ਢਾਡੀ ਜਾਂਗਲਾ ਦੇ ਜਥੇ ਦਾ ਆਸਟਰੀਆ ਪਹੁੰਚਣ ’ਤੇ ਨਿੱਘਾ ਸਵਾਗਤ
ਢਾਡੀ ਗੁਰਜੀਤ ਸਿੰਘ ਜਾਂਗਲਾ ਦੇ ਸਮੁੱਚੇ ਜਥੇ ਦਾ ਆਸਟਰੀਆ ਪਹੁੰਚਣ ਤੇ ਨਿੱਘਾ ਸਵਾਗਤ
Publish Date: Sat, 04 Apr 2026 09:46 PM (IST)
Updated Date: Sat, 04 Apr 2026 09:49 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮੀਰੀ ਪੀਰੀ ਇੰਟਰਨੈਸ਼ਨਲ ਗੋਲਡ ਮੈਡਲਿਸਟ ਜਥਾ ਗੁਰਜੀਤ ਸਿੰਘ ਗੌਰੀ ਜਾਂਗਲਾ ਆਪਣੇ ਸਾਥੀਆਂ ਸੀਨੀਅਰ ਢਾਡੀ ਬੂਟਾ ਸਿੰਘ ਸੁੰਨੜ, ਸਿਮਰਨਜੀਤ ਸਿੰਘ ਸੁੰਨੜ, ਸਰੰਗੀ ਮਾਸਟਰ ਗੁਰਪ੍ਰੀਤ ਸਿੰਘ ਸਾਦਕਪੁਰੀਆ ਸਮੇਤ ਬੀਤੇ ਦਿਨੀਂ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਾਸਤੇ ਯੂਰਪ ਲਈ ਰਵਾਨਾ ਹੋਏ, ਜਿਨ੍ਹਾਂ ਦਾ ਆਸਟਰੀਆ ’ਚ ਵਿਆਨਾ ਏਅਰਪੋਰਟ ’ਤੇ ਪਹੁੰਚਣ ’ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਆਨਾ ਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਆਨਾ ਦੀਆਂ ਪ੍ਰਬੰਧਕ ਕਮੇਟੀਆਂ ਦੇ ਸੇਵਾਦਾਰਾਂ ਹਰਬੰਸ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਿੰਘ ਸਭਾ ਵਿਆਨਾ, ਸ਼੍ਰੀ ਗੋਕਲ ਚੋਪੜਾ, ਗਿਆਨੀ ਸਿੰਘ ਗਰਚਾ, ਦਲਵਿੰਦਰ ਸਿੰਘ ਬੱਗੂ, ਤਰਸੇਮ ਸਿੰਘ ਤੇ ਤੇਜਨੂਰ ਸਿੰਘ ਗਰਚਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਢਾਡੀ ਗੁਰਜੀਤ ਸਿੰਘ ਗੌਰੀ ਜਾਂਗਲਾ ਨੇ ਦੱਸਿਆ ਕਿ ਸਿੱਖੀ ਦੇ ਪ੍ਰਚਾਰ ’ਤੇ ਪਸਾਰ ਵਾਸਤੇ ਵਿਦੇਸ਼ ਦੀ ਧਰਤੀ ’ਤੇ ਆਉਣ ਮੌਕੇ ਮੁੱਚੀਆਂ ਨਾਨਕ ਨਾਮਲੇਵਾ ਸੰਗਤਾਂ ਵੱਲੋਂ ਹਮੇਸ਼ਾਂ ਵੱਡਮੁੱਲਾ ਪਿਆਰ ਤੇ ਸਤਿਕਾਰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਨਿਰੰਤਰ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਵਿਦੇਸ਼ ਦੀ ਧਰਤੀ ’ਤੇ ਵੀ ਸਿੱਖੀ ਹੋਰ ਪ੍ਰਫੁੱਲਤ ਹੋ ਸਕੇ।