ਲੜਾਈ-ਝਗੜੇ ਦੇ 2 ਮਾਮਲਿਆਂ ’ਚ 11 ਨਾਮਜ਼ਦ
ਲੜਾਈ ਝਗੜੇ ਦੇ ਮਾਮਲੇ ਵਿਚ 11 ਨਾਮਜ਼ਦ
Publish Date: Sat, 03 Jan 2026 09:59 PM (IST)
Updated Date: Sat, 03 Jan 2026 10:02 PM (IST)

ਸੁਖਪਾਲ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਥਾਣਾ ਸਦਰ ਅਤੇ ਥਾਣਾ ਸੁਭਾਨਪੁਰ ਪੁਲਿਸ ਨੇ ਲੜਾਈ-ਝਗੜੇ ਦੇ 2 ਵੱਖ-ਵੱਖ ਮਾਮਲਿਆਂ ਵਿਚ 11 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪਹਿਲੇ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਵੱਲੋਂ 6 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਬਲਬੀਰ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਬਿਹਾਰੀਪੁਰ ਥਾਣਾ ਸਦਰ ਕਪੂਰਥਲਾ ਨੇ ਦੱਸਿਆ ਕਿ ਸਾਰੇ ਪਿੰਡ ਦੀ ਸੰਗਤ ਸ਼ਹੀਦ ਬਾਬਾ ਦੱਲ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਸੀ ਕਿ ਸ਼ਾਮ ਕਰੀਬ 6 ਵਜੇ ਉਹ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਰਤਨ ਸਿੰਘ ਪੁੱਤਰ ਜਗੀਰ ਸਿੰਘ ਅਤੇ ਹੋਰ ਕਮੇਟੀ ਮੈਂਬਰਾਂ ਜਿਨ੍ਹਾਂ ਵਿਚ ਉਹ ਵੀ ਮੈਂਬਰ ਹੈ, ਲੰਗਰ ਦੇ ਬਰਤਨ ਅਤੇ ਲੰਗਰ ਦਾ ਸੁੱਕਾ ਰਾਸ਼ਨ ਗੁਰਦੁਆਰਾ ਸਾਹਿਬ ਦੀ ਰਸੋਈ ਵਿਚ ਛਾਂਟਣ ਲੱਗੇ ਸੀ ਤਾਂ ਰਣਜੀਤ ਸਿੰਘ ਪੁੱਤਰ ਇੰਦਰਜੀਤ ਸਿੰਘ, ਲਖਬੀਰ ਸਿੰਘ ਪੁੱਤਰ ਕੁਲਵਿੰਦਰ ਸਿੰਘ, ਮਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ, ਹਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ, ਰਣਜੀਤ ਕੌਰ ਪਤਨੀ ਮੋਹਨ ਸਿੰਘ, ਪਰਮਜੀਤ ਕੌਰ ਪਤਨੀ ਇੰਦਰਜੀਤ ਸਿੰਘ ਅਤੇ ਹੋਰ 3-4 ਅਣਪਛਾਤੇ ਵਿਅਕਤੀਆਂ ਨੇ ਉਸਦੀ ਕੁੱਟਮਾਰ ਕੀਤੀ। ਥਾਣਾ ਸਦਰ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਦੂਸਰੇ ਮਾਮਲੇ ਵਿਚ ਥਾਣਾ ਸੁਭਾਨਪੁਰ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਇੰਦਰਜੀਤ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਬਾਦਸ਼ਾਹਪੁਰ ਥਾਣਾ ਸੁਭਾਨਪੁਰ ਨੇ ਦੱਸਿਆ ਕਿ ਉਹ ਆਪਣੇ ਚਾਚੇ ਸਤਪਾਲ ਕੋਲ 22 ਦਸੰਬਰ 2025 ਨੂੰ ਪਿੰਡ ਬੂਟਾਂ ਗਿਆ ਸੀ, ਜਿਥੇ ਮਨਪ੍ਰੀਤ ਕੌਰ ਆਪਣੇ ਪਤੀ ਪਰਮਜੀਤ ਨਾਲ ਲੜ ਰਹੀ ਸੀ, ਜਿਸਨੂੰ ਉਸਨੇ ਕਿਹਾ ਕਿ ਨਾ ਲੜੋ। ਇਸ ’ਤੇ ਪਰਮਜੀਤ ਦਾ ਸਾਲਾ ਵਲੈਤ ਸਿੰਘ ਉਸਦੀ ਪਤਨੀ ਕੁਲਦੀਪ ਕੌਰ ਤੇ ਨਾਨਕ ਸਿੰਘ ਨਾਲ 2 ਅਣਪਛਾਤੇ ਵਿਅਕਤੀ ਆ ਗਏ ਤੇ ਉਸਨੂੰ ਕਹਿਣ ਲੱਗੀ ਕਿ ਤੂੰ ਮੇਰੇ ਕੱਪੜੇ ਪਾੜੇ ਹਨ। ਇੰਨੇ ਨੂੰ ਬਿੱਲਾ ਪੁੱਤਰ ਵਲੈਤ ਸਿੰਘ, ਵਲੈਤ ਸਿੰਘ ਪੁੱਤਰ ਸਤਨਾਮ ਸਿੰਘ, ਕੁਲਦੀਪ ਕੌਰ ਪਤਨੀ ਵਲੈਤ ਸਿੰਘ, ਮਨਪ੍ਰੀਤ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਡੈਣਵਿੰਡ ਥਾਣਾ ਕੋਤਵਾਲੀ ਕਪੂਰਥਲਾ ਅਤੇ ਨਾਨਕ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਬੂਟ ਥਾਣਾ ਸੁਭਾਨਪੁਰ ਅਤੇ 6-7 ਨਾਮਾਲੂਮ ਵਿਅਕਤੀਆਂ ਨੇ ਉਸਦੀ ਕੁੱਟਮਾਰ ਕੀਤੀ। ਉਸ ਨੂੰ ਆਪਣੇ ਇਲਾਜ ਲਈ ਹਸਪਤਾਲ ਦਾਖਲ ਹੋਣਾ ਪਿਆ, ਜਿਸ ’ਤੇ ਡਿਊਟੀ ਡਾਕਟਰ ਨੇ ਐੱਮਐੱਲਆਰ ਕੱਟ ਦਿੱਤੀ। ਪੁਲਿਸ ਵੱਲੋਂ ਉਕਤ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।