ਆਲੂ ਉਤਪਾਦਕਾਂ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਮੁੱਖ ਮੰਤਰੀ ਪੰਜਾਬ ਦੇ ਨਾਂ ਏ ਡੀ ਸੀ ਕਪੂਰਥਲਾ ਨੂੰ ਸੌਪਿਆ ਮੰਗ ਪੱਤਰ

ਆਲੂ ਉਤਪਾਦਕਾਂ ਨੂੰ ਆਰਥਿਕ ਸੰਕਟ ’ਚੋਂ ਕੱਢਣ ਲਈ ਦਿੱਤਾ ਮੰਗ ਪੱਤਰ
ਕਿਸਾਨ ਜਥੇਬੰਦੀਆਂ ਨੇ ਕੰਪਨੀਆਂ ਦੀ ਲੁੱਟ ਵਿਰੁੱਧ ਕੀਤਾ ਪ੍ਰਦਰਸ਼ਨ
ਪੱਤਰ ਪ੍ਰੇਰਕ ਪੰਜਾਬੀ ਜਾਗਰਣ
ਕਪੂਰਥਲਾ : ਸੰਯੁਕਤ ਕਿਸਾਨ ਮੋਰਚਾ ਕਪੂਰਥਲਾ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਨੇ ਪੰਜਾਬ ਵਿਚ ਆਲੂ ਉਤਪਾਦਕਾਂ ਨੂੰ ਪੇਸ਼ ਮੰਦੀ ਕਾਰਨ ਵੱਡੇ ਆਰਥਿਕ ਸੰਕਟ ਦੇ ਹੱਲ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਏਡੀਸੀ ਕਪੂਰਥਲਾ ਮੈਡਮ ਨਵਦੀਪ ਕੌਰ ਬੱਲ ਨੂੰ ਮੰਗ ਪੱਤਰ ਸੌਂਪਿਆ। ਇਸ ਸਮੇਂ ਰਸ਼ਪਾਲ ਸਿੰਘ ਜਨਰਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਪੰਜਾਬ, ਬਲਵਿੰਦਰ ਸਿੰਘ ਭੁੱਲਰ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਕਪੂਰਥਲਾ, ਤਰਸੇਮ ਸਿੰਘ ਬੰਨੇ ਮੱਲ ਜਨਰਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਕਪੂਰਥਲਾ, ਐਡਵੋਕੇਟ ਰਜਿੰਦਰ ਸਿੰਘ ਰਾਣਾ ਕਨਵੀਨਰ ਸੰਯੁਕਤ ਕਿਸਾਨ ਮੋਰਚਾ ਕਪੂਰਥਲਾ, ਅਮਰਜੀਤ ਸਿੰਘ ਟਿੱਬਾ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ, ਹਰਜਿੰਦਰ ਸਿੰਘ ਰਾਣਾ ਸੈਦੋਵਾਲ ਪ੍ਰਧਾਨ ਬੀਕੇਯੂ ਡਕੌਂਦਾ (ਧਨੇਰ) ਕਪੂਰਥਲਾ, ਰਘਬੀਰ ਸਿੰਘ ਮਹਿਰਵਾਲਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ, ਅਜੀਤ ਸਿੰਘ ਔਜਲਾ ਫੌਜੀ ਕਲੋਨੀ, ਜੋਗਿੰਦਰ ਸਿੰਘ ਸਾਬਕਾ ਸਰਪੰਚ ਫੌਜੀ ਕਲੋਨੀ, ਸੁਖਚੈਨ ਸਿੰਘ ਨੱਥੂ ਚਾਹਲ ਮੀਤ ਪ੍ਰਧਾਨ ਬੀਕੇਯੂ ਡਕੌਂਦਾ, ਬਲਵਿੰਦਰ ਸਿੰਘ ਬਾਜਵਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਕਪੂਰਥਲਾ, ਸਰਵਣ ਸਿੰਘ, ਹਰਨੇਕ ਸਿੰਘ ਕਰਮਜੀਤਪੁਰ, ਮਾਸਟਰ ਸ਼ਿੰਗਾਰਾ ਸਿੰਘ ਟਿੱਬਾ ਹਰਜਿੰਦਰ ਸਿੰਘ ਚੀਮਾ ਕਪੂਰਥਲਾ, ਮਨਜਿੰਦਰ ਕਮਲ ਭੁਲਾਣਾ, ਅਮਰਜੀਤ ਸਿੰਘ, ਮਨਜੀਤ ਸਿੰਘ ਢਪਈ, ਜਥੇਦਾਰ ਤਲਵਿੰਦਰ ਸਿੰਘ, ਪਰਗਣ ਸਿੰਘ ਕਾਲਾ ਸੰਘਿਆ, ਪਿਆਰਾ ਸਿੰਘ ਭੰਡਾਲ ਦੋਨਾਂ, ਭਗਵੰਤ ਸਿੰਘ ਲੱਖਣ ਕਲਾਂ, ਭਜਨ ਸਿੰਘ ਔਜਲਾ, ਸ਼ੀਤਲ ਸਿੰਘ, ਰਾਜਵਿੰਦਰ ਸਿੰਘ ਸੰਗੋਜਲਾ, ਨਿਰਮਲ ਸਿੰਘ ਬਾਜਾ ਆਦਿ ਨੇ ਅੱਜ ਵੱਡੀ ਗਿਣਤੀ ਵਿਚ ਸਥਾਨਕ ਪ੍ਰਸ਼ਾਸਨਿਕ ਭਵਨ ਵਿਖੇ ਕਿਸਾਨਾਂ ਤੇ ਮਜ਼ਦੂਰਾਂ ਦੀ ਵਿਸ਼ੇਸ਼ ਇਕੱਤਰਤਾ ਕੀਤੀ। ਕਿਸਾਨਾਂ ਤੇ ਮਜ਼ਦੂਰਾਂ ਦੀ ਵਿਸ਼ੇਸ਼ ਇਕੱਤਰਤਾ ਦੌਰਾਨ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਅਹੁਦੇਦਾਰ ਬੁਲਾਰਿਆਂ ਨੇ ਕਿਹਾ ਕਿ ਆਲੂ ਉਤਪਾਦਕ ਕਿਸਾਨਾਂ ਦੀ ਲੁੱਟ ਰੋਕਣ ਲਈ 1200 ਰੁਪਏ ਪ੍ਰਤੀ ਕੁਇੰਟਲ ਰੇਟ ਦੇਣ ਤੇ ਕਿਸਾਨਾਂ ਨਾਲ ਠੱਗੀ ਮਾਰ ਰਹੀਆਂ ਕੰਪਨੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੰਦੀ ਦੇ ਦੌਰਾਨ ਕੋਲਡ ਸਟੋਰ ਮਾਲਕਾਂ ਵੱਲੋਂ ਪ੍ਰਤੀ ਬੋਰਾ 25 ਰੁਪਏ ਵਾਧਾ ਕਰ ਦਿੱਤਾ ਹੈ, ਜੋ ਬਹੁਤ ਵੱਡਾ ਧੱਕਾ ਹੈ ਤੇ ਅੱਧਾ ਕਿਰਾਇਆ ਐਡਵਾਂਸ ਜਮਾਂ ਕਰਾਉਣ ਦੀ ਵੀ ਸ਼ਰਤ ਰੱਖੀ ਗਈ ਹੈ। ਬੁਲਾਰਿਆਂ ਨੇ ਆਖਿਆ ਕਿ ਆਲੂ ਉਤਪਾਦਕ ਕਿਸਾਨਾਂ ਦੀ ਮੰਦੀ ਕਾਰਨ ਲਗਭਗ 3 ਲੱਖ ਏਕੜ ਵਿਚ ਬੀਜੀ ਆਲੂ ਦੀ ਫਸਲ ਰੁਲ ਰਹੀ ਹੈ। ਖਾਣ ਵਾਲੇ ਆਲੂ ਦਾ ਰੇਟ 300 ਤੋਂ 400 ਰੁਪਏ ਤੇ ਸ਼ੱਕਰ ਰਹਿਤ ਆਲੂ ਦਾ ਰੇਟ 400 ਤੋਂ 500 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੈ। ਇਸ ਰੇਟ ਨਾਲ ਲਾਗਤ ਖਰਚੇ ਦੀ ਰਕਮ ਦੇ ਹਿਸਾਬ ਨਾਲ ਲਗਭਗ 50 ਹਜ਼ਾਰ ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਘਾਟਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਕਿਸਾਨੀ ਦਾ ਪਹਿਲਾਂ ਹੀ ਲਾਹੇਵੰਦ ਰੇਟ ਨਾ ਮਿਲਣ ਕਰਕੇ ਇਹ ਘਾਟੇ ਵਿਚ ਚੱਲ ਰਹੀ ਹੈ।
ਉਨ੍ਹਾਂ ਆਖਿਆ ਕਿ ਪੰਜਾਬ ਦੇ ਆਲੂ ਉਤਪਾਦਕ ਕਿਸਾਨਾਂ ਨਾਲ ਕੁਝ ਕੰਪਨੀਆਂ ਨੇ 1000 ਰੁਪਏ ਪ੍ਰਤੀ ਕੁਇੰਟਲ ਖਰੀਦ ਕਰਨ ਲਈ ਕੰਟਰੈਕਟ ਕੀਤੇ ਸਨ ਪਰ ਹੁਣ ਉਹ ਮੁੱਕਰ ਗਈਆਂ ਹਨ। ਇਨ੍ਹਾਂ ਕੰਪਨੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਕਿਸਾਨਾਂ ਨੂੰ ਤਰਸਯੋਗ ਹਾਲਤ ਵਿਚੋਂ ਕੱਢਣ ਲਈ ਆਲੂ ਦਾ ਘੱਟੋ-ਘੱਟ 1200 ਰੁਪਏ ਪ੍ਰਤੀ ਕੁਇੰਟਲ ਭਾਅ ਦਿਵਾਇਆ ਜਾਵੇ ਜਾਂ ਸਰਕਾਰੀ ਤੌਰ ਉਤੇ ਮਾਰਕਫੈੱਡ ਰਾਹੀਂ ਖਰੀਦ ਕੀਤੀ ਜਾਵੇ। ਬੁਲਾਰਿਆਂ ਨੇ ਮੰਗ ਕੀਤੀ ਕਿ ਕੋਲਡ ਸਟੋਰ ਮਾਲਕਾਂ ਵੱਲੋਂ ਇਕਦਮ ਵਧਾਏ ਖਰਚੇ ਤੇ ਅਡਵਾਂਸ ਦੀ ਰੱਖੀ ਸ਼ਰਤ ਵੀ ਹਟਵਾਈ ਜਾਵੇ, ਇਸੇ ਤਰ੍ਹਾਂ ਦੁਆਬਾ ਖੇਤਰ ਵਿਚ ਆਲੂ ਤੇ ਸਬਜ਼ੀਆਂ ਦੀ ਕਾਸ਼ਤ ਨੂੰ ਮੁੱਖ ਰੱਖਦਿਆਂ ਪਬਲਿਕ ਖੇਤਰ ਵਿਚ ਪ੍ਰੋਸੈਸਿੰਗ ਪਲਾਂਟ ਲਗਾਉਣ ਲਈ ਕੇਂਦਰ ਸਰਕਾਰ ਨਾਲ ਰਾਬਤਾ ਕੀਤਾ ਜਾਵੇ ਤੇ ਨਾਲ ਹੀ ਵਾਘਾ ਤੇ ਅਟਾਰੀ ਰਾਹੀਂ ਵਪਾਰ ਲਾਂਘਾ ਖੁਲ੍ਹਵਾਇਆ ਜਾਵੇ।