ਰੇਹੜੀ ਵਾਲੇ ਨੂੰ ਗੋਲੀ ਮਾਰ ਕੇ ਲੁੱਟਣ ਵਾਲੇ 3 ਕਾਬੂ
ਰੇਹੜੀ ਵਾਲੇ ਤੋਂ ਗੋਲੀ ਮਾਰ ਕੇ ਲੁੱਟਣ ਵਾਲੇ 3 ਮੁਲਜ਼ਮ ਕਾਬੂ
Publish Date: Tue, 07 Apr 2026 09:07 PM (IST)
Updated Date: Tue, 07 Apr 2026 09:08 PM (IST)

--4 ਦਿਨ ਪਹਿਲਾ ਪਿੰਡ ਬਰਿੰਦਪੁਰ ਦੇ ਨੇੜੇ ਹੋਈ ਸੀ ਵਾਰਦਾਤ, ਵਿਰੋਧ ਕਰਨ ’ਤੇ ਲੱਤ ’ਚ ਮਾਰੀ ਸੀ ਗੋਲੀ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਵਿਚ 2 ਅਪ੍ਰੈਲ ਦੀ ਦੇਰ ਰਾਤ ਕਪੂਰਥਲਾ–ਸੁਲਤਾਨਪੁਰ ਲੋਧੀ ਰੋਡ ‘ਤੇ ਪਿੰਡ ਬਰਿੰਦਰਪੁਰ ਦੇ ਨੇੜੇ ਇਕ ਰੇਹੜੀ ਵਾਲੇ ਨੂੰ ਗੋਲੀ ਮਾਰ ਕੇ ਲੁੱਟਣ ਵਾਲੇ ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸਦਰ ਦੀ ਪੁਲਿਸ ਨੇ ਬਦਮਾਸ਼ਾਂ ਤੋਂ ਵਾਰਦਾਤ ਵਿਚ ਵਰਤੀ ਗਈ ਦੇਸੀ ਪਿਸਤੌਲ, ਮੈਗਜ਼ੀਨ, 6 ਕਾਰਤੂਸ ਤੇ ਬਾਈਕ ਬਰਾਮਦ ਕੀਤੀ ਹੈ। ਇਸ ਦੀ ਪੁਸ਼ਟੀ ਐੱਸਪੀ (ਡੀ) ਹਰਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ ਤਿੰਨੇ ਬਦਮਾਸ਼ ਪੇਸ਼ੇਵਰ ਅਪਰਾਧੀ ਹਨ ਤੇ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਕਈ ਕੇਸ ਦਰਜ ਹਨ। ਐੱਸਪੀ (ਡੀ) ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਸਦਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਰਾਜਿੰਦਰ ਪਾਲ ਵਾਸੀ ਔਜਲਾ ਫਾਟਕ, ਜੱਗੂ ਸ਼ਾਹ ਡੇਰਾ ਕਪੂਰਥਲਾ ਨੇ ਦੱਸਿਆ ਕਿ ਉਹ ਆਰਸੀਐੱਫ ਦੇ ਨੇੜੇ ਦੁਕਾਨਦਾਰਾਂ ਨੂੰ ਰੇਹੜੀ ‘ਤੇ ਖਾਣ-ਪੀਣ ਦਾ ਸਮਾਨ ਸਪਲਾਈ ਕਰਦਾ ਹੈ। 2 ਅਪ੍ਰੈਲ ਦੀ ਰਾਤ ਕਰੀਬ 10 ਵਜੇ ਉਹ ਰੋਜ਼ ਦੀ ਤਰ੍ਹਾਂ ਕੰਮ ਮੁਕਾ ਕੇ ਘਰ ਵਾਪਸ ਜਾ ਰਿਹਾ ਸੀ, ਜਦੋਂ ਉਹ ਪਿੰਡ ਬਰਿੰਦਰਪੁਰ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚਿਆ ਤਾਂ ਪਿੱਛੋਂ ਆਏ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਉਸ ਨੂੰ ਰੋਕ ਲਿਆ। ਬਦਮਾਸ਼ਾਂ ਨੇ ਪਿਸਤੌਲ ਦਿਖਾ ਕੇ ਉਸ ਦੀ ਦਿਨ ਭਰ ਦੀ ਕਮਾਈ ਲਗਪਗ 10,000 ਰੁਪਏ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਉਸ ਵੱਲੋਂ ਵਿਰੋਧ ਕਰਨ ‘ਤੇ ਬਦਮਾਸ਼ਾਂ ਨੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਇਨ੍ਹਾਂ ਵਿਚੋਂ ਇਕ ਗੋਲੀ ਜ਼ਮੀਨ ‘ਤੇ ਤੇ ਦੂਜੀ ਉਸ ਦੀ ਲੱਤ ਦੇ ਉੱਪਰਲੇ ਹਿੱਸੇ ਵਿਚ ਲੱਗੀ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਨੇੜਲੇ ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਚ ਦਾਖ਼ਲ ਕਰਵਾਇਆ, ਜਿਥੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਡਿਊਟੀ ਡਾਕਟਰ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਐੱਸਪੀ (ਡੀ) ਨੇ ਦੱਸਿਆ ਕਿ ਇਸ ਮਾਮਲੇ ਵਿਚ ਡੀਐੱਸਪੀ ਸਬ-ਡਿਵੀਜ਼ਨ ਡਾ. ਸ਼ੀਤਲ ਸਿੰਘ ਤੇ ਥਾਣਾ ਸਦਰ ਦੇ ਐੱਸਐੱਚਓ ਐੱਸਆਈ ਰਣਜੀਤ ਸਿੰਘ ਦੀ ਟੀਮ ਨੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਦੀ ਪਛਾਣ ਪਰਮੇਸ਼ਵਰ ਸਿੰਘ ਉਰਫ਼ ਸੋਨੂ ਵਾਸੀ ਪਿੰਡ ਅਦਾਲਤ ਚੱਕ ਨਿਊ ਕਾਲੋਨੀ ਸੁਲਤਾਨਪੁਰ ਲੋਧੀ, ਅਵਿਨਾਸ਼ ਉਰਫ਼ ਵਰਾਟ ਵਾਸੀ ਕਾਜਲੀ ਬਾਗ ਅਰੋੜਾ ਸੁਲਤਾਨਪੁਰ ਲੋਧੀ ਤੇ ਸੁਭਾਸ਼ ਉਰਫ਼ ਨੀਟਾ ਵਾਸੀ ਪਿੰਡ ਲੋਧੀ ਭੁਲਾਣਾ ਥਾਣਾ ਸਦਰ ਕਪੂਰਥਲਾ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਇਨ੍ਹਾਂ ਤੋਂ ਵਾਰਦਾਤ ਵਿਚ ਵਰਤੀ ਗਈ 32 ਬੋਰ ਦੇਸੀ ਪਿਸਤੌਲ, ਮੈਗਜ਼ੀਨ, 6 ਕਾਰਤੂਸ ਤੇ ਬਾਈਕ ਬਰਾਮਦ ਕੀਤੀ ਗਈ ਹੈ। ਐੱਸਪੀ (ਡੀ) ਨੇ ਦੱਸਿਆ ਕਿ ਤਿੰਨੇ ਪੇਸ਼ੇਵਰ ਅਪਰਾਧੀ ਹਨ। ਸੋਨੂ ਤੇ ਅਵਿਨਾਸ਼ ਖ਼ਿਲਾਫ਼ ਇਕ-ਇਕ ਐੱਨਡੀਪੀਐੱਸ ਐਕਟ ਦਾ ਕੇਸ ਦਰਜ ਹੈ, ਜਦਕਿ ਨੀਟਾ ਖ਼ਿਲਾਫ਼ ਐੱਨਡੀਪੀਐੱਸ ਐਕਟ ਤੇ ਲੁੱਟ ਦੇ ਤਿੰਨ ਕੇਸ ਦਰਜ ਹਨ। ਇਹ ਤਿੰਨੇ ਹੀ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਏ ਹੋਏ ਸਨ।