ਝੂਠੇ ਵਾਅਦਿਆਂ ਨਾਲ ਹੁਣ ਆਪ ਨਹੀਂ ਜਿੱਤ ਸਕਦੀ ਚੋਣਾਂ : ਸਹੋਤਾ
ਝੂਠੇ ਵਾਅਦਿਆਂ ਨਾਲ ਆਪ ਨਹੀਂ ਜਿੱਤ ਸਕਦੀ 2027 ਦੀ ਵਿਧਾਨ ਸਭਾ ਚੋਣ : ਗੁਰਜੋਤ ਸਹੋਤਾ
Publish Date: Tue, 10 Mar 2026 08:03 PM (IST)
Updated Date: Tue, 10 Mar 2026 08:06 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਾਲ 2022 ਵਿਚ ਜਨਤਾ ਨਾਲ ਝੂਠੇ ਵਾਅਦੇ ਤੇ ਲਾਰੇ ਲਾ ਕੇ ਪੰਜਾਬ ਦੀ ਸੱਤਾ ਵਿਚ ਆਈ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਚੋਣਾਂ ਵਿਚ ਕੀਤੇ ਵਾਅਦੇ ਪੂਰੇ ਕਰਨ ਵਿਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਗਵਾਨ ਵਾਲਮੀਕ ਸ਼੍ਰੋਮਣੀ ਸੈਨਾ ਰਜਿ. ਪੰਜਾਬ ਵੱਲੋਂ ਕੀਤੀ ਗਈ ਅਹਿਮ ਮੀਟਿੰਗ ਉਪਰੰਤ ਪੰਜਾਬ ਪ੍ਰਧਾਨ ਗੁਰਜੋਤ ਸਹੋਤਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਦੇਣ ਦਾ ਵਾਅਦਾ ਕੀਤਾ ਸੀ, ਨੇ ਪਿਛਲੇ ਸਾਲਾਂ ਦੇ ਬਣਦੇ 50 ਹਜ਼ਾਰ ਰੁਪਏ ਹੜੱਪ ਕੇ ਛੇ ਮਹੀਨਿਆਂ ਦੇ ਪੈਸੇ ਦੇਣ ਦਾ ਜੋ ਐਲਾਨ ਕੀਤਾ ਹੈ, ਇਸ ਐਲਾਨ ਨਾਲ ਆਪ ਹੁਣ ਲੋਕਾਂ ਨੂੰ ਬੁੱਧੂ ਨਹੀਂ ਬਣਾ ਸਕਦੀ। ਉਨ੍ਹਾਂ ਕਿਹਾ ਕਿ ਔਰਤਾਂ ਨੂੰ 1000 ਰੁਪਏ ਦੇਣ ਵਿਚ ਵੀ ਵੱਡੀ ਸਿਆਸਤ ਕੀਤੀ ਜਾ ਰਹੀ ਹੈ। ਗੁਰਜੋਤ ਸਹੋਤਾ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦਾ ਨਾਅਰਾ ਲਾ ਕੇ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਦਕਿ ਸਕੂਲਾਂ ਵਿਚ ਪੜ੍ਹਾਉਣ ਲਈ ਮਾਸਟਰ ਨਹੀਂ ਹਨ। ਬੱਚੇ ਸਕੂਲਾਂ ਵਿਚੋਂ ਹਟਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸਿਹਤ ਸੁਧਾਰਾਂ ਦੀ ਗੱਲ ਬਿਲਕੁਲ ਝੂਠੀ ਹੈ ਹਸਪਤਾਲਾਂ ਵਿਚ ਡਾਕਟਰ ਤੇ ਦਵਾਈਆਂ ਨਹੀਂ ਹਨ ਜਿਸ ਨਾਲ ਲੋਕਾਂ ਦੀ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਦੌਰਾਨ ਵੱਡੀ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਇਕ ਫੇਲੀਅਰ ਸਰਕਾਰ ਸਾਬਤ ਹੋਈ ਹੈ। ਪੰਜਾਬ ਦੇ ਲੋਕ ਹੁਣ ਲੌਲੀਪਾਪ ਵਿਚ ਖੁਸ਼ ਨਹੀਂ ਹੋਣ ਵਾਲੇ, ਜਨਤਾ ਸਭ ਕੁਝ ਸਮਝ ਗਈ ਹੈ ਕਿ ਪਿਛਲੇ ਚਾਰ ਸਾਲਾਂ ਵਿਚ ਲੁੱਟਣ ਤੇ ਕੁੱਟਣ ਤੋਂ ਸਿਵਾਏ ਕੁਝ ਨਹੀਂ ਹੋਇਆ ਤੇ ਹੁਣ ਹਾਰ ਦਾ ਮੂੰਹ ਦੇਖਣ ਲਈ ਤਿਆਰ ਰਹਿਣਾ ਚਾਹੀਦਾ ਹੈ। ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੱਲਦਾ ਕਰਨ ਲਈ ਉਤਾਵਲੇ ਬੈਠੇ ਹਨ ਤੇ 2027 ਦੀਆਂ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਸਮੇਂ ਸਰਵਣ ਸਿੰਘ, ਨਰਾਇਣ ਨਾਹਰ, ਅਜੇ ਲਹੌਰੀਆ, ਰੋਹਿਤ ਸੁਲਤਾਨਪੁਰ ਲੋਧੀ, ਲਵਦੀਪ ਮੁਰਾਜਵਾਲਾ, ਦਵਿੰਦਰ ਸਿੰਘ ਫਰੀਦ ਸਰਾਏ ਆਦਿ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।