ਲੋਨ ਰਿਕਵਰੀ ਵਾਲਿਆਂ ਬਣਾਈ ਲੁੱਟ ਦੀ ਝੂਠੀ ਕਹਾਣੀ, 2 ਕਾਬੂ
ਲੁੱਟ ਖੋਹ ਦੀ ਝੂਠੀ ਕਹਾਣੀ ਬਣਾ ਕੇ ਕੁਲੈਕਸ਼ਨ ਕੀਤੀ ਰਕਮ ਸਮੇਤ 2 ਵਿਅਕਤੀ ਕਾਬੂ
Publish Date: Mon, 09 Mar 2026 06:50 PM (IST)
Updated Date: Mon, 09 Mar 2026 06:54 PM (IST)

ਲੁੱਟ ਦੀ ਰਕਮ ਕੀਤੀ ਬਰਾਮਦ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਉਸ ਵਕਤ ਸਫਲਤਾ ਹੱਥ ਲੱਗੀ ਜਦ ਉਨ੍ਹਾਂ ਲੁੱਟ ਦੀ ਝੂਠੀ ਕਹਾਣੀ ਬਣਾਉਣ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਏਐੱਸਪੀ ਧਰੇਂਦਰ ਵਰਮਾ ਨੇ ਦੱਸਿਆ ਕਿ ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਦੀ ਅਗਵਾਈ ਵਿਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ ਲੁੱਟ-ਖੋਹ ਦੀ ਝੂਠੀ ਕਹਾਣੀ ਘੜਨ ਵਾਲੇ ਆਰਬੀਐੱਲ ਫਾਈਨਾਂਸਰ ਲਿਮਿਟਡ ਬੈਂਕ ਦੇ ਮੁਲਾਜ਼ਮ 2 ਵਿਅਕਤੀਆ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਿਤੀ 6-3-2026 ਨੂੰ ਨਿਰਦੋਸ਼ ਕੁਮਾਰ ਪੁੱਤਰ ਚਰਨ ਦਾਸ ਵਾਸੀ ਪਿੰਡ ਲਾੜੀ ਬਾਵਿਆ ਥਾਣਾ ਸਰਨਾ ਜ਼ਿਲ੍ਹਾ ਪਠਾਨਕੋਟ ਹਾਲ ਵਾਸੀ ਕਿਰਾਏਦਾਰ ਸਰਵਨ ਰਾਮ ਮਹੱਲਾ ਮੋਰੀ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੇ ਇਤਲਾਹ ਦਿੱਤੀ ਕਿ ਉਹ ਆਰਬੀਐੱਲ ਫਾਈਨਾਂਸਰ ਲਿਮਿਟਡ ਬੈਂਕ ਬ੍ਰਾਂਚ ਸੁਲਤਾਨਪੁਰ ਲੋਧੀ ਵਿਚ ਬਤੌਰ ਬ੍ਰਾਂਚ ਮੈਨੇਜਰ ਕਰੀਬ 3 ਸਾਲ ਤੋਂ ਕੰਮ ਕਰ ਰਿਹਾ ਹੈ। ਉਨ੍ਹਾਂ ਦੀ ਬ੍ਰਾਂਚ ਵਿਚ ਨਿਸ਼ਾਨ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਵਾੜਾ ਕਾਲੀ ਰੌਣ ਥਾਣਾ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਸੁਲਤਾਨਪੁਰ ਲੋਧੀ ਵਿਚ ਕੁਲੈਕਸ਼ਨ ਦਾ ਕੰਮ 2 ਸਾਲ ਤੋਂ ਕਰਦਾ ਆ ਰਿਹਾ ਹੈ। ਮਿਤੀ 5-3-2026 ਨੂੰ ਉਸ ਨੂੰ ਨਿਸ਼ਾਨ ਸਿੰਘ ਦਾ ਫੋਨ ਆਇਆ ਕਿ ਜਦ ਉਹ ਪਿੰਡ ਜੱਬੋਵਾਲ ਦੇ ਥੋੜਾ ਪਿੱਛੇ ਆਪਣੇ ਮੋਟਰ ਸਾਈਕਲ ’ਤੇ ਆ ਰਿਹਾ ਸੀ ਤਾਂ 2 ਮੋਟਰ ਸਾਈਕਲ ਸਵਾਰਾਂ ਨੇ ਉਸਦੇ ਮੋਟਰ ਸਾਈਕਲ ਨੂੰ ਲੱਤ ਮਾਰ ਕੇ ਕਣਕ ਦੇ ਖੇਤ ਵਿਚ ਸੁੱਟ ਕੇ ਦਾਤਰ ਦੀ ਨੋਕ ’ਤੇ ਨਿਸ਼ਾਨ ਸਿੰਘ ਕੋਲੋਂ ਕੁਲੈਕਸ਼ਨ ਦੀ 2 ਲੱਖ 73 ਹਜ਼ਾਰ, 950 ਰੁਪਏ ਦੀ ਰਕਮ ਖੋਹ ਲਈ, ਜਿਸ ’ਤੇ ਮੁਕੱਦਮਾ ਨੰਬਰ 48 ਮਿਤੀ 06.03.2026 ਅ/ਧ 307,3(5) ਬੀਐੱਨਐੱਸ ਥਾਣਾ ਸੁਲਤਾਨਪੁਰ ਲੋਧੀ ਦਰਜ ਰਜਿਸਟਰ ਕਰਕੇ ਏਐੱਸਆਈ ਦਿਲਬਾਗ ਸਿੰਘ ਨੇ ਤਫਤੀਸ਼ ਅਮਲ ਵਿਚ ਲਿਆਂਦੀ। ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਨਿਸ਼ਾਨ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਵਾੜਾ ਕਾਲੀ ਰੋਣ ਥਾਣਾ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਤੇ ਲਵਪ੍ਰੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਕਿਲੀ ਬੋਦਲਾ ਥਾਣਾ ਮੱਖੂ ਜ਼ਿਲ੍ਹਾ ਫਿਰੋਜ਼ਪੁਰ, ਦੋਵੇਂ ਹੀ ਆਰਬੀਐੱਲ ਫਾਈਨਾਂਸਰ ਲਿਮਿਟਡ ਬ੍ਰਾਂਚ ਸੁਲਤਾਨਪੁਰ ਲੋਧੀ ਵਿਚ ਲੋਨ ਰਿਕਵਰੀ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਝੂਠੀ ਕਹਾਣੀ ਬਣਾ ਕੇ ਮਿਤੀ 05-03-2026 ਨੂੰ ਕੁਲੈਕਸ਼ਨ ਕੀਤੀ ਰਕਮ ਗਬਨ ਕਰ ਲਈ ਸੀ ਤੇ ਲੁੱਟ-ਖੋਹ ਦੀ ਝੂਠੀ ਕਹਾਣੀ ਰਚ ਕੇ ਪੇਸ਼ ਕੀਤੀ ਸੀ। ਉਨ੍ਹਾਂ ਨੂੰ ਮਿਤੀ 7-3-2026 ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਨ੍ਹਾਂ ਕੋਲੋਂ 2 ਲੱਖ 65 ਹਜ਼ਾਰ ਰੁਪਏ, ਬੈਂਕ ਦਾ ਇਕ ਟੈਬ ਮਾਰਕਾ ਸੈਮਸੰਗ ਤੇ ਡੀਵਾਈਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।