ਸੀਡੀਪੀਓ ਦਫ਼ਤਰ ਵਿਖੇ 3 ਦਿਨਾਂ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ
ਸੀਡੀਪੀਓ ਦਫ਼ਤਰ ਵਿਖੇ “ਪੋਸ਼ਣ ਵੀ ਪੜ੍ਹਾਈ ਵੀ” ਸਬੰਧੀ 3 ਦਿਨਾਂ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ
Publish Date: Wed, 11 Mar 2026 10:35 PM (IST)
Updated Date: Wed, 11 Mar 2026 10:39 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਪੰਜਾਬ, ਚੰਡੀਗੜ੍ਹ ਦੇ ਨਿਰਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਕਪੂਰਥਲਾ ਦੀ ਯੋਗ ਅਗਵਾਈ ਹੇਠ ਸੀਡੀਪੀਓ ਦਫ਼ਤਰ ਸੁਲਤਾਨਪੁਰ ਲੋਧੀ ਵਿਖੇ ਪੋਸ਼ਣ ਅਭਿਆਨ ਅਧੀਨ “ਪੋਸ਼ਣ ਵੀ ਪੜ੍ਹਾਈ ਵੀ” ਸਬੰਧੀ ਤਿੰਨ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਲਗਾਇਆ ਗਿਆ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਆਂਗਣਵਾੜੀ ਵਰਕਰਾਂ ਨੂੰ ਅਰਲੀ ਚਾਇਲਡਹੁਡ ਕੇਅਰ ਐਂਡ ਐਜੂਕੇਸ਼ਨ (ਈਸੀਸੀ ਐਂਡ ਐਜੂਕੇਸ਼ਨ) ਤੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਅਧੀਨ ਬੱਚਿਆਂ ਦੇ ਸਮੂਹਿਕ ਵਿਕਾਸ ਲਈ ਤਿਆਰ ਕਰਨਾ ਹੈ। ਟ੍ਰੇਨਿੰਗ ਦੌਰਾਨ ਆਂਗਣਵਾੜੀ ਵਰਕਰਾਂ ਨੂੰ ਪੋਸ਼ਣ ਵੀ ਪੜ੍ਹਾਈ ਵੀ, ਪਾਠਕ੍ਰਮ, ਨਵ ਚੇਤਨਾ ਤੇ ਆਧਾਰਸ਼ਿਲਾ ਵਰਗੇ ਮਹੱਤਵਪੂਰਨ ਹਿੱਸਿਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਜੋ ਬੱਚਿਆਂ ਦੀ ਸ਼ੁਰੂਆਤੀ ਸਿੱਖਿਆ, ਪੋਸ਼ਣ ਜਾਗਰੂਕਤਾ ਤੇ ਉਨ੍ਹਾਂ ਦੇ ਸਰੀਰਕ, ਬੌਧਿਕ ਤੇ ਭਾਵਨਾਤਮਕ ਵਿਕਾਸ ‘ਤੇ ਕੇਂਦਰਿਤ ਹਨ। ਟ੍ਰੇਨਿੰਗ ਦਾ ਪਹਿਲਾ ਸੈਸ਼ਨ ਪ੍ਰਥਮ ਟੀਮ ਵੱਲੋਂ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਗਤੀਵਿਧੀਆਂ ਤੇ ਇੰਟਰਐਕਟਿਵ ਤਰੀਕਿਆਂ ਰਾਹੀਂ ਸਿਖਲਾਈ ਦਿੱਤੀ ਗਈ। ਇਹ ਗਤੀਵਿਧੀਆਂ ਬਹੁਤ ਹੀ ਰਚਨਾਤਮਕ ਸਨ ਤੇ ਸਾਰੇ ਭਾਗੀਦਾਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਟ੍ਰੇਨਿੰਗ ਪ੍ਰੋਗਰਾਮ ਵਿਚ ਕੁੱਲ 90 ਆਂਗਣਵਾੜੀ ਵਰਕਰਾਂ ਨੇ ਸੁਪਰਵਾਈਜ਼ਰਾਂ ਸਮੇਤ ਭਾਗ ਲਿਆ। ਇਹ ਟ੍ਰੇਨਿੰਗ ਆਂਗਣਵਾੜੀ ਪੱਧਰ ‘ਤੇ ਬੱਚਿਆਂ ਦੀ ਪੋਸ਼ਣ ਸਥਿਤੀ, ਸ਼ੁਰੂਆਤੀ ਸਿੱਖਿਆ ਤੇ ਸਮੂਹਿਕ ਵਿਕਾਸ ਨੂੰ ਹੋਰ ਮਜ਼ਬੂਤ ਬਣਾਉਣ ਵਿਚ ਮਦਦਗਾਰ ਸਾਬਤ ਹੋਵੇਗੀ। ਇਸ ਟ੍ਰੇਨਿੰਗ ਦੌਰਾਨ ਬਾਲ ਵਿਕਾਸ ਪ੍ਰੋਜੈਕਟ ਅਫਸਰ, ਸੁਲਤਾਨਪੁਰ ਲੋਧੀ ਖੁਸ਼ਮੀਤ ਕੌਰ, ਬਲਾਕ ਪੋਸ਼ਣ ਕੋਆਰਡੀਨੇਟਰ ਮਨਜੀਤ ਕੌਰ, ਚਰਨਜੀਤ ਕੁਮਾਰ, ਪ੍ਰਥਮ ਟੀਮ ਤੋਂ ਮਿਸ ਸੋਨਾਲੀ ਸੰਧੂ, ਸੁਪਰਵਾਈਜ਼ਰ ਸੰਦੀਪ ਕੌਰ, ਕੁਲਜਿੰਦਰ ਕੌਰ, ਜੀਵਨ ਜੋਤੀ, ਕਨੂ ਪ੍ਰੀਆ, ਮਿਸ ਸਹਿਜਪ੍ਰੀਤ ਕੌਰ ਹਾਜ਼ਰ ਸਨ।