ਪਿੰਡ ਬਾਗੜੀਆਂ ਚਰਚ ਤੋਂ ਸ਼ੋਭਾ ਯਾਤਰਾ ਭੁਲੱਥ ਪੁੱਜੀ
ਗੁੱਡ ਫਰਾਈਡੇ ਦੇ ਸਬੰਧ ’ਚ ਪਿੰਡ ਬਾਗੜੀਆਂ ਚਰਚ ਤੋਂ ਸ਼ੋਭਾ ਯਾਤਰਾ ਭੁਲੱਥ ਪੁੱਜੀ
Publish Date: Fri, 03 Apr 2026 09:02 PM (IST)
Updated Date: Fri, 03 Apr 2026 09:04 PM (IST)

ਲੋੜ ਹੈ ਪ੍ਰਭੂ ਯਿਸ਼ੂ ਮਸੀਹ ਦੇ ਦਰਸਾਏ ਮਾਰਗ ’ਤੇ ਚੱਲਣ ਦੀ : ਫਾਦਰ ਸੁਖਵਿੰਦਰ ਕੁੰਦਨ ਸਿੰਘ ਸਰਾਂ ਪੰਜਾਬੀ ਜਾਗਰਣ ਭੁਲੱਥ : ਪ੍ਰਭੂ ਯਿਸ਼ੂ ਮਸੀਹ ਦੀ ਕੁਰਬਾਨੀ ਕੁਲ ਕਾਇਨਾਤ ਦੇ ਲੋਕਾਂ ਨੂੰ ਪਾਪਾਂ ਤੇ ਗੁਨਾਹਾਂ ਤੋਂ ਬਚਾਉਣ ਲਈ ਇਕ ਰਾਹ ਦਸੇਰਾ ਹੈ। ਇਹ ਪ੍ਰਗਟਾਵਾ ਕਰਦਿਆਂ ਪਿੰਡ ਬਾਗੜੀਆਂ ਬਲੀਵਰਜ਼ ਚਰਚ ਦੇ ਫਾਦਰ ਸੁਖਵਿੰਦਰ ਸਿੰਘ ਬਾਗੜੀਆਂ ਵੱਲੋਂ ਗੁਡ ਫਰਾਈਡੇ ਦੇ ਸਬੰਧ ਵਿਚ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਕਿਹਾ ਕਿ ਪ੍ਰਭੂ ਯਿਸ਼ੂ ਮਸੀਹ ਨੂੰ ਜਦੋਂ ਸਲੀਬ ਚਾੜ੍ਹਿਆ ਗਿਆ, ਇਸ ਦਿਹਾੜੇ ਦੇ ਸਬੰਧ ਵਿਚ ਸੰਸਾਰ ਭਰ ਅੰਦਰ ਗੁੱਡ ਫਰਾਈਡੇ ਵਜੋਂ ਇਹ ਦਿਹਾੜਾ ਮਨਾਇਆ ਜਾਂਦਾ ਹੈ। ਸ਼ੋਭਾ ਯਾਤਰਾ ਫਾਦਰ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਭੁਲੱਥ ਪੁੱਜਣ ਤੇ ਮਸੀਹੀ ਸੰਗਤਾਂ ਵੱਲੋਂ ਭਜਨਾਂ ਦਾ ਗੁਣਗਾਨ ਕੀਤਾ ਗਿਆ। ਪਵਿੱਤਰ ਬਾਈਬਲ ਵਿਚੋਂ ਵਚਨ ਸੁਣਾਉਂਦੇ ਹੋਏ ਫਾਦਰ ਸੁਖਵਿੰਦਰ ਸਿੰਘ ਬਗੜੀਆਂ ਨੇ ਦੱਸਿਆ ਕਿ ਗੁੱਡ ਫ੍ਰਾਈਡੇ ਵਾਲੇ ਦਿਨ ਪ੍ਰਭੂ ਯਿਸ਼ੂ ਮਸੀਹ ਨੂੰ ਸਲੀਬ ਦਿੱਤਾ ਗਿਆ ਸੀ ਤੇ ਤੀਸਰੇ ਦਿਨ ਜ਼ਿੰਦਾ ਹੋ ਕੇ ਇਹ ਸਾਬਿਤ ਕਰ ਦਿੱਤਾ, ਕਿ ਸੱਚਾਈ ਨੂੰ ਕੋਈ ਖਤਮ ਨਹੀਂ ਕਰ ਸਕਦਾ। ਉਨ੍ਹਾਂ ਇਕੱਤਰ ਸੰਗਤਾਂ ਤੇ ਅਵਾਮ ਨੂੰ ਅਪੀਲ ਕਰਦਿਆਂ ਕਿਹਾ ਕਿ ਲੋੜ ਹੈ ਪ੍ਰਭੂ ਯਿਸ਼ੂ ਮਸੀਹ ਦੇ ਦਰਸਾਏ ਮਾਰਗ ’ਤੇ ਚੱਲਣ ਦੀ। ਇਸ ਮੌਕੇ ਜੋਗਿੰਦਰ ਮਸੀਹ, ਬੱਗਾ ਮਸੀਹ ਰਾਜਪੁਰ, ਫਰਾਂਸਿਸ ਅਕਾਲਾ, ਰਿੱਕੀ ਅਕਾਲਾ, ਕਮਲਦੀਪ ਸਲਾਮਤਪੁਰ, ਪ੍ਰਭੂ ਦਾਸ ਟੀਨਾ, ਬੀਬੀ ਕਾਨਤਾਂ ਭਟਨੂਰਾ, ਬੀਬੀ ਕਮਲਜੀਤ ਸੁਭਾਨਪੁਰ, ਬੀਬੀ ਕੁਲਵਿੰਦਰ ਅਖਾੜਾ, ਬੀਬੀ ਦਰਸ਼ਨਾ ਅਕਾਲਾ, ਬੀਬੀ ਲਕਸ਼ਮੀ ਸ਼ੇਰ ਸਿੰਘ ਵਾਲਾ, ਬੀਬੀ ਕੰਵਰ ਲੀਡਰ, ਬਲਦੇਵ ਰਾਜ ਸਾਹਨੀ ਤੇ ਹੋਰ ਹਾਜ਼ਰ ਸਨ।