ਸੁਮਨ ਸ਼ਰਮਾ ਸਬੰਧੀ ਦਾਅਵਾ ਆਪ ਦਾ ਚੋਣ ਸਟੰਟ : ਸੰਗੀਤਾ
ਆਮ ਆਦਮੀ ਪਾਰਟੀ ਚੋਣ ਸਟੰਟ ਕਰ ਰਹੀ ਹੈ, ਸੁਮਨ ਸ਼ਰਮਾ ਸੰਬੰਧੀ ਦਾਅਵਾ ਬੇਬੁਨਿਆਦ : ਸੰਗੀਤਾ ਧੀਰ
Publish Date: Sat, 07 Feb 2026 07:48 PM (IST)
Updated Date: Sat, 07 Feb 2026 07:50 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਆਮ ਆਦਮੀ ਪਾਰਟੀ ਵਿਚ ਹਾਲ ਹੀ ’ਚ ਸ਼ਾਮਲ ਹੋਈ ਸੁਮਨ ਸ਼ਰਮਾ ਨੂੰ ‘ਆਪ’ ਆਗੂਆਂ ਵੱਲੋਂ ਮਹਿਲਾ ਕਾਂਗਰਸ ਦੀ ਵੱਡੀ ਲੀਡਰ ਵਜੋਂ ਪੇਸ਼ ਕਰਨ ਦੇ ਦਾਅਵੇ ਨੂੰ ਸਿਰੇ ਤੋਂ ਰੱਦ ਕਰਦਿਆਂ ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਸੰਗੀਤਾ ਧੀਰ ਨੇ ਇਸਨੂੰ ਸਿਰਫ਼ ਝੂਠ, ਪ੍ਰਚਾਰ ਤੇ ਆਮ ਆਦਮੀ ਪਾਰਟੀ ਦਾ ਸਸਤਾ ਚੋਣ ਸਟੰਟ ਕਰਾਰ ਦਿੱਤਾ ਹੈ। ਸੰਗੀਤਾ ਧੀਰ ਨੇ ਸਪਸ਼ਟ ਕੀਤਾ ਕਿ ਮਹਿਲਾ ਕਾਂਗਰਸ ਦੀ ਮਾਨਤਾ ਪ੍ਰਾਪਤ ਬਲਾਕ ਪ੍ਰਧਾਨ ਰੰਜੀਤ ਕੌਰ ਰਾਣੀ (ਪੀਪਾਰੰਗੀ) ਹੈ, ਜੋ ਪੂਰੀ ਨਿਸ਼ਠਾ ਨਾਲ ਸੰਗਠਨ ਲਈ ਕੰਮ ਕਰ ਰਹੀ ਹੈ ਅਤੇ ਮਹਿਲਾ ਕਾਂਗਰਸ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਦੇ ਨਾਲ-ਨਾਲ ਲੋਕਾਂ ਨੂੰ ਕਾਂਗਰਸ ਦੀਆਂ ਨੀਤੀਆਂ ਤੇ ਵਿਚਾਰਧਾਰਾ ਨਾਲ ਜੋੜ ਰਹੀ ਹੈ। ਉਨ੍ਹਾਂ ਕਿਹਾ ਕਿ ਸੁਮਨ ਸ਼ਰਮਾ ਲਗਭਗ 4-5 ਸਾਲ ਪਹਿਲਾਂ ਹੀ ਕਾਂਗਰਸ ਪਾਰਟੀ ਤੋਂ ਪੂਰੀ ਤਰ੍ਹਾਂ ਨਿਕਲ ਚੁੱਕੀ ਸੀ ਤੇ ਪਿਛਲੇ ਕਰੀਬ ਚਾਰ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਕਾਂਗਰਸ ਲਈ ਕੋਈ ਵੀ ਕੰਮ ਨਹੀਂ ਕੀਤਾ ਗਿਆ। ਅਜਿਹੇ ਵਿਚ ਅੱਜ ਆਪਣੇ-ਆਪ ਨੂੰ ਕਾਂਗਰਸੀ ਦੱਸਣਾ ਨਾ ਸਿਰਫ਼ ਤੱਥਹੀਨ ਹੈ, ਸਗੋਂ ਸਾਲਾਂ ਤੋਂ ਮਿਹਨਤ ਕਰ ਰਹੇ ਕਾਂਗਰਸ ਵਰਕਰਾਂ ਦਾ ਹੌਸਲਾ ਘਟਾਉਣ ਦੀ ਕੋਸ਼ਿਸ਼ ਵੀ ਹੈ। ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਨੇ ਆਮ ਆਦਮੀ ਪਾਰਟੀ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਿਨ੍ਹਾਂ ਲੀਡਰਾਂ ਤੇ ਪਾਰਟੀਆਂ ਨੂੰ ਜਨਤਾ ਪਹਿਲਾਂ ਹੀ ਨਕਾਰ ਚੁੱਕੀ ਹੈ, ਉਹ ਹੁਣ ਝੂਠੇ ਦਾਅਵਿਆਂ ਤੇ ਦਿਖਾਵਟੀ ਹਥਕੰਡਿਆਂ ਰਾਹੀਂ ਸੁਰਖੀਆਂ ਬਟੋਰਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਅਸਲੀ ਜਨ ਮਸਲਿਆਂ ਤੋਂ ਭਟਕ ਚੁੱਕੀ ਹੈ ਤੇ ਸਿਰਫ ਝੂਠੇ ਪ੍ਰਚਾਰ ਤੇ ਰਾਜਨੀਤਿਕ ਡਰਾਮੇਬਾਜ਼ੀ ਦੇ ਸਹਾਰੇ ਆਪਣੀ ਘਟਦੀ ਸਾਖ਼ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਸਾਫ਼ ਸ਼ਬਦਾਂ ਵਿਚ ਕਿਹਾ ਕਿ ਕਾਂਗਰਸ ਪਾਰਟੀ ਅੱਜ ਵੀ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮਜ਼ਬੂਤ ਲੀਡਰਸ਼ਿਪ ਹੇਠ ਪੂਰੀ ਤਰ੍ਹਾਂ ਇਕਜੁਟ ਤੇ ਮਜ਼ਬੂਤ ਹੈ। ਆਮ ਆਦਮੀ ਪਾਰਟੀ ਤੋਂ ਜਨਤਾ ਬਹੁਤ ਦੁਖੀ ਤੇ ਨਿਰਾਸ਼ ਹੈ, ਜਿਸਦਾ ਸਾਫ਼ ਅਸਰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੇਖਣ ਨੂੰ ਮਿਲੇਗਾ, ਜਦੋਂ ਕਾਂਗਰਸ ਪਾਰਟੀ ਪੰਜਾਬ ਵਿਚ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਕੇ ਸਰਕਾਰ ਬਣਾਏਗੀ।