ਬਾਬਾ ਗੁਰਦਿਆਲ ਸਿੰਘ ਬੰਨ੍ਹ ਵਾਲਿਆਂ ਦੀ 18ਵੀਂ ਸਲਾਨਾ ਬਰਸੀ ਮਨਾਈ
ਪਿੰਡ ਮਲਕਪੁਰ ਵਿਖੇ ਮਨਾਈ ਬ੍ਰਹਮ ਗਿਆਨੀ ਬਾਬਾ ਗੁਰਦਿਆਲ ਸਿੰਘ ਬੰਨ੍ਹ ਵਾਲਿਆਂ ਦੀ 18ਵੀਂ ਸਲਾਨਾ ਬਰਸੀ
Publish Date: Sat, 10 Jan 2026 07:35 PM (IST)
Updated Date: Sat, 10 Jan 2026 07:39 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਬ੍ਰਹਮ ਗਿਆਨੀ ਸੰਤ ਬਾਬਾ ਗੁਰਦਿਆਲ ਸਿੰਘ ਬੰਨ੍ਹ ਵਾਲਿਆਂ ਦਾ 18ਵਾਂ ਸਲਾਨਾ ਬਰਸੀ ਸਮਾਗਮ ਗੁਰਦੁਆਰਾ ਸ਼੍ਰੀ ਤਰਨਤਾਰਨ ਸਾਹਿਬ ਪਿੰਡ ਮਲਕਪੁਰ ਵਿਖੇ ਸੇਵਾਦਾਰ ਬੀਬੀ ਹਰਬੰਸ ਕੌਰ ਦੀ ਅਗਵਾਈ ਹੇਠ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਸਵੇਰੇ ਸ਼੍ਰੀ ਸਹਿਜ ਪਾਠ ਦੇ ਭੋਗ ਉਪਰੰਤ ਬੀਬੀ ਬਖਸ਼ਿੰਦਰ ਕੌਰ ਫਗਵਾੜਾ ਦੇ ਜਥੇ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਉਪਰੰਤ ਹੈੱਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸੇਵਾਦਾਰ ਬੀਬੀ ਹਰਬੰਸ ਕੌਰ ਅਤੇ ਮਿਸਤਰੀ ਦਰਸ਼ਨ ਸਿੰਘ ਨੇ ਬ੍ਰਹਮ ਗਿਆਨੀ ਅਤੇ ਤਪੱਸਵੀ ਸੰਤ ਗੁਰਦਿਆਲ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਜੀਵਨ ਜਿਥੇ ਨਿਰੰਕਾਰ ਅਕਾਲ ਪੁਰਖ ਦੀ ਤਪੱਸਿਆ ਵਿਚ ਗੁਜਾਰਿਆ, ਉਥੇ ਹੀ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹੋਏ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਆ। ਉਨ੍ਹਾਂ ਵੱਲੋਂ ਕੀਤੇ ਸਮਾਜ ਭਲਾਈ ਦੇ ਕੰਮਾਂ ਨੂੰ ਇਲਾਕੇ ਭਰ ਦੇ ਲੋਕ ਅੱਜ ਵੀ ਯਾਦ ਕਰਦੇ ਹਨ। ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਅਸ਼ੀਰਵਾਦ ਪ੍ਰਾਪਤ ਕੀਤਾ। ਸੇਵਾਦਾਰਾਂ ਵੱਲੋਂ ਲੰਗਰ ਦੀ ਸੇਵਾ ਪੂਰੀ ਤਨਦੇਹੀ ਨਾਲ ਕੀਤੀ ਗਈ।