ਬੱਚਿਆਂ ਦੇ ਚੰਗੇ ਸੰਸਕਾਰ ਤੇ ਸਿੱਖਿਆ ਨਾਲ ਹੀ ਬਣਦੈ ਰੌਸ਼ਨ ਭਵਿੱਖ : ਸਰਦਾਨਾ
ਬੱਚਿਆਂ ਦੇ ਚੰਗੇ ਸੰਸਕਾਰ ਅਤੇ ਸਿੱਖਿਆ ਨਾਲ ਹੀ ਬਣਦਾ ਹੈ ਰੌਸ਼ਨ ਭਵਿੱਖ,ਪੰਕਜ ਸਰਦਾਨਾ
Publish Date: Sat, 18 Apr 2026 06:43 PM (IST)
Updated Date: Sat, 18 Apr 2026 06:45 PM (IST)

ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਅੱਜ ਦੇ ਤੇਜ਼ੀ ਨਾਲ ਬਦਲਦੇ ਸਮੇਂ ਵਿੱਚ ਬੱਚਿਆਂ ਦੀ ਪਰਵਰਿਸ਼ ਅਤੇ ਸਿੱਖਿਆ ਨੂੰ ਬਹੁਤ ਮਹੱਤਵ ਦਿੱਤਾ ਜਾ ਰਿਹਾ ਹੈ। ਮਾਪਿਆਂ ਤੇ ਅਧਿਆਪਕਾਂ ਵੱਲੋਂ ਦਿੱਤੇ ਗਏ ਚੰਗੇ ਸੰਸਕਾਰ ਤੇ ਉੱਚੀ ਕਿਸਮ ਦੀ ਸਿੱਖਿਆ ਹੀ ਬੱਚਿਆਂ ਦੇ ਭਵਿੱਖ ਨੂੰ ਸਫਲ ਅਤੇ ਰੌਸ਼ਨ ਬਣਾਉਂਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਕਮਲਾ ਨਹਿਰੂ ਪਬਲਿਕ ਸਕੂਲ਼ ਫਗਵਾੜਾ ਦੇ ਚੇਅਰਮੈਨ ਪੰਕਜ ਸਰਦਾਨਾ ਨੇ ਕਿਹਾ ਕਿ ਮਾਪੇ ਬੱਚੇ ਦੇ ਪਹਿਲੇ ਅਧਿਆਪਕ ਹੁੰਦੇ ਹਨ। ਘਰ ਦਾ ਮਾਹੌਲ, ਬੋਲਚਾਲ, ਅਤੇ ਵਰਤਾਅ ਬੱਚਿਆਂ ਦੇ ਮਨ ’ਤੇ ਡੂੰਘਾ ਅਸਰ ਛੱਡਦੇ ਹਨ। ਜੇ ਮਾਪੇ ਬੱਚਿਆਂ ਨੂੰ ਸਚਾਈ, ਇਮਾਨਦਾਰੀ, ਮਿਹਨਤ ਅਤੇ ਆਦਰ ਦੇ ਗੁਣ ਸਿਖਾਉਂਦੇ ਹਨ, ਤਾਂ ਇਹ ਗੁਣ ਉਨ੍ਹਾਂ ਦੇ ਜੀਵਨ ਦਾ ਅਟੁੱਟ ਹਿੱਸਾ ਬਣ ਜਾਂਦੇ ਹਨ। ਇਸ ਦੇ ਨਾਲ ਹੀ ਸਕੂਲ ਵਿੱਚ ਅਧਿਆਪਕਾਂ ਦੀ ਭੂਮਿਕਾ ਵੀ ਬਹੁਤ ਅਹਿਮ ਹੁੰਦੀ ਹੈ। ਅਧਿਆਪਕ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੰਦੇ, ਸਗੋਂ ਬੱਚਿਆਂ ਨੂੰ ਨੈਤਿਕ ਮੁੱਲਾਂ ਅਤੇ ਜੀਵਨ ਦੀਆਂ ਸਹੀ ਦਿਸ਼ਾਵਾਂ ਨਾਲ ਵੀ ਜਾਣੂ ਕਰਵਾਉਂਦੇ ਹਨ। ਇੱਕ ਚੰਗਾ ਅਧਿਆਪਕ ਬੱਚੇ ਦੇ ਅੰਦਰ ਲੁਕੇ ਹੁਨਰ ਨੂੰ ਪਛਾਣ ਕੇ ਉਸਨੂੰ ਨਿਖਾਰਦਾ ਹੈ। ਚੇਅਰਮੈਨ ਸਰਦਾਨਾ ਨੇ ਕਿਹਾ ਕਿ ਸਮਾਜ ਦੇ ਵਿਕਾਸ ਲਈ ਵੀ ਇਹ ਜ਼ਰੂਰੀ ਹੈ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਚੰਗੇ ਸੰਸਕਾਰ ਅਤੇ ਗੁਣਵੱਤਾ ਵਾਲੀ ਸਿੱਖਿਆ ਦਿੱਤੀ ਜਾਵੇ। ਇਹੀ ਬੱਚੇ ਅੱਗੇ ਚੱਲ ਕੇ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਦੇ ਹਨ ਅਤੇ ਸਮਾਜ ਦੀ ਤਰੱਕੀ ਵਿੱਚ ਯੋਗਦਾਨ ਪਾਉਂਦੇ ਹਨ। ਮਾਪਿਆਂ ਅਤੇ ਅਧਿਆਪਕਾਂ ਦੀ ਸਾਂਝੀ ਕੋਸ਼ਿਸ਼ ਨਾਲ ਹੀ ਬੱਚਿਆਂ ਦਾ ਭਵਿੱਖ ਸੁਨਹਿਰਾ ਬਣ ਸਕਦਾ ਹੈ। ਚੰਗੇ ਸੰਸਕਾਰ ਅਤੇ ਸਿੱਖਿਆ ਹੀ ਉਹ ਮਜ਼ਬੂਤ ਨੀਂਹ ਹਨ, ਜਿਨ੍ਹਾਂ ‘ਤੇ ਇੱਕ ਸਫਲ ਜੀਵਨ ਦੀ ਇਮਾਰਤ ਖੜੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਅਤੇ ਅਧਿਆਪਕਾਂ ਨੂੰ ਬਚਿਆਂ ਨੂੰ ਕਾਮਯਾਬ ਬਣਾਉਣ ਲਈ ਸਾਂਝੇ ਯਤਨਾ ਦੇ ਜੋਰ ਦੇਣਾ ਚਾਹੀਦਾ ਹੈ। ਸਮਾਜਿਕ ਕੁਰੀਤੀਆਂ, ਨਸ਼ੇ ਤੋਂ ਬਚਣ ਲਈ ਸਮੇਂ-ਸਮੇਂ ’ਤੇ ਸਚੇਤ ਕਰਨਾ ਚਾਹੀਦਾ ਹੈ।