ਲੁੱਟ-ਖੋਹ ਕਰਨ ਵਾਲਿਆਂ ’ਤੇ ਮਾਮਲਾ ਦਰਜ
ਲੁੱਟ ਖੋਹ ਕਰਨ ਵਾਲੇ ਅਣਪਛਾਤਿਆਂ ਤੇ ਮਾਮਲਾ ਦਰਜ
Publish Date: Thu, 09 Apr 2026 07:11 PM (IST)
Updated Date: Thu, 09 Apr 2026 07:14 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਲੁੱਟ-ਖੋਹ ਕਰਨ ਵਾਲੇ ਅਣਪਛਾਤਿਆਂ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਕਮਲਜੀਤ ਕੌਰ ਪਤਨੀ ਸੋਨੂ ਵਾਸੀ ਪਿੰਡ ਰੁੜਕੀ ਥਾਣਾ ਗੁਰਾਇਆ ਨੇ ਦੱਸਿਆ ਕਿ ਉਹ ਆਪਣੀ ਨਨਾਣ ਸੁਮਨ ਪੁੱਤਰੀ ਨਛੱਤਰਪਾਲ ਨਾਲ ਆਪਣੀ ਐਕਟਿਵਾ ਪੀਬੀ 08 ਐੱਫਸੀ 7823 ’ਤੇ ਸਵਾਰ ਹੋ ਕੇ ਫਗਵਾੜਾ ਵਿਖੇ ਸਮਾਨ ਲੈਣ ਗਈਆਂ ਸਨ। ਜਦੋਂ ਉਹ ਵਾਪਸ ਆਪਣੇ ਪਿੰਡ ਰੁੜਕੀ ਨੂੰ ਆ ਰਹੀਆਂ ਸਨ ਤਾਂ ਪੰਡਵਾਂ ਨੇੜੇ ਜੋਹਲ ਫਾਰਮ ਕੋਲ ਇਕ ਕਾਲੇ ਮੋਟਰਸਾਈਕਲ ’ਤੇ ਦੋ ਨੌ ਨੌਜਵਾਨ, ਜਿਨ੍ਹਾਂ ਨੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ, ਨੇ ਐਕਟੀਵਾ ਨੂੰ ਰੋਕ ਕੇ ਚਾਬੀ ਕੱਢ ਲਈ ਤੇ ਦਾਤਰ ਦਿਖਾਇਆ। ਨੌਜਵਾਨ ਨੇ ਮੇਰੇ ਗਲ ਵਿਚ ਪਾਈ ਹੋਈ ਸੋਨੇ ਦੀ ਚੈਨ, ਸੋਨੇ ਦਾ ਲਾਕਟ ਝਪੱਟਾ ਮਾਰ ਕੇ ਖੋਹ ਲਿਆ। ਇਸ ਦੇ ਨਾਲ ਸੋਨੇ ਦੀ ਮੁੰਦਰੀ, ਕੰਨਾਂ ਦੀਆਂ ਵਾਲੀਆਂ ਵੀ ਖਿੱਚ ਲਈਆਂ। ਉਸ ਦੀ ਨਨਾਣ ਸੁਮਨ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਛੋਟੀਆਂ ਵਾਲੀਆਂ ਤੇ ਸਾਈਡ ਬੈਗ ਵੀ ਖੋਹ ਲਿਆ, ਜਿਸ ਵਿਚ ਉਸਦਾ ਮੋਬਾਇਲ ਤੇ ਆਈ ਫੋਨ 17 ਪ੍ਰੋ ਮੈਕਸ ਸੀ। ਦੋਵੇਂ ਨੌਜਵਾਨ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਘੁੜਕੇ ਵੱਲ ਨੂੰ ਫਰਾਰ ਹੋ ਗਏ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਤਨਾਮਪੁਰਾ ਵਿਖੇ ਅਣਪਛਾਤਿਆਂ ’ਤੇ ਲੁੱਟ-ਖੋਹ ਦਾ ਮਾਮਲਾ ਦਰਜ ਕੀਤਾ ਗਿਆ।