ਆਪ ਆਗੂਆਂ ਫੂਕਿਆ ਕਾਂਗਰਸੀ ਨੇਤਾ ਪ੍ਰਤਾਪ ਬਾਜਵਾ ਦਾ ਪੁਤਲਾ
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਾਂਗਰਸੀ ਨੇਤਾ ਪ੍ਰਤਾਪ ਬਾਜਵਾ ਦਾ ਪੁਤਲਾ ਫੂਕਿਆ
Publish Date: Fri, 13 Feb 2026 09:18 PM (IST)
Updated Date: Fri, 13 Feb 2026 09:21 PM (IST)

ਅਮਰੀਕ ਸਿੰਘ ਮੱਲ੍ਹੀ\ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਵਿਚ ਅੱਜ ਆਮ ਆਦਮੀ (ਆਪ) ਦੀ ਸਮੁੱਚੀ ਲੀਡਰਸ਼ਿਪ ਤੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸੀ ਨੇਤਾਵਾ ਵੱਲੋਂ ਆਪ ਦੇ ਸੀਨੀਅਰ ਨੇਤਾ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ’ਤੇ ਦਲਿਤ ਭਾਈਚਾਰੇ ਖਿਲਾਫ ਵਰਤੀ ਗਈ ਕਥਿਤ ਭੱਦੀ ਸ਼ਬਦਾਵਲੀ ਤੇ ਘਟੀਆ ਭਾਸ਼ਾ ਦੇ ਰੋਸ ਵਜੋਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੋਜਨਾ ਬੋਰਡ ਕਪੂਰਥਲਾ ਦੇ ਚੇਅਰਮੈਨ ਤੇ ਆਪ ਦੇ ਜ਼ਿਲਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ, ਐੱਸਸੀ ਵਿੰਗ ਦੋਆਬਾ ਜ਼ੋਨ ਦੇ ਪ੍ਰਧਾਨ ਜਰਨੈਲ ਸਿੰਘ ਨੰਗਲ, ਮੀਡਿਆ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਜੁਗਨੂੰ, ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕੰਵਰ ਇਕਬਾਲ ਸਿੰਘ, ਜ਼ਿਲ੍ਹਾ ਪ੍ਰਧਾਨ ਵਿਰਾਸਤ ਸੇਵਾ ਸੰਗਠਨ ਵਿੰਗ ਕਪੂਰਥਲਾ ਪਰਮਿੰਦਰ ਸਿੰਘ ਢੋਟ ਤੇ ਹੋਰ ਸੀਨੀਅਰ ਨੇਤਾਵਾਂ ਦੀ ਅਗਵਾਈ ਹੇਠ ਪੁਰਾਣੀ ਕਚਿਹਰੀ ਕਪੂਰਥਲਾ ਦੇ ਨਜ਼ਦੀਕ ਵੱਡੀ ਗਿਣਤੀ ਵਿਚ ਪੁੱਜ ਕੇ ਆਪ ਆਗੂਆਂ ਤੇ ਵਰਕਰਾਂ ਵੱਲੋਂ ਜਿਥੇ ਕਾਂਗਰਸੀ ਨੇਤਾ ਪ੍ਰਤਾਪ ਬਾਜਵਾ ਦਾ ਪਿੱਟ ਸਿਆਪਾ ਕੀਤਾ, ਉਥੇ ਉਨ੍ਹਾਂ ਦਾ ਪੂਤਲਾ ਵੀ ਫੂਕਿਆ ਗਿਆ। ਇਸ ਮੌਕੇ ਆਪ ਆਗੂਆਂ ਨੇ ਕਿਹਾ ਕੀ ਕਾਂਗਰਸ ਪਾਰਟੀ ਦੇ ਆਗੂਆਂ ਦਾ ਦਲਿਤ ਵਿਰੋਧੀ ਚੇਹਰਾ ਨੰਗਾ ਹੋ ਚੁੱਕਾ ਹੈ, ਜਿਨ੍ਹਾਂ ਨੇ ਹਮੇਸ਼ਾ ਦਲਿਤਾਂ ਨਾਲ ਧੋਖੇ ਕਰਕੇ ਪੰਜਾਬ ਵਿਚ ਜਿਥੇ ਲੰਮਾ ਸਮਾਂ ਰਾਜ ਕੀਤਾ, ਉਥੇ ਦਲਿਤਾਂ ਨੂੰ ਦਰੜ ਕੇ ਆਪ ਵੱਡੀਆਂ ਜਾਇਦਾਦਾਂ ਬਣਾ ਲਈਆਂ। ਉਨ੍ਹਾਂ ਕਿਹਾ ਕੀ ਪਹਿਲਾਂ ਵੀ ਕਾਂਗਰਸ ਦੇ ਵੱਡੇ ਦਲਿਤ ਨੇਤਾ ਸ. ਬੂਟਾ ਸਿੰਘ ਦੇ ਖਿਲਾਫ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਬਹੁਤ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਕਾਂਗਰਸੀਆ ਦੀਆਂ ਦਲਿਤ ਭਾਈਚਾਰੇ ਤੇ ਗਰੀਬਾਂ ਖਿਲਾਫ ਕੀਤੀਆਂ ਇਨ੍ਹਾਂ ਘਟੀਆ ਟਿੱਪਣੀਆਂ ਕਰਕੇ ਹੁਣ ਕਾਂਗਰਸ ਪਾਰਟੀ ਦਾ ਗਰੀਬ ਤੇ ਦਲਿਤ ਵਿਰੋਧੀ ਚੇਹਰਾ ਨੰਗਾ ਹੋ ਚੁੱਕਾ ਹੈ। ਆਪ ਆਗੂਆਂ ਨੇ ਕਿਹਾ ਕੀ ਦਲਿਤ ਭਾਈਚਾਰਾ ਕਾਂਗਰਸ ਪਾਰਟੀ ਦੀਆਂ ਲੂੰਬੜ ਚਾਲਾਂ ਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮੂੰਹ ਤੋੜ ਜਵਾਬ ਦੇਵੇਗਾ। ਇਸ ਮੌਕੇ ਨਗਰ ਕੌਂਸਲ ਭੁਲੱਥ ਦੇ ਪ੍ਰਧਾਨ ਰਛਪਾਲ ਸ਼ਰਮਾ, ਜਗਜੀਤ ਸਿੰਘ ਬਿੱਟੂ, ਤਰਵਿੰਦਰ ਰਾਮ ਦੋਵੇਂ ਚੇਅਰਮੈਨ ਮਾਰਕੀਟ ਕਮੇਟੀ, ਗੁਰਪਾਲ ਸਿੰਘ ਇੰਡੀਅਨ ਸਾਬਕਾ ਚੇਅਰਮੈਨ, ਅਕਾਸ਼ਦੀਪ ਸਿੰਘ ਸੁਲਤਾਨਪੁਰ, ਵਿਜੇ ਪੰਡੋਰੀ ਜ਼ਿਲ੍ਹਾ ਪ੍ਰਧਾਨ ਐੱਸਸੀ ਵਿੰਗ, ਮਲਕੀਅਤ ਸਿੰਘ, ਯੂਥ ਨੇਤਾ ਕੁਲਦੀਪ ਸਿੰਘ ਸੋਨੂੰ, ਬਲਵਿੰਦਰ ਕੌਰ ਪ੍ਰਧਾਨ ਮਹਿਲਾਂ ਮੋਰਚਾ, ਕਰਨੈਲ ਸਿੰਘ ਘੁੰਮਣ, ਗੁਰਪ੍ਰੀਤ ਸਿੰਘ, ਹਰਪ੍ਰੀਤ ਕੌਰ, ਵਿਕਾਸ ਮੋਮੀ, ਵਿਕਾਸ ਸਿੱਧੀ, ਨਿਰਮਲ ਸਿੰਘ ਗੁਰਾਇਆ ਸੁਲਤਾਨਪੁਰ, ਮਨੀ ਬੰਗਾ ਮੀਡੀਆ ਕੋਆਰਡੀਨੇਟਰ ਤੇ ਹੋਰ ਬਹੁਤ ਸਾਰੇ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ।