- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਜਗਦੀਸ਼ ਮੁਨੀ ਜੀ ਮਹਾਰਾਜ ਦੇ 29ਵੇਂ ਪਾਵਨ ਸਮ੍ਰਿਤੀ ਦਿਵਸ ਮੌਕੇ ਪਿੰਡ ਖਾਟੀ ਵਿੱਚ ਸਮਾਗਮ ਕਰਵਾਇਆ

ਸ਼੍ਰੀ ਜਗਦੀਸ਼ ਮੁਨੀ ਜੀ ਮਹਾਰਾਜ ਦਾ 29ਵਾਂ ਸਮ੍ਰਿਤੀ ਦਿਵਸ ਮਨਾਇਆ
ਭਗਵਾਨ ਮਹਾਵੀਰ ਜੈਨ ਗਊਸ਼ਾਲਾ ਦਾ ਸ਼ੁਭਆਰੰਭ ਕੀਤਾ
ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਐੱਸਐੱਸ ਜੈਨ ਸਭਾ ਫਗਵਾੜਾ ਵੱਲੋਂ ਸ਼ਾਸਨ ਪ੍ਰਭਾਵਕ, ਉਪਪ੍ਰਵਰਤਕ ਪੰਡਿਤ ਰਤਨ ਪੂਜਨੀਕ ਗੁਰੁਦੇਵ ਸ਼੍ਰੀ ਜਗਦੀਸ਼ ਮੁਨੀ ਜੀ ਮਹਾਰਾਜ ਦਾ 29ਵਾਂ ਪਾਵਨ ਪੁੰਜ ਸਮ੍ਰਿਤੀ ਦਿਵਸ ਪਿੰਡ ਖਾਟੀ (ਖੁਰਮਪੁਰ), ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਸ਼ਰਧਾ ਅਤੇ ਭਗਤੀ ਭਾਵ ਨਾਲ ਮਨਾਇਆ ਗਿਆ। ਇਸ ਪਾਵਨ ਮੌਕੇ ’ਤੇ ਭਗਵਾਨ ਮਹਾਵੀਰ ਜੈਨ ਗਊਸ਼ਾਲਾ ਦਾ ਵੀ ਸ਼ੁਭ ਆਰੰਭ ਕੀਤਾ ਗਿਆ।
ਇਸ ਪਾਵਨ ਸਮਾਗਮ ਦੌਰਾਨ ਆਗਮ ਗਿਆਤਾ, ਆਗਮ ਪੁਰਸ਼, ਜਿਨ ਸ਼ਾਸਨ ਰਤਨ, ਹਿਮਾਚਲ ਕੇਸਰੀ ਉਪਾਧਿਆਏ ਭਗਵਾਨ ਸ਼ਰਧੇਯ ਗੁਰੁਦੇਵ ਸ਼੍ਰੀ ਜਿਤੇਂਦਰ ਮੁਨੀ ਜੀ ਮਹਾਰਾਜ, ਉਗ੍ਰ ਤਪਸਵੀ, ਆਦਰਸ਼ ਸੇਵਾਭਾਵੀ ਤਪ ਸ਼ਿਰੋਮਣੀ ਸ਼ਰਧੇਯ ਗੁਰੁਦੇਵ ਸ਼੍ਰੀ ਰਮਣ ਮੁਨੀ ਜੀ ਮਹਾਰਾਜ, ਤਪਸਵੀ ਰਤਨ ਸ਼ਰਧੇਯ ਸ਼੍ਰੀ ਪ੍ਰਭਵ ਮੁਨੀ ਜੀ ਮਹਾਰਾਜ, ਵਾਣੀ ਭੂਸ਼ਣ ਵਿਆਕਰਣਾਚਾਰਯ ਸ਼ਰਧੇਯ ਸ਼੍ਰੀ ਪ੍ਰਭਾਸ ਮੁਨੀ ਜੀ ਮਹਾਰਾਜ, ਸੇਵਾਭਾਵੀ ਸ਼ਰਧੇਯ ਸ਼੍ਰੀ ਪ੍ਰਸ਼ਮਿਤ ਮੁਨੀ ਜੀ ਮਹਾਰਾਜ ਅਤੇ ਵਿਦਿਆਭਿਲਾਸੀ ਸ਼ਰਧੇਯ ਸ਼੍ਰੀ ਸੁਪ੍ਰਭ ਮੁਨੀ ਜੀ ਮਹਾਰਾਜ ਨੇ ਸ਼ਰਧਾਲੂਆਂ ਨੂੰ ਮੰਗਲ ਦਰਸ਼ਨ ਅਤੇ ਪ੍ਰਭਾਵਸ਼ਾਲੀ ਪ੍ਰਵਚਨਾਂ ਰਾਹੀਂ ਅਭਿਭੂਤ ਕੀਤਾ।
ਸੰਤ ਮਹਾਰਾਜਾਂ ਨੇ ਆਪਣੇ ਪ੍ਰਵਚਨਾਂ ਵਿਚ ਕਿਹਾ ਕਿ ਪੂਜਨੀਕ ਗੁਰੁਦੇਵ ਸ਼੍ਰੀ ਜਗਦੀਸ਼ ਮੁਨੀ ਜੀ ਮਹਾਰਾਜ ਦਾ ਸੰਪੂਰਨ ਜੀਵਨ ਤਪ, ਤਿਆਗ, ਅਹਿੰਸਾ ਅਤੇ ਮਾਨਵ ਕਲਿਆਣ ਨੂੰ ਸਮਰਪਿਤ ਰਿਹਾ। ਉਨ੍ਹਾਂ ਵੱਲੋਂ ਦੱਸੇ ਮਾਰਗ ’ਤੇ ਚਲ ਕੇ ਹੀ ਸਮਾਜ ਵਿਚ ਨੈਤਿਕ ਮੁੱਲਾਂ ਦੀ ਸਥਾਪਨਾ ਸੰਭਵ ਹੈ। ਉਨ੍ਹਾਂ ਭਗਵਾਨ ਮਹਾਵੀਰ ਦੇ ਸਿਧਾਂਤਾਂ ਨੂੰ ਅਪਣਾਉਣ, ਜੀਵ ਦਇਆ, ਸੇਵਾ ਅਤੇ ਸਦਾਚਾਰ ਨੂੰ ਜੀਵਨ ਦਾ ਆਧਾਰ ਬਣਾਉਣ ਦਾ ਸੱਦਾ ਦਿੱਤਾ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ, ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਸ਼ਾਮਲ ਹੋਏ। ਸਭਦਾ ਸਵਾਗਤ ਸ਼੍ਰੀ ਲਲਿਤ ਜੈਨ ਵੱਲੋਂ ਕੀਤਾ ਗਿਆ। ਝੰਡੇ ਦੀ ਰਸਮ ਦਾਨਵੀਰ ਭਾਮਾਸ਼ਾਹ ਮਾਨਵਰਤਨ ਸ਼੍ਰੀ ਰਾਜਕੁਮਾਰ ਜੈਨ ਵੱਲੋਂ ਅਦਾ ਕੀਤੀ ਗਈ। ਸਮਾਰੋਹ ਦੀ ਅਗਵਾਈ ਪਰਮ ਗੁਰੁਭਕਤ ਸ਼੍ਰੀ ਵਰਿੰਦਰ ਕੁਮਾਰ ਯੋਗੇਸ਼ ਜੈਨ ਅਤੇ ਆਰਵ ਜੈਨ ਜਗਰਾਉਂ ਵੱਲੋਂ ਕੀਤੀ ਗਈ। ਗੌਤਮ ਪ੍ਰਸਾਦੀ ਪਰਮ ਗੁਰੁਭਕਤ ਸਮਾਜ ਸੇਵੀ ਸ਼੍ਰੀ ਵਿਪਨ ਜੈਨ ਨੇ ਕੀਤੀ। ਹੋਰ ਮਹਿਮਾਨਾਂ ਵਿਚ ਸ਼੍ਰੀ ਵਿਸ਼ਵਾ-ਨੀਲਮ ਜੈਨ, ਸੁਸ਼ੀਲ ਜੈਨ, ਬਲਤੇਜ ਸਿੰਘ ਢਿੱਲੋਂ, ਪ੍ਰਫੁੱਲ ਜੈਨ (ਪ੍ਰਧਾਨ ਐੱਸਐੱਸ ਜੈਨ ਮਹਾਸਭਾ ਪੰਜਾਬ–ਉੱਤਰੀ ਭਾਰਤ) ਅਤੇ ਰਾਮ ਸਿੰਘ ਰਾਣਾ ਗੋਲਡਨ ਹਟ ਨੇ ਹਾਜ਼ਰੀ ਭਰੀ।
ਸਮਾਗਮ ਦੇ ਆਯੋਜਕ ਅਤੇ ਐੱਸਐੱਸ ਜੈਨ ਸਭਾ ਫਗਵਾੜਾ ਸ਼ਾਖਾ ਦੇ ਚੇਅਰਮੈਨ ਕੀਮਤੀ ਲਾਲ ਜੈਨ, ਪ੍ਰਧਾਨ ਮਹਿੰਦਰ ਜੈਨ, ਉਪ ਪ੍ਰਧਾਨ ਰਵੀ ਜੈਨ, ਮਹਾਮੰਤਰੀ ਰਜਨੀਸ਼ ਜੈਨ, ਮੰਤਰੀ ਅਨੁਜ ਜੈਨ ਅਤੇ ਖਜ਼ਾਨਚੀ ਨਰੇਸ਼ ਜੈਨ ਵੱਲੋਂ ਸਾਰੇ ਸੰਤ ਮਹਾਤਮਾਂ, ਤੇ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਲਾਰਡ ਮਹਾਵੀਰਾ ਜੈਨ ਪਬਲਿਕ ਸਕੂਲ, ਸ਼੍ਰੀ ਮਹਾਵੀਰ ਜੈਨ ਮਾਡਲ ਸੀਸੈ ਸਕੂਲ, ਸ਼੍ਰੀ ਮਹਾਵੀਰ ਜੈਨ ਮਾਡਲ ਸਕੂਲ, ਜੈਨ ਪੂਜ ਮੇਘ ਰਿਸ਼ੀ ਚੈਰੀਟੇਬਲ ਡਿਸਪੈਂਸਰੀ, ਜੈਨ ਮਹਿਲਾ ਮੰਡਲ, ਸੀਤਾ ਤਰੁਣੀ ਮੰਡਲ ਅਤੇ ਜੈਨ ਵੀਰ ਮੰਡਲ ਦੇ ਪ੍ਰਤੀਨਿਧੀਆਂ ਸਮੇਤ ਵੱਡੀ ਗਿਣਤੀ ਵਿਚ ਜੈਨ ਸਮਾਜ ਦੇ ਸ਼ਰਧਾਲੂ, ਵਿਅਕਤੀ ਅਤੇ ਸਥਾਨਕ ਨਿਵਾਸੀ ਹਾਜ਼ਰ ਸਨ।
ਜੈਨ ਧਰਮ ਨੇ ਸੰਸਾਰ ਨੂੰ ਸ਼ਾਂਤੀ, ਸਦਭਾਵ ਅਤੇ ਭਾਈਚਾਰੇ ਦਾ ਮਾਰਗ ਵਿਖਾਇਆ : ਸੋਮ ਪ੍ਰਕਾਸ਼
ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਭਗਵਾਨ ਮਹਾਵੀਰ ਦੇ ਸਿਧਾਂਤਾਂ ’ਤੇ ਆਧਾਰਿਤ ਜੈਨ ਧਰਮ ਸੰਸਾਰ ਨੂੰ ਸ਼ਾਂਤੀ, ਸਦਭਾਵ ਅਤੇ ਭਾਈਚਾਰੇ ਦਾ ਮਾਰਗ ਦਿਖਾਉਂਦਾ ਹੈ। ਭਗਵਾਨ ਮਹਾਵੀਰ ਜੈਨ ਗਊਸ਼ਾਲਾ ਦਾ ਸ਼ੁਭ ਆਰੰਭ ਜੀਵ ਦਇਆ, ਪਰਿਆਵਰਣ ਸੰਰਖਣ ਅਤੇ ਮਨੁੱਖੀ ਸੰਵੇਦਨਾਵਾਂ ਨੂੰ ਮਜ਼ਬੂਤ ਕਰਨ ਵੱਲ ਇਕ ਸਰਾਹਣਯੋਗ ਕਦਮ ਹੈ।
ਗਊਸ਼ਾਲਾ ਜੀਵ ਦਇਆ ਅਤੇ ਕਰੁਣਾ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ : ਡਾ. ਚੱਬੇਵਾਲ
ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਸੰਤ-ਮਹਾਪੁਰਸ਼ਾਂ ਦੇ ਵਿਚਾਰਾਂ ਨੂੰ ਅਪਣਾ ਕੇ ਹੀ ਇਕ ਸਾਫ਼, ਨਸ਼ਾਮੁਕਤ ਅਤੇ ਖੁਸ਼ਹਾਲ ਸਮਾਜ ਦੀ ਰਚਨਾ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਮਹਾਵੀਰ ਜੈਨ ਗਊਸ਼ਾਲਾ ਦਾ ਉਦਘਾਟਨ ਜੀਵ ਦਇਆ ਅਤੇ ਕਰੁਣਾ ਦੀ ਦਿਸ਼ਾ ਵਿਚ ਇਕ ਚੰਗਾ ਕਦਮ ਹੈ।
ਸਿੱਖਿਆ, ਸਿਹਤ, ਲੋਕ ਸੇਵਾ ਅਤੇ ਸਮਾਨਤਾ ਨੂੰ ਤਰਜੀਹ ਦੇ ਰਹੀ ਸਰਕਾਰ : ਡਾ. ਰਵਜੋਤ
ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੰਤਾਂ ਵੱਲੋਂ ਵਿਖਾਏ ਮਾਰਗ ’ਤੇ ਚਲਦਿਆਂ ਲੋਕ ਸੇਵਾ, ਸਿੱਖਿਆ, ਸਿਹਤ ਅਤੇ ਸਮਾਜਿਕ ਸਮਾਨਤਾ ਨੂੰ ਪਹਿਲ ਦੇ ਰਹੀ ਹੈ। ਉਨ੍ਹਾਂ ਨੇ ਜੈਨ ਸਮਾਜ ਵੱਲੋਂ ਚਲਾਈਆਂ ਜਾ ਰਹੀਆਂ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਅਤੇ ਸਿੱਖਿਆ ਦੇ ਖੇਤਰ ਵਿਚ ਦਿੱਤੇ ਜਾ ਰਹੇ ਯੋਗਦਾਨ ਦੀ ਭਰਪੂਰ ਸਰਾਹਨਾ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਫਗਵਾੜਾ ਦੇ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਨੇ ਵੀ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ।