- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਮੌਨਸੂਨ ਨਾਲ ਨਜਿੱਠਣ ਲਈ

-ਮੌਨਸੂਨ ਨਾਲ ਨਜਿੱਠਣ ਲਈ ਨਗਰ ਨਿਗਮ ਤਿਆਰ ਦੀ ਪਰਖ,
ਜਾਸ, ਜਲੰਧਰ : ਮੌਨਸੂਨ ਲਈ ਨਗਰ ਨਿਗਮ ਨੇ ਤਿਆਰੀਆਂ ਤਾਂ ਸ਼ੁਰੂ ਕਰ ਦਿੱਤੀਆਂ ਹਨ ਪਰ ਕਈ ਇਲਾਕਿਆਂ ’ਚ ਹਾਲਾਤ ਹਾਲੇ ਵੀ ਜਿਉਂ ਦੇ ਤਿਉਂ ਹਨ। ਨਿਗਮ ਦਾ ਦਾਅਵਾ ਹੈ ਕਿ 10 ਸੁਪਰ ਸੱਕਸ਼ਨ ਮਸ਼ੀਨਾਂ ਵੱਖ-ਵੱਖ ਇਲਾਕਿਆਂ ’ਚ ਕੰਮ ਕਰ ਰਹੀਆਂ ਹਨ। ਡਿਸਪੋਜ਼ਲ ਤੇ ਐੱਸਟੀਪੀ ਲਈ ਪਾਵਰ ਬੈਕਅਪ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ, ਨੈਸ਼ਨਲ ਹਾਈਵੇ ਨਾਲ ਜੁੜੇ ਇਲਾਕਿਆਂ, ਡੀਸੀ ਦਫਤਰ, ਬਸਤੀਆਂ ’ਚ ਪਾਣੀ ਭਰਨ ਨੂੰ ਰੋਕਣਾ ਮੁਸ਼ਕਲ ਜਾਪਦਾ ਹੈ। ਮੌਨਸੂਨ ਲਈ ਇਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ। ਇਸ ਸਬੰਧੀ ਨਗਰ ਨਿਗਮ ਲਈ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਸੁਧਾਰਨਾ ਬਹੁਤ ਜ਼ਰੂਰੀ ਹੈ। ਖਾਸ ਤੌਰ 'ਤੇ ਉਨ੍ਹਾਂ ਇਲਾਕਿਆਂ 'ਤੇ ਧਿਆਨ ਦਿੱਤਾ ਜਾ ਰਿਹਾ ਹੈ ਜਿੱਥੇ ਹਰ ਸਾਲ ਪਾਣੀ ਭਰਨ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਨੁਕਸਾਨ ਝੱਲਣਾ ਪੈਂਦਾ ਹੈ। ਨਗਰ ਨਿਗਮ ਨੇ ਉਨ੍ਹਾਂ ਸਾਰੇ ਇਲਾਕਿਆਂ ’ਚ ਸੁਪਰ ਸੱਕਸ਼ਨ ਮਸ਼ੀਨ ਨਾਲ ਸੀਵਰੇਜ ਦੀ ਜ਼ੀਰੋ ਲੈਵਲ ਸਫਾਈ ਸ਼ੁਰੂ ਕਰਵਾ ਦਿੱਤੀ ਹੈ, ਜਿੱਥੇ ਲੰਬੇ ਸਮੇਂ ਤੋਂ ਸੀਵਰ ਜਾਮ ਦੀ ਸਮੱਸਿਆ ਬਣੀ ਹੋਈ ਹੈ। ਹਾਲਾਂਕਿ, ਅਜੇ ਵੀ ਕਈ ਇਲਾਕੇ ਅਜਿਹੇ ਹਨ ਜਿੱਥੇ ਪਾਣੀ ਭਰਨ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਛੁਟਕਾਰਾ ਨਹੀਂ ਮਿਲ ਰਿਹਾ। ਮੀਂਹ ਦੇ ਪਾਣੀ ਦੀ ਨਿਕਾਸੀ ਲਈ ਵੱਖਰਾ ਸੀਵਰੇਜ ਨਾ ਹੋਣਾ, ਪੁਰਾਣੀਆਂ ਤੇ ਛੋਟੀਆਂ ਸੀਵਰ ਲਾਈਨਾਂ, ਸੀਵਰੇਜ ’ਚ ਡਿੱਗ ਰਹੇ ਪੋਲੀਥੀਨ ਸਮੇਤ ਕਈ ਕਾਰਨ ਹਨ, ਜਿਨ੍ਹਾਂ ਕਾਰਨ ਪਾਣੀ ਭਰਨ ਦੇ ਹਾਲਾਤ ਪੈਦਾ ਹੁੰਦੇ ਹਨ। ਨੀਵੇਂ ਇਲਾਕਿਆਂ ਵਿਚ ਪਾਣੀ ਭਰਨ ਦੀ ਸਮੱਸਿਆ ਵੱਧ ਹੈ। ਨਿਗਮ ਨੇ ਕਈ ਹਾਟ ਸਪਾਟ ਇਲਾਕੇ ਤੈਅ ਕੀਤੇ ਹਨ, ਜਿੱਥੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਕੰਮ ਹੋ ਰਿਹਾ ਹੈ। ਮੇਅਰ ਵਨੀਤ ਧੀਰ ਦਾ ਦਾਅਵਾ ਹੈ ਕਿ ਇਸ ਵਾਰ ਪਿਛਲੇ ਸਾਲ ਦੀ ਤੁਲਨਾ ’ਚ ਸੀਵਰੇਜ ਕਾਫੀ ਵਧੀਆ ਕੰਮ ਕਰੇਗਾ।
---
ਨੈਸ਼ਨਲ ਹਾਈਵੇ ਨਾਲ ਜੁੜੇ ਇਲਾਕੇ ਮੁੜ ਡੁੱਬਣਗੇ
ਮੌਨਸੂਨ ਦੌਰਾਨ ਨੈਸ਼ਨਲ ਹਾਈਵੇ ਨਾਲ ਜੁੜੇ ਇਲਾਕਿਆਂ ’ਚ ਇਸ ਵਾਰ ਵੀ ਲੋਕਾਂ ਨੂੰ ਪਾਣੀ ਭਰਨ ਦੀ ਸਥਿਤੀ ਦਾ ਸਾਹਮਣਾ ਕਰਨਾ ਪੈਣਾ ਪਵੇਗਾ। ਨੈਸ਼ਨਲ ਹਾਈਵੇ ਨਾਲ ਜੁੜੀਆਂ ਕਾਲੋਨੀਆਂ ’ਚ ਹਰ ਸਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨੈਸ਼ਨਲ ਹਾਈਵੇ 'ਤੇ ਪਾਣੀ ਦੀ ਨਿਕਾਸੀ ਦਾ ਕੋਈ ਇੰਤਜ਼ਾਮ ਨਹੀਂ ਹੈ। ਪਿਛਲੇ ਸਾਲ ਵੀ ਨੈਸ਼ਨਲ ਹਾਈਵੇ ਨਾਲ ਜੁੜੇ ਇਲਾਕਿਆਂ ਲੰਮਾ ਪਿੰਡ ਚੌਕ, ਬੀਐੱਸਐੱਫ ਚੌਕ, ਦਕੋਹਾ, ਸੰਤੋਖਪੁਰਾ, ਟ੍ਰਾਂਸਪੋਰਟ ਨਗਰ, ਫੋਕਲ ਪੁਆਇਟ, ਸੰਜੈ ਗਾਂਧੀ ਨਗਰ ਤੇ ਆਸ-ਪਾਸ ਦੇ ਇਲਾਕੇ ਪਾਣੀ ’ਚ ਡੁੱਬੇ ਸਨ। ਇਸ ਸਾਲ ਵੀ ਅਜਿਹੇ ਹਾਲਾਤ ਰਹਿਣਗੇ। ਨੈਸ਼ਨਲ ਹਾਈਵੇ ਅਥਾਰਟੀ ਨੇ ਹਾਲੇ ਤੱਕ ਪਾਣੀ ਦੀ ਨਿਕਾਸੀ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਹੈ।
---
ਪਿਛਲੇ ਸਾਲ ਕਈ ਸ਼ੋਅਰੂਮਾਂ ’ਚ ਹੋਇਆ ਸੀ ਕਰੋੜਾਂ ਦਾ ਨੁਕਸਾਨ
ਪਿਛਲੇ ਸਾਲ ਮੌਨਸੂਨ ਦੌਰਾਨ ਜ਼ੋਰਦਾਰ ਮੀਂਹ ਪਿਆ ਸੀ ਤੇ ਪਾਣੀ ਭਰਨ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ। ਖਾਸ ਤੌਰ 'ਤੇ ਅਰਬਨ ਅਸਟੇਟ, ਮਾਡਲ ਟਾਊਨ, ਨਿਊ ਜਵਾਹਰ ਨਗਰ ਇਲਾਕਿਆਂ ’ਚ ਵੱਡੇ ਸ਼ੋਅਰੂਮ ਦੇ ਬੇਸਮੈਂਟ ’ਚ ਪਾਣੀ ਭਰ ਗਿਆ ਸੀ। ਲੋਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ। ਇਸ ਦੀ ਵੱਡੀ ਵਜ੍ਹਾ ਸੀਵਰੇਜ ਟ੍ਰੀਟਮੈਂਟ ਪਲਾਂਟ ਵਿਚ ਪਾਵਰ ਬੈਕਅਪ ਨਾ ਹੋਣਾ ਸੀ। ਬਿਜਲੀ ਗੁਲ ਹੋਣ 'ਤੇ ਮਸ਼ੀਨਰੀ ਬੰਦ ਹੋ ਗਈ ਤੇ ਨਿਕਾਸੀ ਠੱਪ ਹੋ ਗਈ, ਜਿਸ ਨਾਲ ਕਈ ਇਲਾਕੇ 3 ਤੋਂ 4 ਫੁੱਟ ਤੱਕ ਪਾਣੀ ’ਚ ਡੁੱਬ ਗਏ ਸਨ। ਨਿਗਮ ਦਾ ਦਾਅਵਾ ਹੈ ਕਿ ਇਸ ਵਾਰ ਐੱਸਟੀਪੀ 'ਤੇ ਪਾਵਰ ਬੈਕਅਪ ਦਾ ਇੰਤਜ਼ਾਮ ਕੀਤਾ ਗਿਆ ਹੈ ਤਾਂ ਜੋ ਪਿਛਲੇ ਸਾਲ ਵਰਗੇ ਹਾਲਾਤ ਨਾ ਬਣਨ।
---
ਨਿਗਮ ਦਾ ਦਾਅਵਾ; ਇਸ ਵਾਰ ਮਸ਼ੀਨਰੀ ਦੀ ਕਮੀ ਨਹੀਂ
ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਪਹਿਲਾਂ ਤੋਂ ਵੱਧ ਮਸ਼ੀਨਰੀ ਮੌਜੂਦ ਹੈ। ਜੇਟਿੰਗ ਮਸ਼ੀਨ, ਬਕੇਟ ਗ੍ਰੈਬ ਮਸ਼ੀਨਾਂ ਵੱਡੀ ਗਿਣਤੀਆਂ ’ਚ ਖਰੀਦੀਆਂ ਗਈਆਂ ਹਨ ਤੇ ਸੀਵਰੇਜ ਸਫਾਈ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਕਮਿਸ਼ਨਰ ਸੰਦੀਪ ਰਿਸ਼ੀ ਖ਼ੁਦ ਮਾਨੀਟਰਿੰਗ ਕਰ ਰਹੇ ਹਨ। ਸਾਰੇ ਇਲਾਕਿਆਂ ’ਚ ਮਸ਼ੀਨਰੀ ਪਹੁੰਚਾਈ ਜਾ ਰਹੀ ਹੈ। ਠੇਕੇਦਾਰਾਂ ਤੋਂ ਲਗਪਗ 10 ਸੁਪਰ ਸੱਕਸ਼ਨ ਮਸ਼ੀਨਾਂ ਵੀ ਹਾਇਰ ਕੀਤੀਆਂ ਗਈਆਂ ਹਨ।
---
ਸਟਾਰਮ ਸੀਵਰੇਜ ਸਿਰਫ 75 ਕਿੱਲੋਮੀਟਰ, ਚਾਹੀਦੈ 500
ਸ਼ਹਿਰ ’ਚ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਵੱਖਰਾ ਸੀਵਰੇਜ ਨਹੀਂ ਹੈ। ਸ਼ਹਿਰ ’ਚ ਲਗਪਗ 1600 ਕਿੱਲੋਮੀਟਰ ਸੀਵਰੇਜ ਲਾਈਨ ਵਿਛੀ ਹੋਈ ਹੈ ਪਰ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਸਿਰਫ 70 ਤੋਂ 75 ਕਿੱਲੋਮੀਟਰ ਸਟਾਰਮ ਸੀਵਰ ਹੀ ਹੈ। ਜਦੋਂ ਮੀਂਹ ਦਾ ਪਾਣੀ ਆਮ ਘਰੇਲੂ ਸੀਵਰੇਜ ਲਾਈਨਾਂ ’ਚ ਜਾਂਦਾ ਹੈ ਤਾਂ ਉਹ ਜਾਮ ਹੋ ਜਾਂਦੀਆਂ ਹਨ ਤੇ ਗੰਦਾ ਪਾਣੀ ਸੜਕਾਂ ਤੇ ਘਰਾਂ ’ਚ ਭਰ ਜਾਂਦਾ ਹੈ। ਪਿਛਲੇ ਸਾਲਾਂ ’ਚ ਬਸਤੀਆਂ ਦੀ 120 ਫੁੱਟ ਰੋਡ, ਸੈਂਟਰਲ ਟਾਊਨ ਤੇ ਕਈ ਇਲਾਕਿਆਂ ’ਚ ਛੋਟੇ-ਛੋਟੇ ਬਰਸਾਤੀ ਸੀਵਰ ਪਾਏ ਗਏ ਹਨ। ਇਸ ਨਾਲ ਇਨ੍ਹਾਂ ਇਲਾਕਿਆਂ ਨੂੰ ਰਾਹਤ ਤਾਂ ਮਿਲੀ ਹੈ ਪਰ ਪੂਰੇ ਸ਼ਹਿਰ ਲਈ ਕੋਈ ਪ੍ਰੋਜੈਕਟ ਨਹੀਂ ਹੈ। ਕਿਸ਼•ਨਪੁਰਾ ਤੋਂ ਲੰਮਾ ਪਿੰਡ ਚੌਕ ਤੱਕ ਸੀਵਰੇਜ ਦਾ ਕੰਮ ਵਿਚਾਲੇ ਰੁਕਿਆ ਹੋਇਆ ਹੈ।
---
ਇਹ ਕੰਮ ਕਰਵਾਏ ਜਾ ਰਹੇ ਹਨ
-54 ਇੰਚ ਤੱਕ ਦੀ ਪਾਈਪਲਾਈਨ ਦੀ ਸਫ਼ਾਈ
-ਸਾਰੇ ਡਿਸਪੋਜ਼ਲ ਦੀ ਲਗਾਤਾਰ ਚੈਕਿੰਗ
-ਖਰਾਬ ਮੋਟਰਾਂ ਨੂੰ ਬਦਲਿਆ ਜਾ ਰਿਹਾ
-ਫੋਲਡੀਵਾਲ ਸੀਵਰੇਜ ਟ੍ਰੀਟਮੈਂਟ ਪਲਾਂਟ ’ਚ ਸੁਧਾਰ
-ਹਰ ਵਾਰਡ ’ਚ ਤਿੰਨ ਮੁਲਾਜ਼ਮਾਂ ਵੱਲੋਂ ਸੜਕਾਂ-ਗਲੀਆਂ ਦੀ ਸਫਾਈ
---
ਇਨ੍ਹਾਂ ਇਲਾਕਿਆਂ ’ਚ ਵੀ ਰਹੇਗੀ ਮੁਸ਼ਕਲ
-ਤਹਿਸੀਲ ਕੰਪਲੈਕਸ ਤੋਂ ਸੰਵਿਧਾਨ-ਬੀਐੱਮਸੀ ਚੌਕ ਤੱਕ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਨਵਾਂ ਬਰਸਾਤੀ ਸੀਵਰੇਜ ਪਾਉਣ ਦਾ ਕੰਮ ਪੈਂਡਿੰਗ ਹੋ ਗਿਆ ਹੈ। ਸੜਕ ਨਹੀਂ ਪੁੱਟੀ ਜਾਵੇਗੀ ਤੇ ਅਗਲੇ ਵਿਧਾਨ ਸਭਾ ਚੋਣਾਂ ਮਗਰੋਂ ਹੀ ਕੰਮ ਹੋਵੇਗਾ। ਡੀਸੀ ਦਫਤਰ ਕੰਪਲੈਕਸ ਦੇ ਆਸ-ਪਾਸ ਹਲਕੀ ਬਰਸਾਤ ਨਾਲ ਹੀ ਪਾਣੀ ਭਰਨ ਜਾਂਦਾ ਹੈ।
-ਬਸਤੀ ਸ਼ੇਖ ’ਚ ਲੜਕੀਆਂ ਦੇ ਸਰਕਾਰੀ ਸਕੂਲ ਦੇ ਬਾਹਰ ਕਈ ਦਹਾਕਿਆਂ ਤੋਂ ਪਾਣੀ ਭਰਨ ਦੀ ਸਮੱਸਿਆ ਹੈ। ਹੁਣ ਸੜਕ ਵੀ ਤੋੜੀ ਗਈ ਹੈ। ਬੱਚਿਆਂ ਲਈ ਸਕੂਲ ਪੁੱਜਣ ’ਚ ਦਿੱਕਤ ਹੋਵੇਗੀ। ਆਸਪਾਸ ਦੇ ਕਈ ਮੁਹੱਲਿਆਂ ’ਚ ਹਾਲਾਤ ਅਜਿਹੇ ਹੀ ਹੁੰਦੇ ਹਨ।
-ਅਲੀ ਮੁਹੱਲਾ ਤੋਂ ਸ਼ੇਖਾਂ ਬਾਜ਼ਾਰ ਚੌਕ ਤੱਕ ਦੀ ਸੜਕ 'ਤੇ ਵੀ ਪਾਣੀ ਭਰਨ ਦੀ ਸਮੱਸਿਆ ਖਤਮ ਨਹੀਂ ਹੋ ਰਹੀ। ਪੁਰਾਣਾ ਸੀਵਰੇਜ ਹੈ ਤੇ ਸੜਕਾਂ- ਗਲੀਆਂ ਵੀ ਨਹੀਂ ਹਨ। ਪਾਣੀ ਦੀ ਨਿਕਾਸੀ ਦਾ ਇੰਤਜ਼ਾਮ ਨਹੀਂ ਹੈ। ਪਿਛਲੇ ਸਾਲ ਦੇ ਮੁਕਾਬਲੇ ਕੁਝ ਨਹੀਂ ਬਦਲਿਆ।
-ਇਸ ਤੋਂ ਇਲਾਵਾ ਟ੍ਰਾਂਸਪੋਰਟ ਨਗਰ, ਪਰਸ਼ੂਰਾਮ ਨਗਰ, ਰਾਮਾ ਮੰਡੀ, ਕਿਸ਼ਨਪੁਰਾ, ਬਸਤੀਆਂ, ਲੰਮਾ ਪਿੰਡ ਚੌਕ, ਤੰਗ ਬਾਜ਼ਾਰ, ਭਾਰਗੋ ਕੈਂਪ, ਗੜ੍ਹਾ, ਬਸਤੀ ਬਾਵਾ ਖੇਲ, ਇੰਡਸਟ੍ਰੀਅਲ ਏਰੀਆ, ਡੀਸੀ ਦਫਤਰ ਕੰਪਲੈਕਸ ਦੇ ਆਸਪਾਸ ਵੀ ਪਾਣੀ ਭਰਿਆ ਰਹਿੰਦਾ ਹੈ।