30 ਗ੍ਰਾਮ ਹੈਰੋਇਨ ਸਮੇਤ 4 ਨਸ਼ਾ ਤਸਕਰ ਕਾਬੂ
30 ਗ੍ਰਾਮ ਹੈਰੋਇਨ ਸਮੇਤ ਕਾਰ ਸਵਾਰ 4 ਨਸ਼ਾ ਤਸਕਰ ਕਾਬੂ
Publish Date: Sun, 05 Apr 2026 08:40 PM (IST)
Updated Date: Mon, 06 Apr 2026 04:13 AM (IST)

ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ, ਕਪੂਰਥਲਾ: ਢਿੱਲਵਾਂ ਇਲਾਕੇ ਵਿੱਚ ਇੱਕ ਹਾਈ-ਟੈਕ ਨਾਕੇ ’ਤੇ ਇੱਕ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ । ਮੁਲਜ਼ਮਾਂ ਤੋਂ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਚਾਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਢਿਲਵਾਂ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਦੀ ਪੁਸ਼ਟੀ ਕਰਦਿਆਂ ਐੱਸਐੱਚਓ ਦਲਵਿੰਦਰਵੀਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ਲਿਆ ਜਾਵੇਗਾ ਤਾਂ ਜੋ ਉਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ। ਪੁਲਿਸ ਜਾਣਕਾਰੀ ਅਨੁਸਾਰ ਏਐਸਆਈ ਗੁਰਦੀਪ ਸਿੰਘ ਬੀਤੀ ਸ਼ਾਮ ਆਪਣੀ ਟੀਮ ਨਾਲ ਹਾਈ-ਟੈਕ ਨਾਕੇ ਤੇ ਤਾਇਨਾਤ ਸੀ ਤੇ ਅੰਮ੍ਰਿਤਸਰ ਤੋਂ ਆ ਰਹੀ ਇੱਕ ਸਵਿਫਟ ਕਾਰ ਪੀਬੀ-08-ਈਬੀ-6728 ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ। ਤਲਾਸ਼ੀ ਦੌਰਾਨ, ਕਾਰ ਵਿੱਚ ਸਵਾਰ ਚਾਰ ਸਵਾਰਾਂ ਤੋਂ ਪੁੱਛਗਿੱਛ ਕੀਤੀ ਗਈ, ਜਿਨ੍ਹਾਂ ਨੇ ਆਪਣੀ ਪਛਾਣ ਜੋਬਨਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ, ਵਾਸੀ ਮੁਹੱਲਾ ਚਵਾਨੀ ਸਾਹਿਬ ਬਿਆਸ, ਨਿਤੇਸ਼ ਪੁੱਤਰ ਰਾਜੀਵ ਕੁਮਾਰ, ਕਸ਼ਿਸ਼ ਪੁੱਤਰ ਰਾਜੀਵ ਕੁਮਾਰ, ਦੋਵੇਂ ਵਾਸੀ ਗੁਰੂ ਨਾਨਕ ਨਗਰ, ਜਲੰਧਰ ਅਤੇ ਸੋਹੰਗ ਪ੍ਰਕਾਸ਼ ਪੁੱਤਰ ਭਗਵੰਤ ਕਿਸ਼ੋਰ, ਵਾਸੀ ਫਗਵਾੜਾ ਵਜੋਂ ਦੱਸੀ।ਪੁੱਛਗਿੱਛ ਦੌਰਾਨ, ਡਰਾਈਵਰ ਸੀਟ ਤੋਂ ਉਤਰਨ ਵਾਲੇ ਵਿਅਕਤੀ ਨੇ ਆਪਣੀ ਜੇਬ ਵਿੱਚੋਂ ਇੱਕ ਲਿਫਾਫਾ ਕੱਢਿਆ ਅਤੇ ਸੜਕ ਕਿਨਾਰੇ ਬਣੇ ਡਰੱਮ ਦੇ ਕੋਲ ਸੁੱਟ ਦਿੱਤਾ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਲਿਫਾਫੇ ਦੀ ਜਾਂਚ ਕੀਤੀ ਤੇ 30 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਬਰਾਮਦ ਕੀਤੀ ਗਈ ਹੈਰੋਇਨ ਤੇ ਸਵਿਫਟ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ। ਪੁਲਿਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਕਿਸ ਨੈੱਟਵਰਕ ਨਾਲ ਜੁੜੇ ਹਨ ।