ਟੈੱਟ ਦਾ ਵਿਵਹਾਰਿਕ ਹੱਲ ਕੱਢਿਆ ਜਾਵੇ : ਮਾਸਟਰ ਕੈਡਰ ਯੂਨੀਅਨ
ਟੈਟ ਦਾ ਨਿਆ ਪੂਰਨ ਅਤੇ ਵਿਵਹਾਰਿਕ ਹੱਲ ਕੱਢਿਆ ਜਾਵੇ: ਮਾਸਟਰ ਕੈਡਰ ਯੂਨੀਅਨ
Publish Date: Thu, 26 Feb 2026 07:18 PM (IST)
Updated Date: Thu, 26 Feb 2026 07:22 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਮਾਸਟਰ ਕੈਡਰ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ, ਜਿਲ੍ਹਾ ਪ੍ਰਧਾਨ ਨਰੇਸ਼ ਕੋਹਲੀ ਤੇ ਪੰਜਾਬ ਸੁਬਾਰਡੀਨੇਟਸ ਸਰਵਿਸਿਜ਼ ਫੈੱਡਰੇਸ਼ਨ ਦੇ ਆਗੂ ਧਰਮਿੰਦਰ ਮੱਲ੍ਹੀ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਸੂਬੇ ਵਿਚ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਅਧਿਆਪਕਾਂ ਵੱਲੋਂ ਟੀਚਰ ਯੋਗਤਾ ਟੈਸਟ (ਟੈੱਟ) ਨੂੰ ਸੇਵਾਵਾਂ ਦੇ ਰਹੇ ਅਧਿਆਪਕਾਂ ਲਈ ਲਾਜ਼ਮੀ ਬਣਾਉਣ ਦੇ ਮਾਮਲੇ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ 20-25 ਸਾਲਾਂ ਤੋਂ ਵੱਧ ਸਮੇਂ ਤੋਂ ਇਮਾਨਦਾਰੀ ਨਾਲ ਸੇਵਾ ਕਰ ਰਹੇ ਅਧਿਆਪਕਾਂ ਦੀ ਯੋਗਤਾ ਉਨ੍ਹਾਂ ਦੇ ਨਤੀਜਿਆਂ, ਤਜਰਬੇ ਤੇ ਸੇਵਾ ਰਿਕਾਰਡ ਰਾਹੀਂ ਪਹਿਲਾਂ ਹੀ ਸਾਬਤ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਟੈੱਟ ਮੁੱਖ ਤੌਰ ‘ਤੇ ਨਵੀਂ ਭਰਤੀ ਲਈ ਬਣਾਇਆ ਗਿਆ ਯੋਗਤਾ ਟੈਸਟ ਹੈ। ਦਹਾਕਿਆਂ ਤੋਂ ਸੇਵਾ ਕਰ ਰਹੇ ਅਧਿਆਪਕਾਂ ‘ਤੇ ਇਸਨੂੰ ਲਾਗੂ ਕਰਨਾ ਉਨ੍ਹਾਂ ਦੇ ਤਜਰਬੇ ਤੇ ਸਮਰਪਣ ਨੂੰ ਨਜ਼ਰਅੰਦਾਜ਼ ਕਰਨ ਦੇ ਬਰਾਬਰ ਹੈ। ਇਹ ਫੈਸਲਾ ਅਧਿਆਪਕ ਵਰਗ ਦੇ ਮਨੋਬਲ ‘ਤੇ ਨਕਾਰਾਤਮਕ ਅਸਰ ਪਾ ਸਕਦਾ ਹੈ। ਅਧਿਆਪਕਾਂ ਨੇ ਦਰਸਾਇਆ ਕਿ ਉਹ ਸਿਰਫ ਪੜ੍ਹਾਉਣ ਦੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ, ਸਗੋਂ ਚੋਣ ਡਿਊਟੀਆਂ, ਜਨਗਣਨਾ, ਵੱਖ-ਵੱਖ ਸਰਕਾਰੀ ਸਰਵੇ, ਸਿਹਤ ਮੁਹਿੰਮਾਂ, ਬੋਰਡ ਪ੍ਰੀਖਿਆਵਾਂ, ਮਿਡ-ਡੇ ਮੀਲ ਪ੍ਰਬੰਧ, ਐਨਰੋਲਮੈਂਟ ਮੁਹਿੰਮਾਂ ਤੇ ਵੱਖ-ਵੱਖ ਆਨਲਾਈਨ ਪੋਰਟਲਾਂ ਦੀ ਡਾਟਾ ਐਂਟਰੀ ਵਰਗੀਆਂ ਅਨੇਕਾਂ ਗੈਰ-ਅਕਾਦਮਿਕ ਡਿਊਟੀਆਂ ਵੀ ਸੰਭਾਲਦੇ ਹਨ। ਇਸ ਤੋਂ ਇਲਾਵਾ ਸਕੂਲ ਦੇ ਪ੍ਰਸ਼ਾਸਕੀ ਕੰਮ, ਰਿਕਾਰਡ ਸੰਭਾਲਣਾ ਤੇ ਨਵੀਆਂ ਯੋਜਨਾਵਾਂ ਦੀ ਲਾਗੂਆਤ ਵੀ ਅਧਿਆਪਕਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਖ਼ਾਸ ਕਰਕੇ ਪ੍ਰਾਈਮਰੀ ਤੇ ਐਲੀਮੈਂਟਰੀ ਸਕੂਲਾਂ ਵਿਚ ਅਧਿਆਪਕਾਂ ਨੂੰ ਸਕੂਲ ਦੀਆਂ ਗ੍ਰਾਂਟਾਂ ਦੀ ਯੋਜਨਾ ਬਣਾਉਣ, ਉਨ੍ਹਾਂ ਦੇ ਖਰਚ ਤੇ ਪੂਰੇ ਹਿਸਾਬ-ਕਿਤਾਬ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਪੈਂਦੀ ਹੈ। ਸਕੂਲ ਇਮਾਰਤਾਂ ਦੇ ਨਿਰਮਾਣ, ਮੁਰੰਮਤ ਤੇ ਹੋਰ ਢਾਂਚਾਗਤ ਕੰਮਾਂ ਦੀ ਦੇਖਭਾਲ ਲਈ ਵੱਖਰਾ ਤਕਨੀਕੀ ਸਟਾਫ਼ ਉਪਲਬਧ ਨਹੀਂ ਹੁੰਦਾ, ਜਿਸ ਕਾਰਨ ਇਹ ਸਾਰਾ ਭਾਰ ਵੀ ਅਧਿਆਪਕਾਂ ‘ਤੇ ਹੀ ਆ ਜਾਂਦਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਦਿਨ ਭਰ ਦੀਆਂ ਇਨ੍ਹਾਂ ਵਧੀਆਂ ਜ਼ਿੰਮੇਵਾਰੀਆਂ ਤੋਂ ਬਾਅਦ ਪਰਿਵਾਰਕ ਤੇ ਸਮਾਜਿਕ ਫਰਜ਼ ਵੀ ਨਿਭਾਉਣੇ ਪੈਂਦੇ ਹਨ। ਐਸੇ ਹਾਲਾਤਾਂ ਵਿਚ ਮੁੜ ਇਕ ਮੁਕਾਬਲਾਤੀ ਲਿਖਤੀ ਪ੍ਰੀਖਿਆ ਲਾਜ਼ਮੀ ਕਰਨਾ ਵਿਵਹਾਰਿਕ ਨਹੀਂ ਮੰਨਿਆ ਜਾ ਸਕਦਾ। ਜੇ ਮੁਲਾਂਕਣ ਦੀ ਲੋੜ ਹੈ, ਤਾਂ ਉਹ ਸੇਵਾ ਰਿਕਾਰਡ, ਨਤੀਜਿਆਂ ਤੇ ਲਗਾਤਾਰ ਕਾਰਗੁਜ਼ਾਰੀ ਦੇ ਆਧਾਰ ‘ਤੇ ਕੀਤਾ ਜਾਣਾ ਚਾਹੀਦਾ ਹੈ। ਅਧਿਆਪਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ 15–20 ਸਾਲਾਂ ਤੋਂ ਵੱਧ ਸਮੇਂ ਤੋਂ ਸੇਵਾ ਕਰ ਰਹੇ ਅਧਿਆਪਕਾਂ ਨੂੰ ਟੈੱਟ ਤੋਂ ਛੂਟ ਦਿੱਤੀ ਜਾਵੇ ਤੇ ਇਸ ਮਾਮਲੇ ‘ਚ ਗੱਲਬਾਤ ਰਾਹੀਂ ਨਿਆਂਪੂਰਨ ਤੇ ਵਿਵਹਾਰਿਕ ਹੱਲ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰਣਾਲੀ ਦੀ ਮਜ਼ਬੂਤੀ ਅਧਿਆਪਕ ਦੇ ਮਨੋਬਲ ਤੇ ਸਨਮਾਨ ਨਾਲ ਜੁੜੀ ਹੈ, ਇਸ ਲਈ ਕੋਈ ਵੀ ਫੈਸਲਾ ਲੈਂਦੇ ਸਮੇਂ ਇਸ ਪੱਖ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।