ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਸਕੂਟਰੀ ਸਵਾਰ ਤੋਂ 3000 ਲੁੱਟੇ
ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਸਕੂਟਰੀ ਸਵਾਰ ਤੋਂ 3000 ਲੁੱਟੇ
Publish Date: Sun, 25 Jan 2026 08:35 PM (IST)
Updated Date: Sun, 25 Jan 2026 08:37 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਾਵਨ ਨਗਰੀ ਸ਼ਹਿਰ ਵਿਚ ਲੁੱਟ-ਖੋਹ ਤੇ ਚੋਰੀ ਦੀਆਂ ਘਟਨਾਵਾਂ ਨਾਲ ਲੋਕਾਂ ਵਿਚ ਡਰ ਤੇ ਦਹਿਸ਼ਤ ਵਾਲਾ ਮਾਹੌਲ ਲਗਾਤਾਰ ਬਣਿਆ ਹੋਇਆ ਹੈ ਪਰ ਪੁਲਿਸ ਪ੍ਰਸ਼ਾਸਨ ਅੱਖਾਂ ਮੀਟ ਕੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਬੀਤੀ ਰਾਤ ਕੰਮ ਤੋਂ ਘਰ ਜਾ ਰਹੇ ਪਿੰਡ ਸ਼ਾਹਵਾਲਾ ਅੰਦਰੀਸਾ ਦੇ ਦਰਜੀ ਅਮਰੀਕ ਸਿੰਘ ਪਾਸੋ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਨਗਦੀ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਦੁਕਾਨ ਤੋਂ ਘਰ ਸਕੂਟਰੀ ’ਤੇ ਵਾਪਸ ਜਾ ਰਿਹਾ ਸੀ। ਪਿੰਡ ਭਾਗੋਰਾਈਆਂ ਦੀ ਟੈਂਕੀ ਦੇ ਨਜ਼ਦੀਕ ਤਿੰਨ ਮੋਟਰਸਾਈਕਲ ਸਵਾਰ ਆਏ ਤੇ ਉਨ੍ਹਾਂ ਮੈਨੂੰ ਤਲਵਾਰ ਤੇ ਹੋਰ ਤੇਜ਼ਧਾਰ ਹਥਿਆਰ ਵਿਖਾ ਕੇ ਰੋਕਿਆ ਤੇ ਪਹਿਲਾਂ ਕੁੱਟਮਾਰ ਕੀਤੀ ਤੇ ਫਿਰ 3000 ਰੁਪਏ ਖੋਹ ਕੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਉਸ ਨੇ ਇਹ ਪੈਸੇ ਆਪਣੀ ਪਤਨੀ ਦੇ ਇਲਾਜ ਲਈ ਇਕੱਠੇ ਕੀਤੇ ਸਨ। ਇਸ ਸਮੇਂ ਮੌਜੂਦ ਟੇਲਰ ਮਾਸਟਰ ਪਰਮੀਤ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ ਉਸ ਦੇ ਕੋਲ ਹੀ ਕੰਮ ਕਰਦਾ ਹੈ। ਤੇ ਅੱਜ ਉਸ ਨੇ 3000 ਲਏ ਸਨ, ਜੋ ਉਸ ਦੇ ਕੋਲੋਂ ਲੁਟੇਰਿਆਂ ਨੇ ਖੋਹ ਲਏ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕਿਤੇ ਵੀ ਰਾਤ ਨੂੰ ਪੁਲਿਸ ਗਸ਼ਤ ਨਹੀਂ ਹੈ ਤੇ ਇਲਾਕੇ ਵਿਚ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਹਨ, ਜਿਸ ਨੂੰ ਵੇਖਦਿਆਂ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਨੂੰ ਕਦਮ ਚੁੱਕਣ ਦੀ ਲੋੜ ਹੈ।