ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ’ਚ ਬਿਜ਼ਨੈੱਸ ਫੈਸਟ ਕਰਵਾਇਆ
ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ) ਫੱਤੂਢੀਂਗਾ ਦੇ ਕਾਮਰਸ ਵਿਭਾਗ ਵੱਲੋਂ ਸ਼ਾਨਦਾਰ ਬਿਜ਼ਨਸ ਫੈਸਟ ਦਾ ਆਯੋਜਨ
Publish Date: Sat, 28 Feb 2026 08:21 PM (IST)
Updated Date: Sat, 28 Feb 2026 08:22 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ) ਫੱਤੂਢੀਂਗਾ ਦੇ ਕਾਮਰਸ ਵਿਭਾਗ ਵੱਲੋਂ ਬਹੁਤ ਹੀ ਉਤਸ਼ਾਹ ਤੇ ਜੋਸ਼ ਨਾਲ ਬਿਜ਼ਨੈੱਸ ਫੈਸਟ ਦਾ ਸਫਲ ਆਯੋਜਨ ਕੀਤਾ ਗਿਆ। ਇਸ ਸਮਾਗਮ ਨੇ ਵਿਦਿਆਰਥਣਾਂ ਨੂੰ ਆਪਣੇ ਉਦਯੋਗਿਕ ਕੌਸ਼ਲ, ਰਚਨਾਤਮਕਤਾ ਤੇ ਪ੍ਰਯੋਗਾਤਮਕ ਵਪਾਰਕ ਸਮਝ ਨੂੰ ਪ੍ਰਗਟ ਕਰਨ ਲਈ ਵਿਲੱਖਣ ਮੰਚ ਪ੍ਰਦਾਨ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਅਕਾਲ ਅਕਾਦਮੀ ਇੰਟਰਨੈਸ਼ਨਲ ਸਕੂਲ, ਸੁਲਤਾਨਪੁਰ ਲੋਧੀ ਦੇ ਪ੍ਰਿੰਸੀਪਲ ਗਗਨਦੀਪ ਕੌਰ ਤੇ ਗੁਰੂ ਅਮਰਦਾਸ ਪਬਲਿਕ ਸਕੂਲ, ਉੱਚਾ ਦੇ ਪ੍ਰਿੰਸੀਪਲ ਸਾਕਸ਼ੀ ਚੋਪੜਾ ਜੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਜੀ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ। ਡਾ. ਖਹਿਰਾ ਨੇ ਮਹਿਮਾਨਾਂ ਦਾ ਸਨਮਾਨ ਕਰਦਿਆਂ ਕਾਮਰਸ ਵਿਭਾਗ ਦੀ ਇਸ ਸਰਾਹਣਯੋਗ ਪਹਿਲ ਦੀ ਪ੍ਰਸ਼ੰਸਾ ਕੀਤੀ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥਣਾਂ ਨੂੰ ਵਪਾਰਕ ਜਗਤ ਦੀ ਹਕੀਕਤ ਨਾਲ ਜੋੜਦੇ ਹਨ ਤੇ ਉਨ੍ਹਾਂ ਵਿਚ ਆਤਮਵਿਸ਼ਵਾਸ ਤੇ ਪ੍ਰਬੰਧਕੀ ਗੁਣ ਵਿਕਸਿਤ ਕਰਦੇ ਹਨ। ਬਿਜ਼ਨੈੱਸ ਫੈਸਟ ਦੌਰਾਨ ਵਿਦਿਆਰਥਣਾਂ ਵੱਲੋਂ ਵੱਖ-ਵੱਖ ਸਟਾਲ ਲਗਾਏ ਗਏ, ਜਿਥੇ ਉਨ੍ਹਾਂ ਨੇ ਮਾਰਕੀਟਿੰਗ, ਬਜਟ ਬਣਾਉਣ, ਗਾਹਕ ਸੰਭਾਲ ਤੇ ਵਿਕਰੀ ਰਣਨੀਤੀਆਂ ਵਰਗੀਆਂ ਗਤੀਵਿਧੀਆਂ ਰਾਹੀਂ ਆਪਣੀ ਕਲਾਸਰੂਮ ਸਿੱਖਿਆ ਨੂੰ ਹਕੀਕਤੀ ਅਨੁਭਵ ਵਿਚ ਬਦਲਿਆ। ਸਟਾਲਾਂ ‘ਤੇ ਉਨ੍ਹਾਂ ਦੀ ਮਿਹਨਤ, ਟੀਮ ਵਰਕ ਤੇ ਉਦਯੋਗਿਕ ਸੋਚ ਸਪਸ਼ਟ ਦਿਖਾਈ ਦਿੱਤੀ। ਵਿਸ਼ੇਸ਼ ਮਹਿਮਾਨਾਂ ਨੇ ਕਾਮਰਸ ਵਿਭਾਗ ਦੀ ਇਸ ਪਹਿਲ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਵਿਦਿਆਰਥਣਾਂ ਨੂੰ ਭਵਿੱਖ ਵਿਚ ਸਫਲ ਉਦਯੋਗਪਤੀ ਬਣਨ ਲਈ ਪ੍ਰੇਰਿਤ ਕਰਦੇ ਹਨ। ਸਮਾਗਮ ਦੇ ਅੰਤ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਜੇਤੂ ਵਿਦਿਆਰਥਣਾਂ ਨੂੰ ਮੁੱਖ ਮਹਿਮਾਨਾਂ ਤੇ ਪ੍ਰਿੰਸੀਪਲ ਸਾਹਿਬਾਨ ਵੱਲੋਂ ਇਨਾਮਾਂ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਸਮਾਗਮ ਦਾ ਸਮਾਪਤੀ ਉਤਸ਼ਾਹਪੂਰਕ ਮਾਹੌਲ ਵਿਚ ਹੋਈ ਤੇ ਇਹ ਬਿਜ਼ਨੈੱਸ ਫੈਸਟ ਵਿਦਿਆਰਥਣਾਂ ਲਈ ਪ੍ਰਯੋਗਾਤਮਕ ਸਿੱਖਿਆ ਦਾ ਇਕ ਯਾਦਗਾਰ ਅਨੁਭਵ ਸਾਬਤ ਹੋਇਆ।