ਆਗਾਜ਼-ਏ-ਦੋਸਤੀ ਵੱਲੋਂ 14ਵਾਂ ਸ਼ਾਂਤੀ ਕੈਲੰਡਰ ਜਾਰੀ
ਆਗਾਜ਼-ਏ-ਦੋਸਤੀ ਜੱਥੇਬੰਦੀ ਨੇ ਜਾਰੀ ਕੀਤਾ 14ਵਾਂ ਭਾਰਤ-ਪਾਕਿ ਸ਼ਾਂਤੀ ਕੈਲੰਡਰ
Publish Date: Sat, 07 Feb 2026 08:02 PM (IST)
Updated Date: Sat, 07 Feb 2026 08:05 PM (IST)

ਫਗਵਾੜਾ : ਭਾਰਤ ਤੇ ਪਾਕਿਸਤਾਨ ਵਿਚਕਾਰ ਦੋਸਤੀ ਦਾ ਸੁਨੇਹਾ ਦੇਣ ਲਈ ਸਰਗਰਮ ਜਥੇਬੰਦੀ ਆਗਾਜ਼-ਏ-ਦੋਸਤੀ ਵੱਲੋਂ ਆਪਣਾ 14ਵਾਂ ਭਾਰਤ-ਪਾਕਿ ਸ਼ਾਂਤੀ ਕੈਲੰਡਰ ਜਾਰੀ ਕੀਤਾ ਗਿਆ, ਜਿਸ ਵਿਚ ਦੋਵਾਂ ਦੇਸ਼ਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਪੇਂਟਿੰਗਾਂ ਰਾਹੀਂ ਭਾਰਤ ਤੇ ਪਾਕਿਸਤਾਨ ਦੀ ਦੋਸਤੀ ਤੇ ਪਿਆਰ ਬਾਰੇ ਆਪਣੇ ਦ੍ਰਿਸ਼ਟੀਕੋਣ ਨੂੰ ਪ੍ਰਗਟ ਕੀਤਾ ਹੈ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਆਗਾਜ਼-ਏ-ਦੋਸਤੀ ਦੁਆਰਾ ਦੋਵਾਂ ਦੇਸ਼ਾਂ ਵਿਚ ਆਯੋਜਿਤ ਮੁਕਾਬਲੇ ਵਿਚ ਭਾਰਤ ਤੋਂ ਛੇ ਪੇਂਟਿੰਗਾਂ ਤੇ ਪਾਕਿਸਤਾਨ ਤੋਂ ਛੇ ਪੇਂਟਿੰਗਾਂ ਦੀ ਚੋਣ ਕੀਤੀ ਗਈ ਸੀ ਤੇ ਚੁਣੀਆਂ ਗਈਆਂ 12 ਪੇਂਟਿੰਗਾਂ ਨੂੰ ਇਕ ਕੈਲੰਡਰ ਦਾ ਰੂਪ ਦਿੱਤਾ ਗਿਆ ਹੈ। ਆਗਾਜ਼-ਏ-ਦੋਸਤੀ ਨੂੰ ਭਾਰਤ ਤੇ ਪਾਕਿਸਤਾਨ ਦੇ ਸਕੂਲਾਂ ਤੋਂ ਸ਼ਾਨਦਾਰ ਹੁੰਗਾਰਾ ਮਿਲਿਆ ਤੇ ਭਾਰਤੀ ਪੰਜਾਬ ਤੋਂ ਚਾਰ ਪੇਂਟਿੰਗਾਂ ਜੇਤੂ ਰਹੀਆ, ਜਿਨ੍ਹਾਂ ‘ਚ ਗੁਰਸਹਿਜ ਸਿੰਘ ਪੁਲਿਸ ਡੀਏਵੀ ਪਬਲਿਕ ਸਕੂਲ, ਲੁਧਿਆਣਾ, ਨਵਿਆ ਮਹਿਰਾ ਡੀਏਵੀ ਪਬਲਿਕ ਸਕੂਲ, ਅੰਮ੍ਰਿਤਸਰ ਅਤੇ ਸਵਿਨੈ ਕੁਮਾਰ ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਸ਼ਾਮਲ ਰਹੇ, ਜਦਕਿ ਇਸ਼ਿਤਾ, ਸਵਾਮੀ ਸੰਤ ਦਾਸ ਪਬਲਿਕ ਸਕੂਲ ਦੀ ਇਕ ਰਨਰਅੱਪ ਪੇਂਟਿੰਗ ਵੀ ਚੁਣੀ ਗਈ। ਇਹ ਕੈਲੰਡਰ ਫਗਵਾੜਾ ਤੋਂ ਇਲਾਵਾ ਸ਼੍ਰੀ ਆਨੰਦਪੁਰ ਸਾਹਿਬ, ਲੁਧਿਆਣਾ ਤੇ ਅੰਮ੍ਰਿਤਸਰ ਵਿਚ ਜਾਰੀ ਕੀਤੇ ਗਏ ਹਨ। ਇਸ ਦੌਰਾਨ ਪ੍ਰੋਫੈਸਰ ਜਗਮੋਹਨ (ਸ਼ਹੀਦ ਭਗਤ ਸਿੰਘ ਦੇ ਭਤੀਜੇ) ਨੇ ਕਿਹਾ ਕਿ ਪਿਛਲੇ ਸਾਲ ਭਾਰਤ ਤੇ ਪਾਕਿਸਤਾਨ ਵਿਚਕਾਰ ਪੈਦਾ ਹੋਏ ਯੁੱਧ ਵਰਗੇ ਹਾਲਾਤਾਂ ਦੇ ਬਾਵਜੂਦ ਭਾਰਤ ਤੇ ਪਾਕਿਸਤਾਨ ਦੇ ਬੱਚਿਆਂ ਨੇ ਦੋ ਦੇਸ਼ਾਂ ਵਿਚਕਾਰ ਪਿਆਰ, ਸਤਿਕਾਰ ਤੇ ਦੋਸਤੀ ਦਾ ਸੁਨੇਹਾ ਦਿੱਤਾ ਹੈ। ਇਹ ਇਕ ਪ੍ਰਮਾਣ ਹੈ ਕਿ ਦੋਵੇਂ ਦੇਸ਼ਾਂ ਦੇ ਆਮ ਨਾਗਰਿਕ ਸਿਆਸੀ ਤਲਖੀਆਂ ਤੋਂ ਦੂਰ ਰਹਿੰਦੇ ਹੋਏ ਆਪਸੀ ਪਿਆਰ ਤੇ ਸ਼ਾਂਤੀ ਦੀ ਚਾਹਤ ਰੱਖਦੇ ਹਨ। ਜਥੇਬੰਦੀ ਦੇ ਕੋਆਰਡੀਨੇਟਰ ਨਿਤਿਨ ਮਿੱਟੂ ਨੇ ਦੱਸਿਆ ਕਿ ਇਸ ਸਮਾਗਮ ਵਿਚ ਹਿਸਾ ਲੈਣ ਵਾਲੇ ਵਿਦਿਆਰਥੀ ਤੇ ਸਕੂਲ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ ਤੇ ਉਹ ਸਾਨੂੰ ਅਜਿਹੇ ਹੋਰ ਮੁਕਾਬਲੇ ਕਰਵਾਉਣ ਲਈ ਪ੍ਰੇਰਿਤ ਕਰਦੇ ਹਨ।