ਯੁਵਿਕਾ ਨੇ ਵੇਟਲਿਫਟਿੰਗ ’ਚ ਜਿੱਤੀ ਚਾਂਦੀ
ਯੁਵਿਕਾ ਧੀਰ ਨੇ ਵੇਟਲਿਫਟਿੰਗ ’ਚੋਂ ਚਾਂਦੀ ਦਾ ਤਗਮਾ ਜਿੱਤਿਆ
Publish Date: Mon, 12 Jan 2026 06:50 PM (IST)
Updated Date: Mon, 12 Jan 2026 06:51 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ਼ਿਵ ਨਗਰ ਵਾਸੀ ਤੇ ਪੁਲਿਸ ਡੀਏਵੀ ਪਬਲਿਕ ਸਕੂਲ ਦੀ 9ਵੀਂ ਜਮਾਤ ਦੀ ਵਿਦਿਆਰਥਣ ਨਿਪੁੰਨ ਐਥਲੀਟ ਯੁਵਿਕਾ ਧੀਰ ਨੇ ਜ਼ਿਲ੍ਹਾ, ਰਾਜ ਤੇ ਰਾਸ਼ਟਰੀ ਪੱਧਰ ਤੇ ਅਸਮਿਤਾ ਖੇਲੋ ਇੰਡੀਆ ਮਹਿਲਾ ਲੀਗ ’ਚ ਵੇਟਲਿਫਟਿੰਗ ’ਚੋਂ ਚਾਂਦੀ ਦਾ ਮੈਡਲ ਜਿਤਿਆ ਹੈ। ਜ਼ਿਕਰਯੋਗ ਹੈ ਕਿ ਉਸਨੇ ਪਾਵਰਲਿਫਟਿੰਗ ਤੇ ਵੇਟਲਿਫਟਿੰਗ ’ਚ ਅਨੇਕਾਂ ਪ੍ਰਾਪਤੀਆਂ ਕੀਤੀਆਂ ਹਨ। ਉਸਨੇ ਲਗਾਤਾਰ ਉੱਤਮਤਾ ਤੇ ਦ੍ਰਿੜਤਾ ਦਾ ਪ੍ਰਦਰਸ਼ਨ ਕੀਤਾ। ਭਾਰਤੀ ਮਹਿਲਾ ਖੇਡਾਂ ’ਚ ਉੱਭਰ ਕੇ ਸਾਹਮਣੇ ਆ ਰਹੀ ਹੈ। ਪਹਿਲਾਂ ਉਹ ਪਾਵਰਲਿਫਟਿੰਗ ’ਚ ਰਾਸ਼ਟਰੀ ਗੋਲਡ ਮੈਡਲਿਸਟ ਹੈ ਤੇ ਪਾਵਰਲਿਫਟਿੰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ, ਯੁਵਿਕਾ ਧੀਰ ਵੇਟਲਿਫਟਿੰਗ ’ਚ ਤਬਦੀਲ ਹੋ ਗਈ ਜਿੱਥੇ ਉਸਨੇ ਆਪਣੀ ਸ਼ਾਨਦਾਰ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਖੁਸ਼ੀ ਸਾਂਝੀ ਕਰਦਿਆਂ ਉਸ ਦੀ ਮਾਂ ਸਮਾਜ ਸੇਵੀਕਾ ਦਿਸ਼ਾ ਧੀਰ ਨੇ ਦੱਸਿਆ ਕਿ ਉਹ ਛੇ ਸੋਨੇ ਦੇ ਤਗਮੇ ਤੇ ਇਕ ਚਾਂਦੀ ਦਾ ਮੈਡਲ ਪ੍ਰਾਪਤ ਕਰ ਚੁੱਕੀ ਹੈ। ਖੇੜਾ ਵਤਨ ਪੰਜਾਬ ਦੀਆਂ 2024 ਜ਼ਿਲ੍ਹਾ ਪੱਧਰ, ਵੇਟਲਿਫਟਿੰਗ ’ਚ ਸੋਨੇ ਦਾ ਤਗਮਾ, ਡੀਏਵੀ ਸਪੋਰਟਸ ਜ਼ਿਲ੍ਹਾ ਖੇਡਾਂ 2025-26 ਵੇਟਲਿਫਟਿੰਗ ’ਚ ਸੋਨੇ ਦਾ ਮੈਡਲ, ਜ਼ਿਲ੍ਹਾ ਸਕੂਲ ਖੇਡਾਂ 2025-26 ਵੇਟਲਿਫਟਿੰਗ ’ਚ ਸੋਨੇ ਦਾ ਮੈਡਲ, ਜ਼ਿਲ੍ਹਾ ਸਕੂਲ ਖੇਡਾਂ 2025-26 ਪਾਵਰਲਿਫਟਿੰਗ ’ਚ ਸੋਨੇ ਦਾ ਮੈਡਲ, ਰਾਜ ਪੱਧਰੀ ਡੀਏਵੀ ਸਪੋਰਟਸ ਖੇਡਾਂ 2025-26 ਵੇਟਲਿਫਟਿੰਗ ’ਚ ਸੋਨੇ ਦਾ ਮੈਡਲ, ਚੰਡੀਗੜ੍ਹ ਰਾਜ ਵੇਟਲਿਫਟਿੰਗ ਚੈਂਪੀਅਨਸ਼ਿਪ 2024-25 ’ਚ ਸੋਨੇ ਦਾ ਮੈਡਲ ਜਿੱਤ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਯੁਵਿਕਾ ਧੀਰ ਇਸ ਸਮੇਂ ਕੋਚ ਸਰਬਜੀਤ ਕਾਂਡਾ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਅਧੀਨ ਪੇਸ਼ੇਵਰ ਸਿਖਲਾਈ ਪ੍ਰਾਪਤ ਕਰ ਰਹੀ ਹੈ।