ਪ੍ਰਕਾਸ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ
ਪ੍ਰਕਾਸ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ
Publish Date: Tue, 03 Feb 2026 07:43 PM (IST)
Updated Date: Tue, 03 Feb 2026 07:47 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ, ਮਹਾਨ ਤਪੱਸਵੀ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਦੇ ਤਪ ਅਸਥਾਨ ਤੇ ਉਨ੍ਹਾਂ ਵੱਲੋਂ ਵਰੋਸਾਏ ਗੁਰਦੁਆਰਾ ਸਾਹਿਬ ਸ਼੍ਰੀ ਹਰਗੋਬਿੰਦਗੜ੍ਹ ਭੋਗ ਪੁਰ ਸਾਹਿਬ ਵਿਖੇ ਵੱਖ-ਵੱਖ ਸਥਾਨਾਂ ਤੋਂ ਆ ਕੇ ਸੰਗਤਾਂ ਆਪਣੀਆਂ ਮੰਗਾਂ ਅਨੁਸਾਰ ਤੇ ਪੂਰੀਆਂ ਹੋਈਆਂ ਆਸਾਂ ਮੁਰਾਦਾਂ ਅਨੁਸਾਰ ਵਾਹਿਗੁਰੂ ਪਰਮਾਤਮਾ ਦੇ ਸ਼ੁਕਰਾਨੇ ਲਈ ਸ਼੍ਰੀ ਅਖੰਡ ਪਾਠ ਕਰਵਾਉਂਦੀਆਂ ਹਨ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਮਹਾਨ ਪ੍ਰਕਾਸ਼ ਪੁਰਬ ’ਤੇ ਵੱਖ-ਵੱਖ ਪਰਿਵਾਰਾਂ ਵੱਲੋਂ ਅਰੰਭ ਕਰਵਾਏ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਗਿਆਨੀ ਮਨਜੀਤ ਸਿੰਘ ਵੱਲੋਂ ਸਰਬੱਤ ਦੇ ਭਲੇ ਤੇ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਗਈ। ਉਪਰੰਤ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਪ੍ਰਮੇਸ਼ਰ ਸਿੰਘ ਜੀ ਨੇ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੰਦਿਆਂ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦਿਆਂ ਕਿਹਾ ਕਿ ਸਾਨੂੰ ਸਭ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਚੱਲਦਿਆਂ ਕਿਸੇ ਵੀ ਤਰ੍ਹਾਂ ਦੇ ਭਿੰਨ-ਭੇਦ ਤੋਂ ਉੱਪਰ ਉੱਠ ਕੇ ਸਭ ਇਨਸਾਨਾਂ ਨਾਲ ਇਕ ਸਮਾਨ ਵਿਵਹਾਰ ਕਰਨਾ ਚਾਹੀਦਾ ਹੈ ਤਾਂ ਜੋ ਸੰਗਤਾਂ ਵਿਚ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਖ਼ਤਮ ਹੋਵੇ ਤੇ ਆਪਸੀ ਪਿਆਰ ਤੇ ਸਾਂਝਾਂ ਵਧ ਸਕਣ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਨੇ ਪ੍ਰਮਾਤਮਾ ਦੇ ਸਿਮਰਨ ਦੇ ਨਾਲ ਨਾਲ ਹੱਥੀਂ ਕਿਰਤ ਕਰਕੇ ਸਾਨੂੰ ਕਿਰਤੀ ਇਨਸਾਨ ਬਣਨ ਦਾ ਸੰਦੇਸ਼ ਦਿੱਤਾ ਹੈ, ਜਿਸ ’ਤੇ ਚੱਲ ਕੇ ਕੋਈ ਵੀ ਇਨਸਾਨ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ ਤੇ ਆਤਮ ਨਿਰਭਰ ਬਣ ਸਕਦਾ ਹੈ। ਉਨ੍ਹਾਂ ਵੱਲੋਂ ਸਮੂਹ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਅਪੀਲ ਵੀ ਕੀਤੀ ਗਈ। ਉਪਰੰਤ ਪੰਥ ਪ੍ਰਸਿੱਧ ਢਾਡੀ ਹਰਦੀਪ ਸਿੰਘ ਸੰਗਤਪੁਰ ਦੇ ਜਥੇ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਸੰਗ ਸੰਗਤਾਂ ਨੂੰ ਸਰਵਣ ਕਰਵਾਏ ਗਏ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਆਸ਼ੇ ਅਨੁਸਾਰ ਚੱਲਦਿਆਂ ਛੋਟੇ-ਵੱਡੇ ਇਨਸਾਨ ਦਾ ਵਿਤਕਰਾ ਖਤਮ ਕਰਦਿਆਂ ਇਕਸਮਾਨ ਵਿਚਰਨਾ ਤੇ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਅਸਲ ਪ੍ਰਸੰਨਤਾ ਹਾਸਲ ਕਰ ਸਕੀਏ। ਇਸ ਮੌਕੇ ’ਤੇ ਇਲਾਕੇ ਦੀਆਂ ਬਹੁਤ ਸਾਰੀਆਂ ਸੰਗਤਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤੇ ਗਏ।