649ਵੇਂ ਗੁਰਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ
ਮੁਹੱਲਾ ਸ਼ਹੀਦ ਭਗਤ ਸਿੰਘ ਨਗਰ ਖੋਥੜਾਂ ਰੋਡ ਫਗਵਾੜਾ ਵਿਖੇ ਸ਼ਰਧਾ ਨਾਲ ਕਰਵਾਇਆ 649ਵੇਂ ਗੁਰਪੁਰਬ ਨੂੰ ਸਮਰਪਿਤ ਸਮਾਗਮ
Publish Date: Mon, 09 Feb 2026 06:42 PM (IST)
Updated Date: Mon, 09 Feb 2026 06:44 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੀ ਗੁਰੂ ਰਵਿਦਾਸ ਮਿਸ਼ਨ ਐਂਡ ਵੈੱਲਫੇਅਰ ਕਮੇਟੀ (ਰਜਿ.) ਖੋਥੜਾਂ ਰੋਡ ਫਗਵਾੜਾ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਮੁਹੱਲਾ ਸ਼ਹੀਦ ਭਗਤ ਸਿੰਘ ਨਗਰ ਖੋਥੜਾ ਰੋਡ ਫਗਵਾੜਾ ਵਿਖੇ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਵੇਰੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਰੁਪਿੰਦਰ ਸਿੰਘ ਰੂਪ ਲੁਧਿਆਣਾ ਵਾਲੇ ਤੇ ਰਾਮਪਾਲ ਬੰਗਾ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਸਮਾਗਮ ਦੌਰਾਨ ਮੁੱਖ ਬੁਲਾਰੇ ਵਜੋਂ ਰੂਪ ਲਾਲ ਰੂਪ ਰਿਟਾ. ਜ਼ਿਲ੍ਹਾ ਸਿੱਖਿਆ ਅਫਸਰ ਪਹੁੰਚੇ। ਉਨ੍ਹਾਂ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਤੇ ਫਲਸਫੇ ਬਾਰੇ ਵਢਮੁੱਲੇ ਵਿਚਾਰ ਸਾਂਝੇ ਕੀਤੇ ਤੇ ਸੰਗਤਾਂ ਨੂੰ ਗੁਰੂ ਸਾਹਿਬ ਦੀ ਬਾਣੀ ਤੋਂ ਸੇਧ ਲੈਣ ਦੀ ਪੁਰਜ਼ੋਰ ਅਪੀਲ ਕੀਤੀ। ਕਮੇਟੀ ਪ੍ਰਧਾਨ ਹਰਭਜਨ ਲਾਲ ਨੇ ਸਮੂਹ ਪਤਵੰਤਿਆਂ ਤੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਪਹੁੰਚਣ ਲਈ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਨੇ ਉਸਾਰੀ ਅਧੀਨ ਸ਼੍ਰੀ ਗੁਰੂ ਰਵਿਦਾਸ ਭਵਨ ਦੀ ਉਸਾਰੀ ਲਈ ਵੱਧ ਤੋਂ ਵੱਧ ਸਹਿਯੋਗ ਲਈ ਸੰਗਤਾਂ ਨੂੰ ਅਪੀਲ ਵੀ ਕੀਤੀ। ਪ੍ਰਮੁੱਖ ਸ਼ਖਸੀਅਤਾਂ, ਸਹਿਯੋਗੀਆਂ ਤੇ ਸੇਵਾਦਾਰਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ। ਚਾਹ-ਪਕੌੜੇ ਤੇ ਲੰਗਰ ਦੀ ਸੇਵਾ ਸੇਵਾਦਾਰਾਂ ਵੱਲੋਂ ਅਤੁੱਟ ਵਰਤਾਈ ਗਈ। ਇਸ ਮੌਕੇ ਚੇਤ ਰਾਮ, ਮਹਿੰਦਰ ਰਾਮ ਗੱਡੂ, ਦੀਦਾਰ ਸਿੰਘ, ਭੁਪਿੰਦਰ ਸਿੰਘ, ਚਰਨਜੀਤ ਸਿੰਘ, ਸੰਤੋਖ ਸੱਲ੍ਹਣ, ਅਸ਼ੋਕ ਕੁਲਥਮ, ਬਲਵੀਰ ਚੰਦ, ਮਦਨ ਲਾਲ ਸਾਬਕਾ ਕੌਂਸਲਰ, ਅਨੀਤਾ ਰਾਣੀ ਕੌਂਸਲਰ, ਗੁਰਪ੍ਰੀਤ ਕੌਰ ਜੰਡੂ ਕੌਂਸਲਰ, ਅਮਨਦੀਪ ਕੌਰ ਕੌਂਸਲਰ, ਹਰਮੇਸ਼ ਬੰਗਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।