ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ’ਚ ਆੜਤੀਆਂ ਦਾ ਵੱਡਾ ਜੱਥਾ ਰਵਾਨਾ
ਜ਼ਿਲ੍ਹਾ ਪ੍ਰਧਾਨ ਨਰੇਸ਼ ਭਾਰਦਵਾਜ ਦੀ ਅਗਵਾਈ ਵਿੱਚ ਮੱਖੂ ਮੰਡੀ ਫਿਰੋਜ਼ਪੁਰ ਲਈ ਆੜਤੀਆਂ ਦਾ ਵੱਡਾ ਜੱਥਾ ਰਵਾਨਾ
Publish Date: Mon, 16 Mar 2026 08:23 PM (IST)
Updated Date: Mon, 16 Mar 2026 08:25 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਆੜਤੀ ਐਸੋਸੀਏਸ਼ਨ ਫਗਵਾਡਾ ਦਾ ਇਕ ਜਥਾ ਫੈੱਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਵੱਲੋਂ ਮੱਖੂ ਮੰਡੀ ਫਿਰੋਜ਼ਪੁਰ ਵਿਚ ਬੁਲਾਏ ਗਏ ਜਨਰਲ ਇਜਲਾਸ ਵਿਚ ਸ਼ਾਮਲ ਹੋਣ ਲਈ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਨਰੇਸ਼ ਭਾਰਦਵਾਜ ਦੀ ਅਗਵਾਈ ਵਿਚ ਰਵਾਨਾ ਹੋਇਆ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਨਰੇਸ਼ ਭਾਰਦਵਾਜ ਨੇ ਦੱਸਿਆ ਕਿ ਫੈੱਡਰੇਸ਼ਨ ਦੇ ਪੰਜਾਬ ਪ੍ਰਧਾਨ ਵਿਜੈ ਕਾਲੜਾ ਦੀ ਅਗਵਾਈ ਵਿਚ ਜ਼ਿਲ੍ਹਾ ਫਿਰੋਜ਼ਪੁਰ ਦੀ ਮੱਖੂ ਮੰਡੀ ਵਿਚ ਹੋਣ ਵਾਲੇ ਜਨਰਲ ਇਜਲਾਸ ਵਿਚ ਸਰਕਾਰਾਂ ਕੋਲ ਆੜਤੀਆਂ ਦੇ ਲੰਬਿਤ ਮੁੱਦਿਆਂ ਬਾਰੇ ਚਰਚਾ ਕੀਤੀ ਜਾਵੇਗੀ, ਜਿਸ ਵਿਚ ਮੁੱਖ ਤੌਰ ’ਤੇ 2.5 ਪ੍ਰਤੀਸ਼ਤ ਆੜਤ ਸਬੰਧੀ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਟਾਲਮਟੋਲ, ਮੰਡੀਆਂ ਵਿਚ ਦੁਕਾਨਾਂ ਦੀ ਵਨ ਟਾਈਮ ਸੈਟਲਮੈਂਟ, ਠੇਕੇਦਾਰਾਂ ਵੱਲੋਂ ਘੱਟ ਰੇਟ ’ਤੇ ਟੈਂਡਰ ਲੈ ਕੇ ਆੜਤੀਆਂ ਦਾ ਕੀਤੇ ਜਾ ਰਹੇ ਸ਼ੋਸ਼ਣ ਤੇ ਖਰੀਦ ਏਜੰਸੀਆਂ ਵੱਲੋਂ ਆੜਤੀਆਂ ਤੋਂ ਲਿਫਟਿੰਗ ਵਿਚ ਹੋ ਰਹੀ ਦੇਰੀ ਵਰਗੇ ਮਸਲੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਆੜਤੀਆਂ ਦੀਆਂ ਲੰਬਿਤ ਮੰਗਾਂ ਮਨਵਾਉਣ ਲਈ ਹਰ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਸ਼ਾਮ ਨੂੰ ਵਾਪਸੀ ’ਤੇ ਨਰੇਸ਼ ਭਾਰਦਵਾਜ ਨੇ ਦੱਸਿਆ ਕਿ ਅੱਜ ਦਾ ਜਨਰਲ ਇਜਲਾਸ ਬਹੁਤ ਹੀ ਸਫਲ ਰਿਹਾ। ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਆੜਤੀ ਇਸ ਜਨਰਲ ਇਜਲਾਸ ਵਿਚ ਸ਼ਾਮਲ ਹੋਏ। ਸਭ ਨੇ ਆਪਸੀ ਇਕਜੁਟਤਾ ਦਿਖਾਉਂਦਿਆਂ ਪੰਜਾਬ ਤੇ ਕੇਂਦਰ ਸਰਕਾਰ ਤੋਂ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਸੰਘਰਸ਼ ਵਿਚ ਪੂਰਾ ਸਾਥ ਦੇਣ ਦਾ ਪ੍ਰਣ ਲਿਆ। ਉਨ੍ਹਾਂ ਦੱਸਿਆ ਕਿ ਫੈੱਡਰੇਸ਼ਨ ਵੱਲੋਂ ਜੋ ਵੀ ਰਣਨੀਤੀ ਤਿਆਰ ਕੀਤੀ ਜਾਵੇਗੀ, ਉਸ ਦੇ ਅਨੁਸਾਰ ਸੰਘਰਸ਼ ਦੀ ਅਗਲੀ ਰੂਪਰੇਖਾ ਤਿਆਰ ਕੀਤੀ ਜਾਵੇਗੀ। ਫਗਵਾੜਾ ਤੋਂ ਰਵਾਨਾ ਹੋਏ ਜਥੇ ਵਿਚ ਤਰਸੇਮ ਸਿੰਘ ਭੋਗਲ, ਵਿਨੀਸ਼ ਸੂਦ, ਪ੍ਰਬੋਧ ਦੁੱਗਲ, ਪ੍ਰਵੇਸ਼ ਗੁਪਤਾ, ਮਨੀ ਵਾਹਦ, ਸਨੀ ਪੰਡਿਤ, ਅਰੁਣ ਕਲੂਚਾ, ਰਾਜੀਵ ਅਗਰਵਾਲ, ਦੀਪਕ ਅਗਰਵਾਲ, ਵਿਕੀ, ਸਨੀ, ਮਨਜੀਤ ਸਿੰਘ, ਬੇਦੀ ਦਲਾਲ ਆਦਿ ਸ਼ਾਮਲ ਸਨ।