ਹਿੰਦੂ ਕੰਨਿਆ ਕਾਲਜ ਵਿਖੇ ਭਾਸ਼ਣ ਕਰਵਾਏ
ਹਿੰਦੂ ਕੰਨਿਆ ਕਾਲਜ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਭਾਸ਼ਣ ਦਾ ਆਯੋਜਨ
Publish Date: Tue, 10 Mar 2026 07:20 PM (IST)
Updated Date: Tue, 10 Mar 2026 07:21 PM (IST)

ਮਿਹਨਤ ਰਾਹੀਂ ਅਸੀਂ ਹਰ ਚੀਜ਼ ਹਾਸਿਲ ਕਰ ਸਕਦੇ ਹਾਂ : ਡਾ ਮਨਮੋਹਨ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਭਾਸ਼ਾ ਮੰਚ ਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਨੂੰ ਸਮਰਪਿਤ ਭਾਸ਼ਣ ਦਾ ਆਯੋਜਨ ਕਰਵਾਇਆ ਗਿਆ, ਜਿਸ ਦਾ ਮਕਸਦ ਵਿਦਿਆਰਥੀਆਂ ਅੰਦਰ ਮਾਂ ਬੋਲੀ ਪ੍ਰਤੀ ਪਿਆਰ ਪੈਦਾ ਕਰਨਾ ਤੇ ਉਨ੍ਹਾਂ ਨੂੰ ਸਭਿਆਚਾਰ ਤੇ ਵਿਰਸੇ ਨਾਲ ਜੋੜਣਾ ਸੀ। ਇਸ ਆਯੋਜਨ ਵਿਚ ਬਤੌਰ ਵਿਦਵਾਨ ਵਕਤਾ ਡਾ. ਮਨਮੋਹਨ (ਰਿਟਾ. ਆਈਪੀਐੱਸ) ਸਾਹਿਤਕਾਰ ਤੇ ਚਿੰਤਕ, ਚੇਅਰਮੈਨ ਚੰਡੀਗੜ੍ਹ ਸਾਹਿਤ ਅਕਾਦਮੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਿਲਕ ਰਾਜ ਅਗਰਵਾਲ ਨੇ ਕੀਤੀ। ਆਯੋਜਨ ਦਾ ਆਗਾਜ਼ ਵਿਦਿਆਲੇ ਗੀਤ ਨਾਲ ਹੋਇਆ। ਵਿਦਿਆਰਥੀਆਂ ਨੂੰ ਸਿਰਜਨਾਤਮਕ ਪ੍ਰਕਿਰਿਆ ਵਿਸ਼ੇ ’ਤੇ ਸੰਬੋਧਨ ਕਰਦਿਆਂ ਡਾ. ਮਨਮੋਹਨ ਨੇ ਕਿਹਾ ਕਿ ਸਾਨੂੰ ਮਾਤਭਾਸ਼ਾ ਦਾ ਸਤਿਕਾਰ ਤੇ ਪਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਤਭਾਸ਼ਾ ਰਾਹੀਂ ਹੀ ਸਾਡੀਆਂ ਸਕਿਲਸ ਵਿਚ ਨਿਖਾਰ ਆਉਂਦਾ ਹੈ। ਆਪਣੇ ਅੰਦਰ ਦੀ ਕਾਬਲੀਅਤ ਨੂੰ ਪਛਾਣ ਕੇ, ਅੰਦਰ ਦੀ ਆਵਾਜ਼ ਦਾ ਮੁਲਾਂਕਣ ਕਰਕੇ, ਆਪਣਾ ਇਕ ਆਦਰਸ਼ ਮਿੱਥ ਕੇ, ਮਿਹਨਤ ਰਾਹੀਂ ਅਸੀਂ ਹਰ ਚੀਜ਼ ਹਾਸਲ ਕਰ ਸਕਦੇ ਹਾਂ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਸਾਂਝਾ ਕਰਦਿਆਂ ਆਪਣੀਆਂ ਕੁਝ ਰਚਨਾਵਾਂ ਵੀ ਸੁਣਾਈਆਂ। ਉਪਰੰਤ ਡਾ. ਕੁਲਵਿੰਦਰ ਕੌਰ ਨੇ ਵਿਦਵਾਨ ਵਕਤਾ ਤੇ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਕਾਲਜ ਵੱਲੋਂ ਵਿਦਵਾਨ ਵਕਤਾ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ. ਕੁਲਵੰਤ ਸਿੰਘ ਔਜਲਾ, ਡਾ. ਆਸਾ ਸਿੰਘ ਘੁੰਮਣ, ਗੁਰਭਜਨ ਸਿੰਘ ਲਾਸਾਨੀ, ਸਰਵਨ ਸਿੰਘ ਔਜਲਾ ਤੇ ਕਰਨਲ ਸੰਦੀਪ ਜੁਨੇਜਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਭਾਸ਼ਾ ਮੰਚ ਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ। ਮੰਚ ਸੰਚਾਲਨ ਦੇ ਫ਼ਰਜ਼ ਡਾ. ਜਸਦੀਪ ਕੌਰ ਨੇ ਨਿਭਾਏ।