- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਲਾਮਾਰ ਬਾਗ ਵਿਚ ਅੱਜ ਲਗੇਗਾ 109 ਸਾਲ ਪੁਰਾਣਾ ਬਸੰਤ ਮੇਲਾ

-ਕਪੂਰਥਲਾ ਰਿਆਸਤ ਦੇ ਮਹਾਰਾਜਾ ਜਗਤਜੀਤ ਸਿੰਘ ਨੇ 1971 ਵਿਚ ਕਰਵਾਇਆ ਸੀ ਮੇਲਾ ਸ਼ੁਰੂ
ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ, ਕਪੂਰਥਲਾ : ਇਤਿਹਾਸਕ ਸ਼ਹਿਰ ਕਪੂਰਥਲਾ ’ਚ ਬਸੰਤ ਮੇਲੇ ਦੀ ਸ਼ੁਰੂਆਤ ਰਿਆਸਤ ਦੇ ਮਹਾਰਾਜਾ ਜਗਤਜੀਤ ਸਿੰਘ ਵੱਲੋਂ ਕਰਵਾਈ ਗਈ ਸੀ। “ਸ਼ਾਲੀਮਾਰ ਬਾਗ ਦਾ ਬਸੰਤ ਮੇਲਾ ਬਹੁਤ ਹੀ ਬੇਮਿਸਾਲ ਹੁੰਦਾ ਸੀ। ਰਿਆਸਤ ਦੇ ਨੀਲੇ-ਸਫੈਦ ਰੰਗ ਦੇ ਝੰਡਿਆਂ ਨਾਲ ਸਜੇ ਹਾਥੀਆਂ 'ਤੇ ਮਹਾਰਾਜਾ ਦੀ ਸਵਾਰੀ ਮਾਲ ਰੋਡ ਅਤੇ ਸਦਰ ਬਜ਼ਾਰ ਰਾਹੀਂ ਜੁਲੂਸ ਵਜੋਂ ਬਾਗ ਤੱਕ ਪਹੁੰਚਦੀ ਸੀ। ਰਾਜਸੀ ਵੈਸ਼-ਭੂਸ਼ਾ ਵਿੱਚ ਗਹਿਣਿਆਂ ਨਾਲ ਸਜੇ ਮਹਾਰਾਜਾ ਨੂੰ ਮਿਲਣ ਲਈ ਪੂਰਾ ਸ਼ਹਿਰ ਉਲਰ ਪੈਂਦਾ ਸੀ।” 109 ਸਾਲ ਪੁਰਾਣਾ ਇਹ ਮੇਲਾ ਭਾਵੇਂ ਕੁਝ ਸਾਲ ਪਹਿਲਾਂ ਥੋੜ੍ਹਾ ਅਨਿਯਮਿਤ ਹੋ ਗਿਆ ਸੀ ਪਰ ਕਈ ਸਾਲ ਬਾਅਦ ਫਿਰ ਇਸ ਦੀ ਰੌਣਕ ਵਾਪਸ ਆਉਣ ਲੱਗੀ ਹੈ। ਕਪੂਰਥਲਾ ਦੇ ਐਮਐਲਏ ਰਾਣਾ ਗੁਰਜੀਤ ਸਿੰਘ ਵੱਲੋ ਨਗਰ ਨਿਗਮ ਦੇ ਸਹਿਯੋਗ ਨਾਲ 28 ਜਨਵਰੀ ਨੂੰ 99ਵੇਂ ਬਸੰਤ ਮੇਲੇ ਦਾ ਸ਼ਾਲਾਮਾਰ ਬਾਗ ਵਿਖੇ ਆਯੋਜਨ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਕਈ ਚੋਟੀ ਦੇ ਗਾਇਕ ਅਤੇ ਹਾਸਰਸ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਨਗੇ। ਨਾਮਚੀਨ ਪਹਿਲਵਾਨਾ ਦੇ ਕੁਸ਼ਤੀ ਮੁਕਾਬਲੇ ਹੋਣਗੇ ਤੇ ਨੌਜਵਾਨਾ ਵੱਲੋ ਪਤੰਗਬਾਜੀ ਕਰਦੇ ਹੋਏ ਪੇਚੇਂ ਵੀ ਲੜਾਏ ਜਾਣਗੇ। ਚਾਰ ਸਾਲ ਦੇ ਵਕਫੇ ਬਾਅਦ ਹੋ ਰਹੇ ਇਸ ਮੇਲੇ ਨੂੰ ਲੈ ਕੇ ਕਪੂਰਥਲਾ ਵਾਸੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਸ਼ਾਲਾਮਾਰ ਬਾਗ ਵਿੱਚ ਲੱਗਣ ਵਾਲੇ ਇੱਕ ਸ਼ਤਾਬਦੀ ਤੋਂ ਵੀ ਜ਼ਿਆਦਾ ਪੁਰਾਣੇ ਇਸ ਬਸੰਤ ਮੇਲੇ ਨੂੰ ਲੈ ਕੇ ਮਹਾਰਾਜਾ ਜਗਤਜੀਤ ਸਿੰਘ ਦੇ ਵੰਸ਼ਿਜ ਟਿੱਕਾ ਸ਼ਤਰੂਜੀਤ ਸਿੰਘ ਨੇ ਆਪਣੀਆਂ ਯਾਦਾਂ ਦੇ ਖਜਾਨੇ ਵਿਚੋ ਕਈ ਯਾਦਾ ਨੂੰ ਸਾਂਝੇ ਕੀਤਾ। ਟਿੱਕਾ ਸ਼ਤਰੂਜੀਤ ਸਿੰਘ ਨੇ ਕਿਹਾ ਕਿ, “ਸ਼ਾਲੀਮਾਰ ਬਾਗ ਦਾ ਇਹ ਬਸੰਤ ਮੇਲਾ ਬਹੁਤ ਹੀ ਬੇਮਿਸਾਲ ਸੀ। ਪੁਰਾਤਨ ਸਮੇਂ ਦਾ ਬਸੰਤ ਮੇਲਾ ਲੋਕਾਂ ਦੇ ਮੇਲ ਮਿਲਾਪ ਦਾ ਇਕ ਵੱਡਾ ਜਰੀਆ ਹੁੰਦਾ ਸੀ। ਉਸ ਵੇਲੇ ਅੱਜ ਦੀ ਤਰ੍ਹਾਂ ਕਿਸੇ ਬਲੈਕ ਕੈਟ ਕਮਾਂਡੋਜ਼ ਦੀ ਸੁਰੱਖਿਆ ਦੀ ਜ਼ਰੂਰਤ ਨਹੀਂ ਹੁੰਦੀ ਸੀ। ਮਹਾਰਾਜ਼ ਸਾਰੇ ਲੋਕਾਂ ਨੂੰ ਬੜੇ ਪਿਆਰ ਨਾਲ ਮਿਲਦੇ, ਉਹਨਾਂ ਦੀਆਂ ਸਮੱਸਿਆਵਾਂ ਸੁਣਦੇ। ਖੁਸ਼ੀਆਂ ਵੰਡਦੇ। ਲੋਕ ਪਿਆਰ ਨਾਲ ਉਨ੍ਹਾਂ ਲਈ ਪੀਲੇ ਪਕਵਾਨ ਬਣਾਕੇ ਲਿਆਉਂਦੇ। ਮਹਾਰਾਜ਼ ਥੋੜ੍ਹਾ-ਥੋੜ੍ਹਾ ਸਭ ਤੋਂ ਚੱਖਦੇ। ਸ਼ਾਮ ਤੱਕ ਕਹਿਣ ਲੱਗ ਪੈਂਦੇ, “ਅੱਜ ਤਾਂ ਖਾ-ਖਾ ਕੇ ਹਾਲਤ ਖਰਾਬ ਹੋ ਗਈ।”
ਉਸ ਵਕਤ 40-50 ਹਜ਼ਾਰ ਲੋਕ, ਆਪਣੇ ਸਿਰਾਂ ’ਤੇ ਪੀਲੇ ਰੰਗ ਦੇ ਸਾਫ਼ੇ ਤੇ ਪੱਗਾ ਬੰਨ੍ਹ ਕੇ ਮੇਲੇ ਵਿੱਚ ਸ਼ਾਮਿਲ ਹੁੰਦੇ ਸਨ। ਔਰਤਾਂ ਵੀ ਪੀਲੇ ਰੰਗ ਦੀਆਂ ਪੰਜਾਬੀ ਪੋਸ਼ਾਕਾਂ ਵਿੱਚ ਹੀ ਰਹਿੰਦੀਆਂ ਸਨ। ਕੋਈ ਵੀ ਵਿਅਕਤੀ ਪੈਂਟ-ਕਮੀਜ਼ ਵਿੱਚ ਨਹੀਂ ਦਿੱਖਦਾ ਸੀ। ਇੱਥੇ ਕੋਈ ਭੇਦਭਾਵ ਨਹੀਂ ਹੁੰਦਾ ਸੀ। ਹਾਂ, ਇਕ ਮਾਣ ਅਤੇ ਖੁਸ਼ੀ ਜਰੂਰ ਹੁੰਦੀ। ਮਨੋਰੰਜਨ ਲਈ ਭੰਗੜਾ-ਗਿੱਧਾ ਦੇ ਨਾਲ-ਨਾਲ ਕੁਸ਼ਤੀ ਅਤੇ ਪਤੰਗਬਾਜ਼ੀ ਦੇ ਮੁਕਾਬਲੇ ਵੀ ਹੁੰਦੇ ਸਨ। ਜਿੱਤਣ ਵਾਲਿਆਂ ਨੂੰ ਮਹਾਰਾਜ਼ ਆਪਣੇ ਹੱਥਾਂ ਨਾਲ ਨਕਦ ਇਨਾਮ ਦਿੰਦੇ। ਮੋਜੂਦਾ ਦੋਰ ਨਾਲ ਆਏ ਬਦਲਾਵਾਂ ਬਾਰੇ ਉਹ ਕਹਿੰਦੇ ਹਨ ਕਿ “ਅੱਜ ਅਸੀਂ ਆਪਣੀ ਪੰਜਾਬੀਅਤ, ਨੈਤਿਕ ਮੁੱਲ ਅਤੇ ਰਿਵਾਜਾਂ ਨੂੰ ਭੁੱਲ ਰਹੇ ਹਾਂ। ਵਿਦੇਸ਼ੀ ਅਜੇ ਵੀ ਆਪਣੀਆਂ ਪਰੰਪਰਾਵਾਂ ਨੂੰ ਸੰਭਾਲ ਕੇ ਰੱਖਦੇ ਹਨ। ਉਹਨਾਂ ’ਤੇ ਮਾਣ ਕਰਦੇ ਹਨ ਜਦਕਿ ਸਾਡੀ ਨਵੀਂ ਪੀੜ੍ਹੀ ਉਹਨਾਂ ਨੂੰ ‘ਓਲਡ ਫੈਸ਼ਨ’ ਕਹਿ ਕੇ ਨਕਾਰ ਦਿੰਦੀ ਹੈ।”
ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾ ਦੀ ਹਮੇਸ਼ਾ ਵਿਰਾਸਤ ਦੇ ਪੁਰਾਣੇ ਸਭਿਆਚਾਰ ਤੇ ਪਰੰਮਪਰਾਵਾ ਨੂੰ ਸਹੇਜ ਕੇ ਰੱਖਣ ਦੀ ਕੋਸ਼ਿਸ਼ ਰਹੀ ਹੈ। 109 ਸਾਲ ਪਹਿਲਾ ਆਰੰਭ ਇਸ ਬਸੰਤ ਮੇਲੇ ਨੂੰ ਅੱਜ ਵੀ ਪੁਰਾਣੀਆ ਰਹੂ ਰੀਤਾ ਅਨੁਸਾਰ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਣਾ ਨੇ ਕਿਹਾ ਕਿ ਲਾਹੌਰ ਦੇ ਸ਼ਾਲਾਮਾਰ ਬਾਗ ਦੀ ਤਰਜ ਤੇ ਬਣਾਇਆ ਗਿਆ ਇਹ ਬਾਗ ਵੱਖ ਵੱਖ ਕਿਸਮ ਦੇ ਪ੍ਰਾਚੀਨ ਦਰਖ਼ਤਾਂ, ਪੌਦਿਆਂ ਅਤੇ ਫੁਹਾਰਿਆਂ ਕਰਕੇ ਹਮੇਸ਼ਾ ਸ਼ੁੱਧ ਮਾਹੌਲ ਦਾ ਅਹਿਸਾਸ ਦਿਵਾਉਂਦਾ ਹੈ। ਜਿਕਰਯੋਗ ਹੈ ਕਿ ਸ਼ਾਲਾਮਾਰ ਬਾਗ ਕਪੂਰਥਲਾ ਨੂੰ ਲੱਗਭਗ ਦੋ ਸੌ ਸਾਲ ਪਹਿਲਾਂ ਲਾਹੌਰ ਸਥਿਤ ਸ਼ਾਲਾਮਾਰ ਬਾਗ ਦੇ ਨਮੂੰਨੇ ਮੁਤਾਬਿਕ ਹੀ ਤਿਆਰ ਕੀਤਾ ਗਿਆ ਸੀ। ਵਿਰਾਸਤੀ ਸ਼ਹਿਰ ਦੀ ਰੂਹ ਮੰਨੇ ਜਾਣ ਵਾਲਾ ਸ਼ਾਲਾਮਾਰ ਬਾਗ ਮਹਾਰਾਜਾ ਫਤਿਹ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਆਪਸੀ ਮੁਹੱਬਤ ਦੀ ਵੀ ਗਵਾਹੀ ਦਿੰਦਾ ਹੈ। ਬਾਗ ਵਿੱਚ ਬਣੀ ਬਾਰਾਦਰੀ ਵਿੱਚ ਸ਼ਾਮ ਵੇਲੇ ਮਹਾਰਾਜਾ ਫਤਿਹ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਮਹਿਫ਼ਿਲ ਲਗਦੀ ਸੀ ਜਿਥੇ ਬੈਠ ਕੇ ਦੋਵੇਂ ਪੱਗ-ਵਟ ਭਰਾ ਸ਼ਾਸਤਰੀ ਸੰਗੀਤ ਦਾ ਲੁਤਫ਼ ਉਠਾਉਂਦੇ ਸਨ।
ਸ਼ਹਿਰ ਦੀ ਉੱਤਰੀ-ਪੱਛਮੀ ਦਿਸ਼ਾ ਵਿੱਚ ਲਗਭਗ 10 ਏਕੜ ਜ਼ਮੀਨ ਵਿੱਚ ਬਣਿਆ ਸ਼ਾਲਾਮਾਰ ਬਾਗ ਲਾਹੌਰ ਦੇ ਸ਼ਾਲਾਮਾਰ ਬਾਗ ਦੀ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ, ਜਿਸ ਵਿੱਚ ਲਗੇ ਫੁਹਾਰੇ ਇਸਦੀ ਸ਼ਾਨ ਨੂੰ ਹੋਰ ਵਧਾ ਦਿੰਦੇ ਹਨ। ਕਈ ਪ੍ਰਾਚੀਨ ਪੌਦਿਆਂ ਕਾਰਣ ਘਣੀ ਛਾਂ ਵਾਲੇ ਇਸ ਬਾਗ ਵਿੱਚ ਪੁਰਾਣੀ ਬਾਰਾਦਰੀ ਮੌਜੂਦ ਹੈ, ਜਿਸਨੂੰ ਮੁਘਲੀਆ ਕਾਲ ਦੀ ਸ਼ਾਨਦਾਰ ਕਲਾ-ਕ੍ਰਿਤਿ ਸਮਝਿਆ ਜਾਂਦਾ ਹੈ। ਇਸ ਬਾਰਾਦਰੀ ਦੀ ਨਕ਼ਾਸ਼ੀ ਆਗਰਾ ਦੇ ਬੁਲੰਦ ਦਰਵਾਜ਼ਿਆਂ ਦੀ ਮੀਨਾ-ਕਾਰੀ ਕਰਨ ਵਾਲੇ ਕਲਾਕਾਰਾਂ ਵਲੋਂ ਕੀਤੀ ਨਿਕਾਸ਼ੀ ਵਰਗੀ ਹੈ, ਜਿਸਦਾ ਆਸ-ਪਾਸ ਕੋਈ ਜੋੜ ਨਹੀਂ ਮਿਲਦਾ।