੇ ਇਸ ਤੋਂ ਮੂੰਹ ਫੇਰ ਲਿਆ ਹੈ, ਜੋ ਕਿ ਸਿੱਧਾ ਧੋਖਾ ਹੈ। ਖੁਰਾਣਾ ਨੇ ਅੱਗੇ ਕਿਹਾ ਕਿ ਸਰਕਾਰ ਨੇ ਨੌਜਵਾਨਾਂ ਨੂੰ 3,000 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵੀ ਵਾਅਦਾ ਕੀਤਾ ਸੀ ਪਰ ਇਸ ਲਈ ਵੀ ਬਜਟ ਵਿਚ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਸਰਕਾਰੀ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਵੀ ਕੋਈ ਫੰਡ ਅਲਾਟ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਗਲੇ ਬਜਟ ਤੋਂ ਪਹਿਲਾਂ ਹੋਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਸਿਰਫ਼ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਜਦਕਿ ਅਸਲ ਵਿਚ ਪੰਜਾਬ ਦੇ ਕਿਸਾਨ, ਨੌਜਵਾਨ, ਔਰਤਾਂ, ਮਜ਼ਦੂਰ ਅਤੇ ਕਰਮਚਾਰੀ ਸਾਰੇ ਹੀ ਵਰਗ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਪੂਰੀ ਤਰ੍ਹਾਂ ਨਾਲ ਨਿਰਾਸ਼ ਹਨ।