ਨਿਰਮਲ ਕੁਟੀਆ ’ਚ ਧਾਰਮਿਕ ਸਮਾਗਮ ਕਰਵਾਇਆ
ਨਿਰਮਲ ਕੁਟੀਆ ਵਿਖੇ ਹੋਲੇ ਮਹੱਲੇ ਅਤੇ ਸੰਗਰਾਂਦ ਨੂੰ ਸਮਰਪਿਤ ਸਮਾਗਮ ਕਰਵਾਇਆ
Publish Date: Sat, 14 Mar 2026 07:23 PM (IST)
Updated Date: Sat, 14 Mar 2026 07:27 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪਿੰਡ ਪੰਡਵਾ ਫਗਵਾੜਾ ਵਿਖੇ ਹੋਲੇ ਮਹੱਲੇ ਤੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵੇਂ ਸਾਲ ਸੰਮਤ 558 ਦੇ ਆਗਮਨ ਦੀ ਖੁਸ਼ੀ ਤੇ ਚੇਤ ਮਹੀਨੇ ਸੰਗਰਾਂਦ ਦੇ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਸ਼੍ਰੀਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ ਮਹਾਰਾਜ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੇ ਸੰਗਤਾਂ ਨੇ ਵੱਡੀ ਗਿਣਤੀ ’ਚ ਸਮਾਗਮ ਵਿਚ ਸ਼ਿਰਕਤ ਕੀਤੀ। ਜਾਣਕਾਰੀ ਦਿੰਦਿਆਂ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪਿੰਡ ਪੰਡਵਾ ਦੇ ਮੁੱਖ ਸੰਚਾਲਕ ਸ੍ਰੀਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ ਮਹਾਰਾਜ ਨੇ ਦੱਸਿਆ ਕਿ ਮਿਤੀ 12 ਮਾਰਚ ਦਿਨ ਵੀਰਵਾਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਜਾਪਾਂ ਦੀਆਂ ਲੜੀਆਂ ਆਰੰਭ ਕੀਤੀਆਂ ਗਈਆਂ ਸਨ ਤੇ ਮਿਤੀ 14 ਮਾਰਚ ਦਿਨ ਸ਼ਨੀਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪਾਂ ਦੀਆਂ ਲੜੀਆਂ ਦੇ ਭੋਗ ਉਪਰੰਤ ਸਜੇ ਦੀਵਾਨਾਂ ਵਿਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਕੀਰਤਨੀ ਜਥੇ ਬਾਬਾ ਲਵਪ੍ਰੀਤ ਸਿੰਘ ਜੀ ਖਾਲਸਾ ਪੰਜ ਗਰਾਈ ਕਲਾ ਵਾਲਿਆਂ ਨੇ ਸਿੱਧੀਆਂ ਧਾਰਨਾਵਾਂ ਨਾਲ ਗੁਰ ਇਤਿਹਾਸ ਦੀ ਵਿਆਖਿਆ ਕੀਤੀ। ਸਮਾਗਮ ਵਿਚ ਤਤਵੇਤੇ ਖੱਟ ਦਰਸ਼ਨ ਨਿਰਮਲ ਭੇਖ ਸਾਧੂ ਸੰਤ ਸਮਾਜ ਦੇ ਸਮੂਹ ਮਹਾਂਪੁਰਖਾਂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਤੇ ਆਈਆਂ ਸੰਗਤਾਂ ਨਾਲ ਕਥਾ-ਵਿਚਾਰਾਂ ਦੀ ਸਾਂਝ ਪਾਈ। ਉਪਰੰਤ ਸ੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਵੱਲੋਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵੇਂ ਸਾਲ ਸੰਮਤ 558 ਦੇ ਆਗਮਨ ਦੀ ਖੁਸ਼ੀ ਤੇ ਚੇਤ ਮਹੀਨੇ ਸੰਗਰਾਂਦ ਦੇ ਦਿਹਾੜੇ ਦੀ ਵਿਆਖਿਆ ਕੀਤੀ ਗਈ। ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਗੁਰੂ ਵਾਲੇ ਬਣਨ, ਗੁਰਬਾਣੀ ਪੜ੍ਹਨ-ਸੁਣਨ ਲਈ ਪ੍ਰੇਰਿਆ। ਸਟੇਜ ਸਕੱਤਰ ਦੀ ਸੇਵਾ ਸੰਤ ਗੁਰਲਾਲ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ।