ਟਰੈਫਿਕ ਨਿਯਮਾਂ ਦੀ ਪਾਲਣਾ ਹੇਤੂ ਸ਼ਹਿਰ ’ਚ ਲਗਾਏ ਸਾਈਨ ਬੋਰਡ
ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਨੋ ਐਂਟਰੀ, ਨੋ ਪਾਰਕਿੰਗ ਤੇ ਹਾਰਨ ਜ਼ੋਨ ਦੇ 36 ਲੋਹੇ ਦੇ ਐਂਗਲ ਲਗਾਏ
Publish Date: Tue, 24 Mar 2026 09:07 PM (IST)
Updated Date: Tue, 24 Mar 2026 09:10 PM (IST)

--ਨੋ ਐਂਟਰੀ, ਨੋ ਪਾਰਕਿੰਗ ਤੇ ਹਾਰਨ ਜ਼ੋਨ ਦੇ 36 ਲੋਹੇ ਦੇ ਐਂਗਲ ਲਗਾਏ --ਟਰੈਫਿਕ ਪੁਲਿਸ ਨੇ ਸੀਟੀ ਗਰੁੱਪ ਦੇ ਸਹਿਯੋਗ ਨਾਲ ਲਗਾਏ ਚਿੰਨ੍ਹ ਅਮਰੀਕ ਸਿੰਘ ਮੱਲ੍ਹੀ/ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਦੇ ਨਿਰਦੇਸ਼ ਉੱਤੇ ਡੀਐੱਸਪੀ ਟਰੈਫਿਕ ਉਪਕਾਰ ਸਿੰਘ ਦੀ ਅਗਵਾਈ ਤੇ ਟਰੈਫਿਕ ਇੰਚਾਰਜ ਰੇਸ਼ਮ ਸਿੰਘ ਦੀ ਅਗਵਾਈ ਵਿਚ ਟਰੈਫਿਕ ਪੁਲਿਸ ਵੱਲੋਂ ਸ਼ਹਿਰ ਵਿਚ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਸ਼ਹਿਰ ਵਾਸੀਆਂ ਨੂੰ ਟਰੈਫਿਕ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਮੰਗਲਵਾਰ ਨੂੰ ਟਰੈਫਿਕ ਪੁਲਿਸ ਵੱਲੋਂ ਸੀਟੀ ਗਰੁੱਪ ਦੇ ਸਹਿਯੋਗ ਨਾਲ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਨੋ ਐਂਟਰੀ, ਨੋ ਪਾਰਕਿੰਗ ਤੇ ਹਾਰਨ ਜ਼ੋਨ ਦੇ 36 ਲੋਹੇ ਦੇ ਐਂਗਲ ਲਗਾਏ ਗਏ ਤਾਂ ਕਿ ਆਉਣ-ਜਾਣ ਵਾਲੇ ਚਾਲਕ ਇਨ੍ਹਾਂ ਸਾਈਨ ਬੋਰਡ ਨੂੰ ਵੇਖ ਕੇ ਟਰੈਫਿਕ ਨਿਯਮਾਂ ਦੀ ਪਾਲਨਾ ਕਰ ਸਕਣ। ਇਸ ਮੌਕੇ ਆਪ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ, ਜ਼ਿਲ੍ਹਾ ਚੇਅਰਮੈਨ (ਟਰੇਡਰਸ ਕਮਿਸ਼ਨ, ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ) ਕੰਵਰ ਇਕਬਾਲ ਸਿੰਘ, ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜ਼ੋਨ ਦੇ ਪ੍ਰਦੇਸ਼ ਸਕੱਤਰ ਸੁਖਵੰਤ ਸਿੰਘ ਪੱਡਾ, ਮਾਰਕੀਟ ਕਮੇਟੀ ਚੇਅਰਮੈਨ ਜਗਜੀਤ ਸਿੰਘ ਬਿੱਟੂ ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਵਿਸ਼ੇਸ਼ ਤੌਰ ’ਤੇ ਮੌਜੂਦ ਹੋਏ। ਇਸ ਮੌਕੇ ਡੀਐੱਸਪੀ ਟਰੈਫਿਕ ਉਪਕਾਰ ਸਿੰਘ ਤੇ ਟਰੈਫਿਕ ਇੰਚਾਰਜ ਰੇਸ਼ਮ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਟਰੈਫਿਕ ਸਮੱਸਿਆ ਨੂੰ ਦੂਰ ਕਰਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਹਿਰ ਦੇ ਮੁੱਖ ਚੌਂਕਾਂ, ਬਾਜ਼ਾਰਾਂ ਤੇ ਮੁੱਖ ਸੜਕਾਂ ਉੱਤੇ ਟਰੈਫਿਕ ਸਾਈਨ ਬੋਰਡ ਲਗਾਏ ਜਾ ਰਹੇ ਹੈ ਤਾਂ ਕਿ ਲੋਕ ਇਨ੍ਹਾਂ ਬੋਰਡਾਂ ਨੂੰ ਵੇਖ ਕੇ ਟਰੈਫਿਕ ਨਿਯਮਾਂ ਦੀ ਪਾਲਨਾ ਕਰਨ। ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਸੀਟੀ ਗਰੁੱਪ ਦੇ ਸਹਿਯੋਗ ਨਾਲ ਸ਼ਹਿਰ ਦੇ ਡੀਸੀ ਚੌਂਕ, ਅੰਮ੍ਰਿਤਸਰ ਚੁੰਗੀ, ਕਪੂਰਥਲਾ-ਜਲੰਧਰ ਰੋਡ, ਕਾਂਜਲੀ ਰੋਡ, ਮਾਲ ਰੋਡ ਦੇ ਇਲਾਵਾ ਹੋਰ ਬਾਜ਼ਾਰਾਂ ਵਿਚ 6 ਨੋ ਐਂਟਰੀ, 25 ਨੋ ਪਾਰਕਿੰਗ ਤੇ 5 ਹਾਰਨ ਜ਼ੋਨ ਦੇ ਕੁੱਲ 36 ਲੋਹੇ ਦੇ ਐਂਗਲ ਲਗਾਏ ਗਏ। ਉਨ੍ਹਾਂ ਕਿਹਾ ਕਿ ਪਹਿਲਾਂ ਟਰੈਫਿਕ ਮੁਲਾਜ਼ਮਾਂ ਦੀ ਕਮੀ ਦੇ ਚੱਲਦੇ ਸ਼ਹਿਰ ਵਾਸੀਆਂ ਨੂੰ ਟਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਣਾ ਪੈਂਦਾ ਸੀ। ਹੁਣ ਐੱਸਐੱਸਪੀ ਵੱਲੋਂ ਟਰੈਫਿਕ ਪੁਲਿਸ ਨੂੰ ਨਵੇਂ ਮੁਲਾਜ਼ਮ ਦਿੱਤੇ ਗਏ ਹਨ, ਜਿਸ ਕਾਰਨ ਹੁਣ ਸ਼ਹਿਰ ਵਿਚ ਲੋਕਾਂ ਨੂੰ ਟਰੈਫਿਕ ਸਮੱਸਿਆ ਤੋਂ ਨਿਜਾਤ ਦਵਾਈ ਜਾਵੇਗੀ। ਉਥੇ ਹੀ ਟਰੈਫਿਕ ਪੁਲਿਸ ਵੱਲੋਂ ਸਮੇਂ-ਸਮੇਂ ਉੱਤੇ ਸੈਮੀਨਾਰ ਆਯੋਜਿਤ ਕਰਕੇ ਈ-ਰਿਕਸ਼ਾ, ਆਟੋ ਰਿਕਸ਼ਾ, ਟੈਕਸੀ ਚਾਲਕਾਂ, ਟਰੱਕ ਯੂਨੀਅਨਾਂ ਦੇ ਇਲਾਵਾ ਸਕੂਲੀ ਬੱਸ ਡਰਾਇਵਰਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਚਾਲਕ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਹੋ ਸਕਣ। ਇਸ ਮੌਕੇ ਏਐੱਸਆਈ ਦਿਲਬਾਗ ਸਿੰਘ ਟਾਂਡੀ, ਏਐੱਸਆਈ ਸੁਰਜੀਤ ਸਿੰਘ, ਏਐੱਸਆਈ ਪ੍ਰੀਤਮ ਸਿੰਘ ਤੇ ਹੋਰ ਪਤਵੰਤੇ ਮੌਜੂਦ ਸਨ।