ਦੰਦਾਂ ਤੇ ਜਬਾੜਿਆਂ ਦਾ 468ਵਾਂ ਕੈਂਪ ਲਗਾਇਆ
ਬਲੱਡ ਬੈਂਕ ਫਗਵਾੜਾ ‘ਚ ਲਗਾਇਆ ਦੰਦਾਂ ਤੇ ਜਬਾੜਿਆਂ ਦਾ 468ਵਾਂ ਲੜੀਵਾਰ ਕੈਂਪ
Publish Date: Thu, 15 Jan 2026 08:14 PM (IST)
Updated Date: Thu, 15 Jan 2026 08:15 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਉਦਯੋਗਪਤੀ ਕੇਕੇ ਸਰਦਾਨਾ ਦੀ ਸਰਪ੍ਰਸਤੀ ਹੇਠ ਸਥਾਨਕ ਗੁਰੂ ਹਰਗੋਬਿੰਦ ਨਗਰ ਵਿਖੇ ਸੰਚਾਲਿਤ ਬਲੱਡ ਬੈਂਕ ਵਿਚ ਮਾਤਾ ਠਾਕੁਰ ਦੇਵੀ ਅਤੇ ਨਾਨਕ ਚੰਦ ਸੇਠੀ ਦੀ ਮਿੱਠੀ ਯਾਦ ਨੂੰ ਸਮਰਪਿਤ 468ਵਾਂ ਦੰਦਾਂ ਅਤੇ ਜਬਾੜਿਆਂ ਦਾ ਫਰੀ ਕੈਂਪ ਬਲਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਲਗਾਇਆ ਗਿਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਇੰਸਪੈਕਟਰ ਅਮਨਪ੍ਰੀਤ ਕੌਰ ਵੁਮੈਨ ਸੈਲ ਫਗਵਾੜਾ ਨੇ ਦੀਪ ਜਲਾ ਕੇ ਕੀਤਾ। ਮੁੱਖ ਮਹਿਮਾਨ ਨੇ 7 ਲੋੜਵੰਦ ਬਜ਼ੁਰਗਾਂ ਨੂੰ ਨਵੇਂ ਤਿਆਰ ਕੀਤੇ ਜਬਾੜੇ ਵੰਡਦਿਆਂ ਬਲੱਡ ਬੈਂਕ ਦੇ ਸਮਾਜ ਸੇਵੀ ਉਪਰਾਲਿਆਂ ਦੀ ਸ਼ਲਾਘਾ ਕੀਤੀ। ਕੈਂਪ ਦੌਰਾਨ ਸੀਐੱਮਸੀ ਲੁਧਿਆਣਾ ਤੋਂ ਡਾ. ਤਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਪਹੁੰਚੀ ਮਾਹਿਰ ਡਾਕਟਰਾਂ ਦੀ 25 ਮੈਂਬਰੀ ਮੋਬਾਈਲ ਟੀਮ ਨੇ 100 ਤੋਂ ਵੱਧ ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ। ਲੋੜਵੰਦਾਂ ਦੇ ਦੰਦ ਸਾਫ਼ ਕੀਤੇ ਗਏ ਅਤੇ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਮਰੀਜ਼ਾਂ ਦੇ ਖਰਾਬ ਹੋਏ ਦੰਦਾਂ ਦੀ ਭਰਾਈ ਵੀ ਕੀਤੀ ਗਈ। ਕੈਂਪ ਦੌਰਾਨ 25 ਨਵੇਂ ਜਬਾੜੇ ਬਣਾਉਣ ਦੀ ਅਗਲੀ ਪ੍ਰਕਿਰਿਆ ਪੂਰੀ ਕੀਤੀ ਗਈ। ਰਘਬੋਤਰਾ ਨੇ ਦੱਸਿਆ ਕਿ ਅਗਲਾ ਕੈਂਪ 2 ਫਰਵਰੀ ਦਿਨ ਸੋਮਵਾਰ ਨੂੰ ਲਗਾਇਆ ਜਾਵੇਗਾ। ਇਸ ਮੌਕੇ ਸਬ ਇੰਸਪੈਕਟਰ ਭੁਪਿੰਦਰ ਸਿੰਘ, ਕੁਲਦੀਪ ਦੁੱਗਲ, ਗੁਲਸ਼ਨ ਕਪੂਰ, ਗੁਲਾਬ ਸਿੰਘ ਠਾਕੁਰ, ਮੋਹਨ ਲਾਲ ਤਨੇਜਾ, ਸੁਧਾ ਬੇਦੀ, ਮੁਕੇਸ਼ ਦੁੱਗਲ, ਤਜਿੰਦਰ ਕਪੂਰ, ਵਿਸ਼ਵਾਮਿੱਤਰ ਸ਼ਰਮਾ, ਰਮਨ ਨਹਿਰਾ ਆਦਿ ਹਾਜ਼ਰ ਸਨ।