ਫਾਈਨਾਂਸ ਕੰਪਨੀ ਦੇ ਕਰਿੰਦੇ ਤੋਂ ਪੌਣੇ ਤਿੰਨ ਲੱਖ ਲੁੱਟੇ
ਪਿੰਡ ਜੱਬੋਵਾਲ ਕੋਲ ਲੁੱਟ
Publish Date: Sat, 07 Mar 2026 09:49 PM (IST)
Updated Date: Sat, 07 Mar 2026 09:54 PM (IST)

ਪਿੰਡ ਜੱਬੋਵਾਲ ਕੋਲ ਲੁੱਟ ਕੇ ਪੀੜਤ ਨੂੰ ਕਣਕ ਦੇ ਖੇਤ ’ਚ ਸੁੱਟਿਆ ਬ੍ਰਾਂਚ ਮੈਨੇਜਰ ਦੀ ਸ਼ਿਕਾਇਤ ’ਤੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਜਾਸੰ, ਕਪੂਰਥਲਾ : ਫਾਈਨਾਂਸ ਕੰਪਨੀ ਦੇ ਕਰਿੰਦੇ ਤੋਂ ਹਥਿਆਰ ਦਿਖਾ ਕੇ ਪੌਣੇ ਤਿੰਨ ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜ ਮਾਰਚ ਦੀ ਰਾਤ ਅੱਠ ਵਜੇ ਪਿੰਡ ਜੱਬੋਵਾਲ ਕੋਲ ਲੁਟੇਰਿਆਂ ਨੇ ਲੱਤ ਮਾਰ ਕੇ ਪੀੜਤ ਨੂੰ ਬਾਈਕ ਸਮੇਤ ਕਣਕ ਦੇ ਖੇਤ ’ਚ ਸੁੱਟ ਦਿੱਤਾ ਤੇ ਤੇਜ਼ਧਾਰ ਹਥਿਆਰ ਦਿਖਾ ਕੇ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਫਰਾਰ ਹੋ ਗਏ। ਥਾਣਾ ਸੁਲਤਾਨ ਪੁਰ ਲੋਧੀ ਦੀ ਪੁਲਿਸ ਨੇ ਬ੍ਰਾਂਚ ਮੈਨੇਜਰ ਦੀ ਸ਼ਿਕਾਇਤ ’ਤੇ ਅਣਪਛਾਤੇ ਲੁਟੇਰਿਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਨਿਰਦੋਸ਼ ਕੁਮਾਰ ਵਾਸੀ ਪਿੰਡ ਲਾੜੀ ਬਾਵੀਆਂ ਜ਼ਿਲ੍ਹਾ ਪਠਾਨਕੋਟ ਹਾਲ ਵਾਸੀ ਮੁਹੱਲਾ ਮੌਰੀ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਹ ਆਰਬੀਐੱਲ ਫਾਈਨਾਂਸਰ ਲਿਮਟਿਡ ਬ੍ਰਾਂਚ ਸੁਲਤਾਨਪੁਰ ਲੋਧੀ-2 ’ਚ ਤਿੰਨ ਸਾਲ ਤੋਂ ਬਤੌਰ ਬ੍ਰਾਂਚ ਮੈਨੇਜਰ ਕੰਮ ਕਰ ਰਿਹਾ ਹੈ। ਉਨ੍ਹਾਂ ਦੀ ਬ੍ਰਾਂਚ ’ਚ ਪਿਛਲੇ ਦੋ ਸਾਲਾਂ ਤੋਂ ਨਿਸ਼ਾਨ ਸਿੰਘ ਵਾਸੀ ਵਾਤਾਕਾਲੀ ਰੌਣ ਥਾਣਾ ਮਖੂ ਜ਼ਿਲ੍ਹਾ ਫਿਰੋਜ਼ਪੁਰ ਕੈਸ਼ ਕੁਲੈਕਸ਼ਨ ਦਾ ਕੰਮ ਕਰ ਰਿਹਾ ਹੈ। ਪੰਜ ਮਾਰਚ ਦੀ ਰਾਤ ਲਗਪਗ ਅੱਠ ਵਜੇ ਨਿਸ਼ਾਨ ਸਿੰਘ ਨੇ ਫੋਨ ਕਰਕੇ ਉਸ ਨੂੰ ਦੱਸਿਆ ਕਿ ਉਹ ਪਿੰਡ ਜੱਬੋਵਾਲ ਤੋਂ ਥੋੜ੍ਹਾ ਪਿੱਛੇ ਆਪਣੇ ਮੋਟਰਸਾਈਕਲ ’ਤੇ ਆ ਰਿਹਾ ਸੀ ਕਿ ਇਕ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਉਸ ਨੂੰ ਲੱਤ ਮਾਰ ਕੇ ਬਾਈਕ ਸਮੇਤ ਕਣਕ ਦੇ ਖੇਤਾਂ ’ਚ ਸੁੱਟ ਦਿੱਤਾ। ਫਿਰ ਉਹ ਤੇਜ਼ਧਾਰ ਹਥਿਆਰ ਲੈ ਕੇ ਉਸ ਕੋਲ ਆਏ ਤੇ ਪੈਸਿਆਂ ਦਾ ਬੈਗ ਖੋਹਣ ਲੱਗੇ। ਬੈਗ ’ਚ ਪੂਰੇ ਦਿਨ ਦੀ ਕੁਲੈਕਸ਼ਨ 2 ਲੱਖ 73 ਹਜ਼ਾਰ 950 ਰੁਪਏ ਦੀ ਰਕਮ ਸੀ। ਨਿਰਦੋਸ਼ ਕੁਮਾਰ ਨੇ ਦੱਸਿਆ ਕਿ ਉਹ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਬਾਅਦ ’ਚ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੂੰ ਮਾਮਲਾ ਲੱਗ ਰਿਹਾ ਸ਼ੱਕੀ ਥਾਣਾ ਸੁਲਤਾਨ ਪੁਰ ਲੋਧੀ ਦੇ ਐੱਸਐੱਚਓ ਇੰਸਪੈਕਟਰ ਹਰਿੰਦਰ ਸਿੰਘ ਤੇ ਜਾਂਚ ਅਧਿਕਾਰੀ ਏਐੱਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਬ੍ਰਾਂਚ ਮੈਨੇਜਰ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਲੁਟੇਰਿਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਪਰ ਪਹਿਲੀ ਨਜ਼ਰੇ ਮਾਮਲਾ ਸ਼ੱਕੀ ਲੱਗ ਰਿਹਾ ਹੈ ਕਿਉਂਕਿ ਪੀੜਤ ਕਰਿੰਦਾ ਬਿਲਕੁੱਲ ਠੀਕ ਹੈ, ਉਸ ਦੇ ਕਿਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਹੈ। ਫਿਲਹਾਲ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਛੇਤੀ ਹੀ ਇਸ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।