ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ’ਚ ਮਨਾਇਆ ਰਾਸ਼ਟਰੀ ਯੁਵਾ ਦਿਵਸ
ਰਾਸ਼ਟਰੀ ਯੁਵਾ ਦਿਵਸ ਮੌਕੇ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਿਖੇ ਸਮਾਗਮ ਕਰਵਾਇਆ
Publish Date: Sun, 11 Jan 2026 08:47 PM (IST)
Updated Date: Sun, 11 Jan 2026 08:48 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰਾਸ਼ਟਰੀ ਯੁਵਾ ਦਿਵਸ ਦੇ ਮੌਕੇ ’ਤੇ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਸ਼ਾਖਾ ਕਪੂਰਥਲਾ ਨੇ ਸੰਸਥਾਨ ਦੇ ਬੋਧ ਪ੍ਰੋਜੈਕਟ ਸਹਿਯੋਗ ਨਾਲ, ਸੰਕਲਪ ਮੁਹਿੰਮ ਦੇ ਤਹਿਤ ਦਿ ਰੀਅਲ ਹੀਰੋਜ਼ , ਇਕ ਸੱਚੀ ਯੁਵਾ ਸ਼ਕਤੀ ਅਤੇ ਵੀਰਤਾ ਦਾ ਜਸ਼ਨ ਸਿਰਲੇਖ ਹੇਠ ਇਕ ਕਾਰਜਕ੍ਰਮ ਦਾ ਆਯੋਜਨ ਕੀਤਾ। ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਗੁਰਪ੍ਰੀਤ ਭਾਰਤੀ ਨੇ ਦੱਸਿਆ ਕਿ ਭਾਰਤ ਦੇ ਪਹਿਲੇ ਯੁਵਾ ਆਦਰਸ਼, ਸਵਾਮੀ ਵਿਵੇਕਾਨੰਦ ਦੇ ਜੀਵਨ ਤੇ ਇਕ ਨਾਟਕ ਦਾ ਮੰਚਨ ਕਰਕੇ, ਸਮਾਜ ਨੂੰ ਇਕ ਦੇਸ਼ ਭਗਤ ਤੇ ਗੁਰੂ ਭਗਤ ਦੀ ਪਰਿਭਾਸ਼ਾ ਤੋਂ ਜਾਣੂ ਕਰਵਾਇਆ ਗਿਆ। ਸਵਾਮੀ ਵਿਵੇਕਾਨੰਦ ਜਿਨ੍ਹਾਂ ਨੇ ਵਿਦੇਸ਼ੀ ਧਰਤੀ ਤੇ ਵੀ ਆਪਣੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਚੁੱਕਿਆ ਸੀ ਤੇ ਭਾਰਤੀ ਸੰਸਕ੍ਰਿਤੀ ਬਾਰੇ ਕਿਹਾ ਸੀ ਕਿ ਇਕ ਸਮਾਂ ਆਵੇਗਾ ਭਾਰਤ ਫਿਰ ਤੋਂ ਜਗਤਗੁਰੂ ਕਹਾਏਗਾ। ਭਾਰਤ ਆਤਮ-ਸ਼ਕਤੀ ਦਾ ਕੇਂਦਰ ਬਣੇਗਾ। ਉਨ੍ਹਾਂ ਦੇ ਇਹ ਵਿਚਾਰ ਸਿਰਫ਼ ਵਿਵਹਾਰਿਕ ਸੰਕਲਪਾਂ ਤੇ ਨਹੀਂ ਸਗੋਂ ਬ੍ਰਹਮ ਗਿਆਨ ਦੁਆਰਾ ਪਰਮਾਤਮਾ ਦੇ ਦਰਸ਼ਨ ਤੇ ਅਧਾਰਿਤ ਸੀ, ਜੋ ਉਨ੍ਹਾਂ ਦੇ ਗੁਰੂ, ਸਵਾਮੀ ਰਾਮਕ੍ਰਿਸ਼ਨ ਪਰਮਹੰਸ ਜੀ ਦੀ ਪੂਰੀ ਤਰਾਂ ਪਰਖ ਦੁਆਰਾ ਪ੍ਰਾਪਤ ਕੀਤਾ ਗਿਆ ਸੀ। ਸਾਧਵੀ ਨਿਧੀ ਭਾਰਤੀ ਨੇ ਕਿਹਾ ਸੰਸਾਰਿਕ ਸੁੱਖ ਸਹੂਲਤਾਂ ਤੋਂ ਵਾਂਝੇ ਹੋਣ ਦੇ ਬਾਵਜੂਦ, ਉਨ੍ਹਾਂ ਕਦੇ ਵੀ ਆਪਣੀ ਆਤਮਿਕ ਆਨੰਦ ਦੀ ਯਾਤਰਾ ਨੂੰ ਨਹੀਂ ਰੋਕਿਆ। ਅੱਜ ਦੀ ਨੌਜਵਾਨ ਪੀੜ੍ਹੀ ਸੁੱਖ ਪ੍ਰਾਪਤ ਕਰਨ ਲਈ ਬਹੁਤ ਸਾਰੇ ਗਲਤ ਤਰੀਕੇ ਚੁਣਦੀ ਹੈ, ਕੁਝ ਨਸ਼ੇ ਵਿਚ ਸੁੱਖ ਭਾਲਦੇ ਹਨ, ਕੁਝ ਕਾਮ-ਵਾਸਨਾ ਵਿਚ ਫਸ ਜਾਂਦੇ ਹਨ, ਕੁਝ ਸਿਰਫ ਜ਼ਿਆਦਾ ਪੈਸੇ ਵਿਚ ਖੁਸ਼ੀ ਇਕੱਠੀ ਕਰਨਾ ਚਾਹੁੰਦੇ ਹਨ। ਇਹ ਤ੍ਰਾਸਦੀ ਹੈ ਕਿ ਇਹ ਸਮਝ ਹੀ ਨਹੀਂ ਪਾਉਂਦੇ ਅਸਲ ਸੁੱਖ ਅਤੇ ਖੁਸ਼ੀ ਦਾ ਅਨੁਭਵ ਅੰਤਰ ਯਾਤਰਾ ਤੋਂ ਬਿਨਾ ਨਹੀਂ ਕੀਤਾ ਜਾ ਸਕਦਾ। ਸਾਡੇ ਦੇਸ਼ ਦੇ ਨੌਜਵਾਨ ਸੰਤ, ਕ੍ਰਾਂਤੀਕਾਰੀ ਅਤੇ ਦੇਸ਼ ਭਗਤ ਸਾਡੇ ਅਸਲ ਰੋਲ ਮਾਡਲ ਹੋਣੇ ਚਾਹੀਦੇ ਹਨ, ਜਿਨ੍ਹਾਂ ਦਾ ਜੀਵਨ ਦਾ ਫਲਸਫਾ ਸਾਨੂੰ ਦੱਸਦਾ ਹੈ ਕਿ ਜੀਵਨ ਦੀ ਅਸਲੀਅਤ ਅਤੇ ਪ੍ਰਾਪਤੀਆਂ ਕੀ ਹਨ ਅਤੇ ਕਿਵੇਂ ਪ੍ਰਾਪਤ ਹੁੰਦੀਆਂ ਹਨ। ਸਾਧਵੀ ਰਿਤੂ ਜੀ ਨੇ ਦੱਸਿਆ ਕਿ ਦੇਸ਼ ਭਗਤੀ ਨਾਲ ਭਰਪੂਰ ਇਸ ਪ੍ਰੋਗਰਾਮ ਦਾ ਸਮਾਪਨ ਇਕ ਭਾਵਪੂਰਨ ਦੇਸ਼ ਭਗਤੀ ਨ੍ਰਿਤ ਨਾਲ ਹੋਇਆ। ਨੌਜਵਾਨਾਂ ਨੂੰ ਧਰਮ ਅਤੇ ਦੇਸ਼ ਭਗਤੀ ਪ੍ਰਤੀ ਪ੍ਰੇਰਿਤ ਕਰਨ ਲਈ ਗਤੀਵਿਧੀਆਂ ਅਤੇ ਪ੍ਰਦਰਸ਼ਨੀਆਂ ਵੀ ਆਯੋਜਿਤ ਕੀਤੀਆਂ ਗਈਆਂ। ਵੱਡੀ ਗਿਣਤੀ ਵਿਚ ਆਏ ਦਰਸ਼ਕਾਂ ਨੇ ਪ੍ਰੋਗਰਾਮ ਦੀ ਬਹੁਤ ਪ੍ਰਸ਼ੰਸਾ ਕੀਤੀ ਨਾਲ ਹੀ ਸਦਮਾਰਗ ’ਤੇ ਚੱਲਣ ਦਾ ਸੰਕਲਪ ਵੀ ਲਿਆ।