ਵਿਦੇਸ਼ ਭੇਜਣ ਦੇ ਨਾਮ ’ਤੇ 44 ਲੱਖ ਦੀ ਠੱਗੀ, 2 ਖਿਲਾਫ਼ ਮਾਮਲਾ ਦਰਜ
ਵਿਦੇਸ਼ ਭੇਜਣ ਦੇ ਨਾਮ ’ਤੇ ਮਾਰੀ 44 ਲੱਖ ਦੀ ਠੱਗੀ, 2 ਖਿਲਾਫ਼ ਮਾਮਲਾ ਦਰਜ
Publish Date: Mon, 05 Jan 2026 08:02 PM (IST)
Updated Date: Mon, 05 Jan 2026 08:05 PM (IST)

ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ ’ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ 2 ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਜਗਤਾਰ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਪਿੰਡ ਜੈਨਪੁਰ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਕਿ ਜੋਗਾ ਸਿੰਘ ਤੇ ਉਸ ਦੀ ਪਤਨੀ ਜਸਵਿੰਦਰ ਕੌਰ, ਪ੍ਰੀਤਮ ਸਿੰਘ ਤੇ ਬਲਵੀਰ ਕੌਰ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ ਤੇ ਮੇਰੇ ਰਿਸ਼ਤੇਦਾਰ ਹਨ। ਜੋਗਾ ਸਿੰਘ ਨੇ ਕਿਹਾ ਕਿ ਮੇਰੇ ਪਾਸ ਵਿਦੇਸ਼ ਅਮਰੀਕਾ ਦੀ ਗੇਮ ਹੈ, ਜੇਕਰ ਉਸਨੇ ਅਮਰੀਕਾ ਜਾਣਾ ਹੈ ਤਾਂ ਮੈਂ ਤੁਹਾਨੂੰ ਸਿੱਧੀ ਫਲਾਈਟ ਰਾਹੀਂ ਭੇਜ ਸਕਦਾ ਹਾਂ। ਇਸ ’ਤੇ ਮੈਂ ਏਜੰਟ ਜੋਗਾ ਸਿੰਘ ਉਸਦੀ ਪਤਨੀ ਜਸਵਿੰਦਰ ਕੌਰ ਦੇ ਝਾਂਸੇ ਵਿਚ ਆ ਗਿਆ ਅਤੇ ਉਕਤ ਏਜੰਟਾਂ ਨੇ ਮੈਨੂੰ ਅਮਰੀਕਾ ਭੇਜਣ ਲਈ ਮੇਰੇ ਨਾਲ 2024 ਵਿਚ 50 ਲੱਖ ਰੁਪਏ ਵਿਚ ਗੱਲਬਾਤ ਤੈਅ ਕੀਤੀ। ਏਜੰਟ ਨੇ ਮੈਨੂੰ ਕਿਹਾ ਕਿ ਤੁਹਾਡਾ ਵੀਜ਼ਾ ਲੱਗਣ ਉਪਰੰਤ ਹੀ ਰਕਮ ਲਵਾਂਗਾ। ਬਾਅਦ ਵਿਚ ਉਸਨੇ ਕਿਹਾ ਕਿ ਤੁਹਾਡਾ ਵੀਜ਼ਾ ਲੱਗ ਗਿਆ ਹੈ ਅਤੇ ਮੈਨੂੰ ਵੀਜ਼ੇ ਦੀ ਕਾਪੀ ਦਿਖਾਈ ਅਤੇ ਮੇਰੇ ਪਾਸੋਂ ਵੱਖ-ਵੱਖ ਤਾਰੀਕਾਂ ਨੂੰ ਕੁੱਲ 44 ਲੱਖ 15 ਹਜ਼ਾਰ ਰੁਪਏ ਹਾਸਲ ਕਰਕੇ ਮੈਨੂੰ ਮੈਕਸੀਕੋ ’ਚ 4 ਮਹੀਨੇ ਖੱਜਲ-ਖੁਆਰ ਕਰਨ ਤੋਂ ਬਾਅਦ ਕੈਂਪ ਵਿਚ ਭੇਜ ਦਿੱਤਾ। 7 ਮਹੀਨੇ ਬਾਅਦ ਮੈਨੂੰ ਉਥੋਂ ਡੀਪੋਰਟ ਕਰ ਦਿੱਤਾ ਗਿਆ। 18 ਜੁਲਾਈ 2025 ਨੂੰ ਮੈਂ ਭਾਰਤ ਆਇਆ। ਏਜੰਟਾਂ ਪਾਸੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਨ੍ਹਾਂ ਸਾਫ਼ ਇਨਕਾਰ ਕਰ ਦਿੱਤਾ। ਪੁਲਿਸ ਵੱਲੋਂ ਜਾਂਚ ਤੋਂ ਬਾਅਦ ਜੋਗਾ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਮਸੀਤਾਂ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਅਤੇ ਜਗਜੀਤ ਸਿੰਘ ਭੁੱਲਰ ਪੁੱਤਰ ਕੁਲਵਿੰਦਰ ਸਿੰਘ ਵਾਸੀ 148/11 ਸੰਗਤ ਸਿੰਘ ਨਗਰ ਥਾਣਾ ਡਿਵੀਜ਼ਨ ਨੰਬਰ 1 ਜਲੰਧਰ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।