- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
- ਸੰਤ ਸੀਚੇਵਾਲ ਤੇ - ਸੰਤ ਸੀਚੇਵਾਲ ਤੇ - ਸੰਤ ਸੀਚੇਵਾਲ ਤੇ

- ਸੰਤ ਸੀਚੇਵਾਲ ਤੇ ਪੀਏਯੂ ਵੀਸੀ ਡਾ. ਗੋਸਲ ਦੀ ਮੌਜੂਦਗੀ ’ਚ ਕਿਸਾਨਾਂ ਨੂੰ ਦਿਖਾਇਆ ਜਾਵੇਗਾ ਘੱਟ ਪਾਣੀ ਨਾਲ ਵੱਧ ਮੁਨਾਫ਼ੇ ਦਾ ਮਾਡਲ
- ਬਹਾਰ ਰੁੱਤ ਦੀ ਮੂੰਗਫਲੀ ਨੂੰ ਪੰਜਾਬ ਦੀ ਫ਼ਸਲੀ ਵਿਭਿੰਨਤਾ ਦਾ ਮਾਡਲ ਬਣਾਉਣ ਵੱਲ ਅਹਿਮ ਕਦਮ
ਹਰਨੇਕ ਸਿੰਘ ਜੈਨਪੁਰੀ, ਕਪੂਰਥਲਾ : ਪੰਜਾਬ ਵਿੱਚ ਪਾਣੀ ਬਚਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਬਦਲਵੀਆਂ ਫ਼ਸਲਾਂ ਦੀ ਭਾਲ ਦਰਮਿਆਨ ਬਹਾਰ ਰੁੱਤ ਦੀ ਮੂੰਗਫਲੀ ਇੱਕ ਨਵੀਂ ਉਮੀਦ ਬਣ ਕੇ ਉਭਰ ਰਹੀ ਹੈ। ਇਸੇ ਮੰਤਵ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵੱਲੋਂ ਪਿੰਡ ਮੋਠਾਵਾਲ ਜ਼ਿਲ੍ਹਾ ਕਪੂਰਥਲਾ ਵਿਖੇ ਬਹਾਰ ਰੁੱਤ ਦੀ ਮੂੰਗਫਲੀ 'ਤੇ ਖੇਤ ਦਿਵਸ ਅਤੇ ਯਾਤਰਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸਮਾਗਮ ਵਿੱਚ ਪਦਮ ਸ਼੍ਰੀ ਅਤੇ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਣਗੇ। ਸਵੇਰੇ 9 ਵਜੇ ਸ਼ੁਰੂ ਹੋਣ ਵਾਲੇ ਇਸ ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ, ਖੇਤੀ ਮਾਹਿਰ ਅਤੇ ਵਿਗਿਆਨੀ ਹਿੱਸਾ ਲੈਣਗੇ। ਪੰਜਾਬ ਵਿੱਚ ਇੱਕ ਸਮਾਂ ਅਜਿਹਾ ਸੀ ਜਦੋਂ ਮੂੰਗਫਲੀ ਦੋਆਬੇ ਅਤੇ ਕੰਢੀ ਖੇਤਰ ਦੀ ਮੁੱਖ ਨਕਦੀ ਫ਼ਸਲ ਮੰਨੀ ਜਾਂਦੀ ਸੀ, ਪਰ ਹਰੀ ਕ੍ਰਾਂਤੀ ਤੋਂ ਬਾਅਦ ਇਹ ਫ਼ਸਲ ਖੇਤਾਂ ਵਿੱਚੋਂ ਲਗਭਗ ਗਾਇਬ ਹੋ ਗਈ। ਹੁਣ ਜਦੋਂ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਡਿੱਗ ਰਿਹਾ ਹੈ ਅਤੇ ਕਿਸਾਨ ਵਧਦੇ ਖਰਚਿਆਂ ਨਾਲ ਜੂਝ ਰਹੇ ਹਨ ਤਾਂ ਮੂੰਗਫਲੀ ਮੁੜ ਖੇਤੀ ਵਿਗਿਆਨੀਆਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵੱਲੋਂ ਪਿਛਲੇ ਸਾਲ ਸ਼ੁਰੂ ਕੀਤੇ ਗਏ ਪ੍ਰਦਰਸ਼ਨੀ ਪ੍ਰੋਗਰਾਮਾਂ ਦੇ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਹਨ। ਜ਼ਿਲ੍ਹੇ ਵਿੱਚ ਮੂੰਗਫਲੀ ਦਾ ਰਕਬਾ ਇੱਕ ਸਾਲ ਵਿੱਚ ਕਈ ਗੁਣਾ ਵਧਿਆ ਹੈ ਅਤੇ ਕਿਸਾਨ ਇਸਨੂੰ ਮੱਕੀ ਦੇ ਲਾਭਕਾਰੀ ਬਦਲ ਵਜੋਂ ਅਪਣਾ ਰਹੇ ਹਨ। ਮਾਹਿਰਾਂ ਅਨੁਸਾਰ ਜਿੱਥੇ ਮੱਕੀ ਨੂੰ 15 ਤੋਂ 20 ਸਿੰਚਾਈਆਂ ਦੀ ਲੋੜ ਪੈਂਦੀ ਹੈ, ਉੱਥੇ ਮੂੰਗਫਲੀ ਸਿਰਫ਼ 4 ਤੋਂ 6 ਪਾਣੀਆਂ ਨਾਲ ਤਿਆਰ ਹੋ ਜਾਂਦੀ ਹੈ ਅਤੇ ਪ੍ਰਤੀ ਏਕੜ ਵਧੀਆ ਮੁਨਾਫ਼ਾ ਦੇ ਸਕਦੀ ਹੈ। ਖੇਤ ਦਿਵਸ ਦੌਰਾਨ ਕਿਸਾਨਾਂ ਨੂੰ ਜੇ-87 ਕਿਸਮ ਦੀ ਮੂੰਗਫਲੀ ਦੀ ਫ਼ਸਲ ਦਾ ਮੌਕੇ 'ਤੇ ਜਾਇਜ਼ਾ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਖੇਤੀ ਮਾਹਿਰ ਬੀਜ ਚੋਣ, ਬਿਜਾਈ ਤਕਨੀਕ, ਸਿੰਚਾਈ ਪ੍ਰਬੰਧਨ, ਕੀੜੇ-ਰੋਗਾਂ ਦੀ ਰੋਕਥਾਮ ਅਤੇ ਮੰਡੀਕਰਨ ਸੰਬੰਧੀ ਜਾਣਕਾਰੀ ਵੀ ਦੇਣਗੇ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਪੰਜਾਬ ਨੂੰ ਪਾਣੀ ਦੇ ਸੰਕਟ ਤੋਂ ਬਚਾਉਣਾ ਹੈ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ ਤਾਂ ਮੂੰਗਫਲੀ ਵਰਗੀਆਂ ਘੱਟ ਪਾਣੀ ਵਾਲੀਆਂ ਫ਼ਸਲਾਂ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਮੋਠਾਵਾਲ ਦਾ ਇਹ ਖੇਤ ਦਿਵਸ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋ ਸਕਦਾ ਹੈ।