ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਵਫ਼ਦ ਐੱਸਐੱਸਪੀ ਨੂੰ ਮਿਲਿਆ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਵਫ਼ਦ ਐੱਸ.ਐੱਸ.ਪੀ ਕਪੂਰਥਲਾ ਨੂੰ ਮਿਲਿਆ
Publish Date: Mon, 08 Jun 2026 07:56 PM (IST)
Updated Date: Mon, 08 Jun 2026 07:56 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਇਕ ਵਫ਼ਦ ਨੇ ਅੱਜ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨੂੰ ਮਿਲ ਕੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਅਤੇ ਜ਼ਿਲ੍ਹਾ ਸਕੱਤਰ ਬਿੰਦੂ ਸੁੰਨੜ ਨੂੰ ਮਿਲ ਰਹੀਆਂ ਧਮਕੀਆਂ ਸਬੰਧੀ ਇਕ ਲਿਖਤੀ ਸ਼ਿਕਾਇਤ ਸੌਂਪੀ। ਜਾਣਕਾਰੀ ਦਿੰਦਿਆਂ ਯੂਨੀਅਨ ਆਗੂਆਂ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਤੇ ਜ਼ਿਲ੍ਹਾ ਸਕੱਤਰ ਬਿੰਦੂ ਸੁੰਨੜ ਨੂੰ ਵੱਖ-ਵੱਖ ਅੰਤਰਰਾਸ਼ਟਰੀ ਨੰਬਰਾਂ ਤੋਂ ਵਟਸਐਪ ਕਾਲਾਂ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਗੰਭੀਰ ਮਾਮਲੇ ਨੂੰ ਸੰਜੀਦਗੀ ਨਾਲ ਲੈਂਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਜ਼ਿਲ੍ਹਾ ਕਪੂਰਥਲਾ ਇਕਾਈ ਵੱਲੋਂ ਇਕ ਐਮਰਜੈਂਸੀ ਮੀਟਿੰਗ ਬੁਲਾਈ ਗਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਸ ਮਾਮਲੇ ਦੀ ਤੁਰੰਤ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਤਾਂ ਜੋ ਧਮਕੀਆਂ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ। ਇਸੇ ਫੈਸਲੇ ਤਹਿਤ ਯੂਨੀਅਨ ਦੇ ਵਫ਼ਦ ਵੱਲੋਂ ਐੱਸਐੱਸਪੀ ਕਪੂਰਥਲਾ ਸ਼੍ਰੀ ਗੌਰਵ ਤੂਰਾ ਨੂੰ ਇਕ ਸ਼ਿਕਾਇਤ ਸੌਂਪੀ ਗਈ, ਜਿਸ ਵਿਚ ਧਮਕੀਆਂ ਨਾਲ ਸਬੰਧਤ ਸਾਰੀ ਜਾਣਕਾਰੀ ਸੀ। ਐੱਸਐੱਸਪੀ ਸਾਹਿਬ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਜਾਂਚ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੰਬਰਾਂ ਤੋਂ ਕਾਲਾਂ ਆ ਰਹੀਆਂ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਟਰੇਸ ਕੀਤਾ ਜਾਵੇਗਾ ਤੇ ਇਸ ਸਾਜ਼ਿਸ਼ ਦੇ ਪਿਛੇ ਸ਼ਾਮਲ ਵਿਅਕਤੀਆਂ ਦਾ ਪਰਦਾਫਾਸ਼ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਿਸਾਨ ਆਗੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤੇ ਧਮਕੀਆਂ ਦੇਣ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹਰਜਿੰਦਰ ਸਿੰਘ ਰਾਣਾ (ਜ਼ਿਲ੍ਹਾ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਕਪੂਰਥਲਾ), ਬਿੰਦੂ ਸੁੰਨੜ (ਜ਼ਿਲ੍ਹਾ ਮੁੱਖ ਸਕੱਤਰ), ਹਰਜੀਤ ਸਿੰਘ ਰਜਾਪੁਰ (ਜ਼ਿਲ੍ਹਾ ਪ੍ਰੈੱਸ ਸਕੱਤਰ), ਮਨਜਿੰਦਰ ਕਮਲ, ਲਾਡੀ ਔਜਲਾ, ਸਾਬੀ ਔਜਲਾ, ਸੁਖਵੰਤ ਸਿੰਘ ਪੱਡਾ, ਹਰਭਜਨ ਸਿੰਘ ਮਨਸੂਰਵਾਲ, ਅਮਰਜੀਤ ਸਿੰਘ ਢਪੱਈ, ਜਸਵੀਰ ਸਿੰਘ ਖਾਨੋਵਾਲ, ਗੁਰਜੀਤ ਸਿੰਘ ਕੋਟ ਗੋਬਿੰਦਪੁਰ, ਸਰਜੀਤ ਸਿੰਘ ਕੋਟ ਗੋਬਿੰਦਪੁਰ, ਸਰਬਜੀਤ ਸਿੰਘ ਕੋਟ ਗੋਬਿੰਦਪੁਰ, ਦਲਜੀਤ ਸਿੰਘ ਖਾਨੋਵਾਲ ਤੇ ਸੁਰਜੀਤ ਸਿੰਘ ਨੱਥੂਚਾਲ ਸਮੇਤ ਹੋਰ ਆਗੂ ਤੇ ਵਰਕਰ ਵੀ ਹਾਜ਼ਰ ਸਨ।