ਸ਼ਾਰਟ ਸਰਕਟ ਕਾਰਨ ਤਬੇਲਾ ਸੜ ਕੇ ਸੁਆਹ, 4 ਪਸ਼ੂਆਂ ਦੀ ਮੌਤ, 2 ਜ਼ਖ਼ਮੀ
4 ਪਸ਼ੂ ਜਿੰਦਾ ਸੜ ਕੇ ਮਰੇ ਤੇ 2 ਜ਼ਖਮੀ
Publish Date: Wed, 01 Apr 2026 08:40 PM (IST)
Updated Date: Thu, 02 Apr 2026 04:13 AM (IST)

ਕਿਸਾਨ ਆਗੂ ਸ਼ੇਰ ਸਿੰਘ ਮਹੀਵਾਲ ਤੇ ਸਾਬਕਾ ਵਿਧਾਇਕ ਨਵਤੇਜ ਚੀਮਾ ਨੇ ਮੁਆਵਜ਼ੇ ਦੀ ਕੀਤੀ ਮੰਗ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਪੈਂਦੇ ਪਿੰਡ ਮਹੀਵਾਲ ਵਿੱਚ ਮੰਦਭਾਗੀ ਘਟਨਾ ਉਸ ਸਮੇਂ ਵਾਪਰੀ ਜਦੋਂ ਬਿਜਲੀ ਦੇ ਸ਼ਾਰਟ ਸਰਕਟ ਨਾਲ ਨਿਕਲੀ ਚੰਗਿਆੜੀ ਪਸ਼ੂਆਂ ਦੇ ਬਣੇ ਸ਼ੈਡ ਤੇ ਡਿੱਗ ਗਈ ਤੇ ਉਸ ’ਚ ਬੰਨੇ ਹੋਏ 6 ਬੇਜ਼ੁਬਾਨ ਪਸ਼ੂ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਏ। ਇਸ ਘਟਨਾ ਸਬੰਧੀ ਪਿੰਡ ਦੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸ਼ੇਰ ਸਿੰਘ ਮਹੀਵਾਲ ਨੇ ਦੱਸਿਆ ਕਿ ਪਿੰਡ ਦੇ ਕਿਸਾਨ ਧਿਆਨ ਸਿੰਘ ਨੇ ਪਸ਼ੂਆਂ ਲਈ ਇੱਕ ਵਾੜਾ ਬਣਾਇਆ ਹੋਇਆ ਸੀ, ਜਿਸ ਵਿੱਚ ਅੱਜ ਅਚਾਨਕ ਸ਼ਾਰਟ ਸਰਕਟ ਨਾਲ ਡਿੱਗੀ ਬਿਜਲੀ ਦੀ ਚੰਗਿਆੜੀ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਸਾਰੇ ਵਾੜੇ ਨੂੰ ਉਸਨੇ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਨੂੰ ਬੁਝਾਉਣ ਦੀ ਪਿੰਡ ਵਾਸੀਆਂ ਨੇ ਬਹੁਤ ਜੱਦੋ ਜਹਿਦ ਕੀਤੀ ਪਰੰਤੂ ਤਦ ਤੱਕ ਸਾਰਾ ਕੁੱਝ ਤਬਾਹ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਖੁਰਲੀ ਨਾਲ ਬੱਝੀਆਂ ਚਾਰ ਗਾਵਾਂ ਤਾਂ ਮੌਕੇ ਤੇ ਹੀ ਝੁਲਸ ਕੇ ਮਰ ਗਈਆਂ ਤੇ ਦੋ ਨੂੰ ਬਹੁਤ ਮੁਸ਼ਕਿਲ ਨਾਲ ਬਾਹਰ ਕੱਢਿਆ ਤੇ ਉਹਨਾਂ ਦੀ ਹਾਲਤ ਵੀ ਬਹੁਤ ਚਿੰਤਾਜਨਕ ਹੈ। ਉਹਨਾਂ ਦੱਸਿਆ ਕਿ ਤੁਰੰਤ ਮੌਕੇ ਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਿਸ ਦੌਰਾਨ ਡਾਕਟਰਾਂ ਦੀ ਇੱਕ ਟੀਮ ਨੇ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਸਾਹਿਬ ਦੇ ਹੁਕਮਾਂ ਤੇ ਪਟਵਾਰੀ ਦੀ ਟੀਮ ਨੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਉਹਨਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਇੱਕ ਤਾਂ ਮੰਡ ਖੇਤਰ ਦੇ ਕਿਸਾਨ ਹਾਲੇ ਤੱਕ ਹੜ ਦੀ ਮਾਰ ਹੇਠਾਂ ਤੋਂ ਉਭਰੇ ਨਹੀਂ ਹਨ ਤੇ ਆਰਥਿਕ ਪੱਖੋਂ ਵੀ ਬਹੁਤ ਕਮਜ਼ੋਰ ਹੋ ਗਏ ਹਨ। ਉਨਾਂ ਪ੍ਰਸ਼ਾਸਨ ਤੋਂ ਇਸ ਕਿਸਾਨ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਦੇਣ ਦੀ ਮੰਗ ਕੀਤੀ। ਕਿਸਾਨ ਆਗੂ ਮਹੀਵਾਲ ਨੇ ਹਲਕੇ ਦੇ ਐੱਨਆਰਆਈਜ਼ ਤੇ ਦਾਨੀ ਸੱਜਣਾਂ ਨੂੰ ਵੀ ਅਪੀਲ ਕੀਤੀ ਕਿਸਾਨ ਦੀ ਮਦਦ ਲਈ ਸਾਰੇ ਅੱਗੇ ਆਉਣ। ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕੀਤਾ ਦੌਰਾ ਘਟਨਾ ਦੀ ਖਬਰ ਸੁਣਦੇ ਹੀ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਮੌਕੇ ਤੇ ਪਿੰਡ ਮਹੀਵਾਲ ਪੁੱਜੇ ਤੇ ਉਹਨਾਂ ਹਾਲਾਤ ਦਾ ਜਾਇਜ਼ਾ ਲਿਆ। ਚੀਮਾ ਨੇ ਅੱਗ ਲੱਗਣ ਦੀ ਘਟਨਾ ਨੂੰ ਬਹੁਤ ਹੀ ਮੰਦਭਾਗਾ ਦੱਸਦਿਆਂ ਕਿਹਾ ਕਿ ਸ਼ਾਰਟ ਸਰਕਟ ਨਾਲ ਅੱਗ ਲੱਗਣ ਤੇ ਬੇਜਬਾਨ ਜਾਨਵਰ ਜੋ ਮਰ ਗਏ ਹਨ, ਉਹਨਾਂ ਦੇ ਹਾਲਾਤ ਨੂੰ ਬਿਆਨ ਕਰਨਾ ਬਹੁਤ ਹੀ ਮੁਸ਼ਕਲ ਹੈ। ਉਹਨਾਂ ਕਿਹਾ ਕਿ ਇਹ ਕਿਸਾਨ ਪਸ਼ੂਆਂ ਦੇ ਦੁੱਧ ਤੋਂ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਪ੍ਰੰਤੂ ਹੁਣ ਪਸ਼ੂਆਂ ਦੇ ਮਰਨ ਨਾਲ ਕਿਸਾਨ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਜਲਦ ਤੋਂ ਜਲਦ ਇਸ ਕਿਸਾਨ ਦੀ ਬਾਂਹ ਫੜਨ ਦੀ ਗੁਹਾਰ ਲਗਾਈ। ਕੀ ਕਹਿਣਾ ਪਟਵਾਰੀ ਦਾ ਘਟਨਾ ਸਬੰਧੀ ਜਾਇਜਾ ਲੈਣ ਲਈ ਪੁੱਜੇ ਤਲਵੰਡੀ ਚੌਧਰੀਆਂ ਤੋਂ ਪਟਵਾਰੀ ਸੁਖਜੀਤ ਸਿੰਘ ਨੇ ਦੱਸਿਆ ਕਿ ਸ਼ਾਰਟ ਸਰਕਟ ਨਾਲ ਪਸ਼ੂਆਂ ਦੇ ਸੜ ਕੇ ਮਰ ਜਾਣ ਦੀ ਬਹੁਤ ਦੁੱਖਦ ਘਟਨਾ ਵਾਪਰੀ ਹੈ। ਉਹਨਾਂ ਕਿਹਾ ਕਿ ਤਹਿਸੀਲਦਾਰ ਸਾਹਿਬ ਦੇ ਹੁਕਮ ਤੇ ਪ੍ਰਸ਼ਾਸਨ ਵੱਲੋਂ ਉਹ ਸਾਰੀ ਘਟਨਾ ਦੀ ਹਾਲਤ ਵੇਖਣ ਲਈ ਆਏ ਹਨ। ਉਨਾਂ ਪ੍ਰਸ਼ਾਸਨ ਵੱਲੋਂ ਕਿਸਾਨ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਵੱਧ ਤੋਂ ਵੱਧ ਪ੍ਰਸ਼ਾਸਨ ਵੱਲੋਂ ਮੁਆਵਜ਼ਾ ਦੇਣ ਲਈ ਕੋਸ਼ਿਸ਼ ਕਰਨਗੇ ਤੇ ਅਗਲੀ ਕਾਰਵਾਈ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਕੀਤੀ ਜਾਵੇਗੀ।