ਨਡਾਲਾ ’ਚ “ਯੁੱਧ ਨਸ਼ੇ ਵਿਰੁੱਧ” ਮੁਹਿੰਮ ਤਹਿਤ ਪੈਦਲ ਯਾਤਰਾ ਕੱਢੀ
ਨਡਾਲਾ ਵਿੱਚ “ਯੁੱਧ ਨਸ਼ੇ ਵਿਰੁੱਧ” ਮੁਹਿੰਮ ਦੇ ਦੂਜੇ ਪੜਾਅ ਤਹਿਤ ਪੈਦਲ ਯਾਤਰਾ ਕੱਢੀ
Publish Date: Mon, 12 Jan 2026 07:41 PM (IST)
Updated Date: Mon, 12 Jan 2026 07:42 PM (IST)
ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ
ਨਡਾਲਾ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ਼ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ੇ ਵਿਰੁੱਧ” ਦੇ ਦੂਜੇ ਪੜਾਅ ਤਹਿਤ ਅੱਜ ਨਗਰ ਪੰਚਾਇਤ ਨਡਾਲਾ ਵਿਚ ਨਸ਼ਾ ਵਿਰੋਧੀ ਪੈਦਲ ਯਾਤਰਾ ਕੱਢੀ ਗਈ। ਇਹ ਯਾਤਰਾ ਨਗਰ ਪੰਚਾਇਤ ਨਡਾਲਾ ਦੇ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਸੈਨਟਰੀ ਇੰਸਪੈਕਟਰ ਭੁਪਿੰਦਰ ਸਿੰਘ ਦੀ ਦੇਖ-ਰੇਖ ਹੇਠ ਵਾਰਡ ਨੰਬਰ-1 ਤੋਂ ਸ਼ੁਰੂ ਕੀਤੀ ਗਈ। ਪੈਦਲ ਯਾਤਰਾ ਦਾ ਮਕਸਦ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਸੀ। ਇਸ ਦੌਰਾਨ ਹੱਥਾਂ ਵਿਚ ਨਸ਼ਾ ਵਿਰੋਧੀ ਨਾਅਰਿਆਂ ਨਾਲ ਲਿਖੀਆਂ ਤਖ਼ਤੀਆਂ ਫੜ ਕੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਯੂਥ ਕੋਆਰਡੀਨੇਟਰ ਸੰਦੀਪ ਕੁਮਾਰ ਵੈੱਬ ਵਾਲੇ, ਲੱਖਾ ਲਾਹੌਰੀਆ ਤੇ ਬਲਾਕ ਪ੍ਰਧਾਨ ਸੰਨੀ ਨਡਾਲਾ ਨੇ ਦੱਸਿਆ ਕਿ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਵਾਰਡ ਨੰਬਰ-1 ਤੋਂ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਵਿਚ ਕਸਬੇ ਦੇ ਹਰ ਵਾਰਡ ਵਿਚ ਇਸ ਤਰ੍ਹਾਂ ਦੀ ਪੈਦਲ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਨਸ਼ਿਆਂ ਦੇ ਖਿਲਾਫ਼ ਬੇਝਿਜਕ ਅੱਗੇ ਆਉਣ ਅਤੇ ਜੇਕਰ ਕਿਸੇ ਇਲਾਕੇ ਵਿਚ ਕੋਈ ਨਸ਼ਾ ਵੇਚਣ ਜਾਂ ਨਸ਼ੇ ਨਾਲ ਸਬੰਧਤ ਗਤੀਵਿਧੀਆਂ ਵਿਚ ਸ਼ਾਮਲ ਹੈ ਤਾਂ ਉਸ ਦੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਜਾਰੀ ਟੋਲ ਫਰੀ ਨੰਬਰ ਜਾਂ ਨੇੜਲੀ ਪੁਲਿਸ ਚੌਕੀ/ਥਾਣੇ ਵਿਚ ਦਿੱਤੀ ਜਾ ਸਕਦੀ ਹੈ। ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸਮੂਹ ਸਮਾਜ ਨੂੰ ਇਕਜੁੱਟ ਹੋ ਕੇ ਯਤਨ ਕਰਨੇ ਹੋਣਗੇ, ਤਾਂ ਜੋ ਪੰਜਾਬ ਨੂੰ ਨਸ਼ਿਆਂ ਦੇ ਚੁੰਗਲ ਤੋਂ ਬਚਾਇਆ ਜਾ ਸਕੇ। ਇਸ ਮੌਕੇ ਸੰਦੀਪ ਕੁਮਾਰ ਲੈਬ ਵਾਲੇ, ਲੱਖਾ ਲਾਹੌਰੀਆ, ਸੰਨੀ ਨਡਾਲਾ, ਕੁਲਦੀਪ ਸਿੰਘ, ਹਰਪਾਲ ਸਿੰਘ, ਪ੍ਰਿੰਸ ਨਡਾਲਾ, ਸ਼ਵੀ ਨਡਾਲਾ, ਅਮਰੀਕ ਸਿੰਘ ਰੰਧਾਵਾ, ਬਲਬੀਰ ਸਿੰਘ, ਵਿਕਾਸ ਕੁਮਾਰ, ਹਰਪ੍ਰੀਤ ਸਿੰਘ, ਜਪਮਨ ਸਿੰਘ, ਤਰਸੇਮ ਸਿੰਘ, ਮਹਿੰਦਰ ਪਾਲ ਸਮੇਤ ਹੋਰ ਸਨਮਾਨਿਤ ਵਿਅਕਤੀ ਹਾਜ਼ਰ ਸਨ।