ਰਾਣਾ ਪਰਿਵਾਰ ਨੇ ਕਪੂਰਥਲਾ ਦਾ ਕੋਈ ਵਿਕਾਸ ਨਹੀਂ ਕਰਵਾਇਆ : ਚੀਮਾ
ਆਪ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਵਿਧਾਇਕ ਰਾਣਾ ਨੂੰ ਘੇਰਿਆ
Publish Date: Thu, 02 Apr 2026 09:38 PM (IST)
Updated Date: Thu, 02 Apr 2026 09:40 PM (IST)

ਆਪ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਵਿਧਾਇਕ ਰਾਣਾ ਨੂੰ ਘੇਰਿਆ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਹਲਕਾ ਸੁਲਤਾਨਪੁਰ ਲੋਧੀ ਵਿਚ ਬਲਾਕ ਸੰਮਤੀ ਚੇਅਰਮੈਨੀ ਚੋਣਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਪੂਰੀ ਤਰ੍ਹਾਂ ਸਿਆਸੀ ਟਕਰਾਅ ਵਿਚ ਬਦਲ ਗਿਆ ਹੈ। ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਲਗਾਏ ਗਏ ਦੋਸ਼ਾਂ ਦੇ ਜਵਾਬ ਵਿਚ ਆਮ ਆਦਮੀ ਪਾਰਟੀ ਵੱਲੋਂ ਤਿੱਖਾ ਪਲਟਵਾਰ ਕੀਤਾ ਗਿਆ ਹੈ। ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਰਾਣਾ ’ਤੇ ਸਿੱਧਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰਾਣਾ ਪਰਿਵਾਰ ਨਾਲ ਕੋਈ ਨਿੱਜੀ ਰੰਜਿਸ਼ ਨਹੀਂ, ਪਰ “ਦਬਦਬੇ ਤੇ ਝੂਠ” ‘ਤੇ ਆਧਾਰਿਤ ਰਾਜਨੀਤੀ ਨਾਲ ਉਹ ਸਹਿਮਤ ਨਹੀਂ ਹਨ। ਚੀਮਾ ਨੇ ਦੋਸ਼ ਲਗਾਇਆ ਕਿ ਲੰਮੇ ਸਮੇਂ ਤੱਕ ਰਾਣਾ ਪਰਿਵਾਰ ਨੇ ਕਪੂਰਥਲਾ ਦਾ ਕੋਈ ਵਿਕਾਸ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਜਿਥੇ ਖੇਡ ਮੈਦਾਨ, ਸਿੱਖਿਆ ਤੇ ਰੁਜ਼ਗਾਰ ਦੇ ਮੌਕੇ ਵਧਾਏ ਜਾਣੇ ਚਾਹੀਦੇ ਸਨ, ਉੱਥੇ ਲੋਕਾਂ ਨੂੰ ਗਲਤ ਰਸਤੇ ਵੱਲ ਧੱਕਿਆ ਗਿਆ। ਆਪਣੇ ਕੰਮਾਂ ਦਾ ਜ਼ਿਕਰ ਕਰਦਿਆਂ ਚੀਮਾ ਨੇ ਦਾਅਵਾ ਕੀਤਾ ਕਿ ਉਹ ਸਾਲਾਂ ਤੋਂ ਨੌਜਵਾਨਾਂ ਨੂੰ ਖੇਡਾਂ ਤੇ ਸਿੱਖਿਆ ਨਾਲ ਜੋੜ ਕੇ ਉਨ੍ਹਾਂ ਨੂੰ ਨਵੀਂ ਦਿਸ਼ਾ ਦੇ ਰਹੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਚੀਮਾ ਨੇ ਰਾਣਾ ਪਰਿਵਾਰ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਉਹ ਸੱਚੇ ਹਨ ਤਾਂ ਗੁਰੂ ਘਰ ਜਾ ਕੇ ਸੌਂਹ ਖਾਣ ਕਿ ਚੋਣਾਂ ਦੌਰਾਨ ਨਾ ਪੈਸਾ ਵੰਡਣਗੇ, ਨਾ ਨਸ਼ਾ ਤੇ ਨਾ ਹੀ ਸ਼ਰਾਬ ਵੰਡਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਅਸਲੀਅਤ ਲੋਕਾਂ ਦੇ ਸਾਹਮਣੇ ਆ ਜਾਵੇਗੀ। ਉਨ੍ਹਾਂ ਹੋਰ ਕਿਹਾ ਕਿ ਸਿਆਸਤ ਵਿਚ ਅਸਲ ਮੁਕਾਬਲਾ ਦਾਅਵਿਆਂ ਨਾਲ ਨਹੀਂ, ਸਗੋਂ ਕੀਤੇ ਕੰਮਾਂ ਨਾਲ ਹੁੰਦਾ ਹੈ ਤੇ ਉਹ ਹਰ ਮੰਚ ‘ਤੇ ਆਪਣੇ ਕੰਮਾਂ ਦੇ ਆਧਾਰ ‘ਤੇ ਮੁਕਾਬਲੇ ਲਈ ਤਿਆਰ ਹਨ। ਭਗਵੰਤ ਮਾਨ ਸਰਕਾਰ ਦੇ ਕੰਮਾਂ ਦਾ ਜ਼ਿਕਰ ਕਰਦਿਆਂ ਚੀਮਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਵਿਕਾਸ ਦੇ ਨਵੇਂ ਮਾਪਦੰਡ ਸਥਾਪਿਤ ਕੀਤੇ ਗਏ ਹਨ ਤੇ ਆਮ ਆਦਮੀ ਪਾਰਟੀ ਕੰਮ ਦੀ ਰਾਜਨੀਤੀ ‘ਤੇ ਵਿਸ਼ਵਾਸ ਕਰਦੀ ਹੈ। ਹਲਕਾ ਸੁਲਤਾਨਪੁਰ ਲੋਧੀ ਵਿਚ ਚੇਅਰਮੈਨੀ ਚੋਣ ਹੁਣ ਸਿਰਫ ਇਕ ਅਹੁਦੇ ਦੀ ਲੜਾਈ ਨਹੀਂ ਰਹੀ, ਸਗੋਂ ਸਿਆਸੀ ਪ੍ਰਭਾਵ ਦੀ ਖੁੱਲ੍ਹੀ ਜੰਗ ਬਣ ਗਈ ਹੈ। ਹੁਣ ਸਭ ਦੀਆਂ ਨਿਗਾਹਾਂ ਆਉਣ ਵਾਲੇ ਦਿਨਾਂ ‘ਤੇ ਟਿਕੀਆਂ ਹਨ। ਕੀ ਕੌਣ ਆਪਣਾ ਚੇਅਰਮੈਨ ਬਣਾਵੇਗਾ? ਦੂਜੇ ਪਾਸੇ ਵਿਧਾਇਕ ਰਾਣਾ ਨੇ ਸੱਜਣ ਸਿੰਘ ਚੀਮਾ ਵੱਲੋਂ ਲਗਾਏ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦੇ ਹੋਏ, ਝੂਠੇ ਅਤੇ ਬੇਬੁਨਿਆਦ ਦੱਸਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਜ਼ਿਲ੍ਹਾ ਪ੍ਰਧਾਨ ਆਕਾਸ਼ਦੀਪ ਸਿੰਘ, ਸਰਪੰਚ ਮੇਜਰ ਸਿੰਘ ਜੈਨਪੁਰ, ਸਰਪੰਚ ਜੋਗਿੰਦਰ ਸਿੰਘ, ਬਲਦੇਵ ਸਿੰਘ ਮੰਗਾ, ਨੰਬਰਦਾਰ ਜਤਿੰਦਰਜੀਤ ਸਿੰਘ ਜੱਜੀ, ਸਤਪਾਲ ਮਦਾਨ, ਦੀਪਕ ਕੁਮਾਰ ਦੀਪੂ, ਸ਼ਿੰਦਰਪਾਲ, ਗੁਰਚਰਨ ਸਿੰਘ ਮੀਰਪੁਰ, ਕੌਸਲਰ ਰਜਿੰਦਰ ਸਿੰਘ, ਸਰਪੰਚ ਰਾਮ ਸਿੰਘ ਪਰਮਜੀਤ ਪੁਰ, ਪਿੰਕਾ, ਪ੍ਰਗਟ ਸਿੰਘ, ਡਾ. ਮਨਹੋਰ ਸਿੰਘ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਸੋਨੂੰ ਕਬੀਰਪੁਰ ਆਦਿ ਮੌਜੂਦ ਸਨ।