ਰੌਬ ਜਮਾਉਣ ਤੇ ਵਿਰੋਧੀਆਂ ਨੂੰ ਡਰਾਉਣ ਲਈ ਨੌਜਵਾਨ ਰੱਖ ਰਹੇ ਗ਼ੈਰ-ਕਾਨੂੰਨੀ ਹਥਿਆਰ
ਰੌਬ ਜਮਾਉਣ ਤੇ ਵਿਰੋਧੀਆਂ ਨੂੰ ਡਰਾਉਣ ਲਈ ਨੌਜਵਾਨ ਰੱਖ ਰਹੇ ਗੈਰਕਾਨੂੰਨੀ ਹਥਿਆਰ
Publish Date: Sun, 01 Mar 2026 09:55 PM (IST)
Updated Date: Mon, 02 Mar 2026 04:14 AM (IST)

- ਨੌਜਵਾਨਾਂ ’ਚ ਗੈਰਕਾਨੂੰਨੀ ਹਥਿਆਰਾਂ ਦਾ ਵਧਿਆ ਸ਼ੌਂਕ, ਮੱਧ ਪ੍ਰਦੇਸ਼ ਤੋਂ ਵੀ ਖ਼ਰੀਦ ਕੇ ਲਿਆ ਰਹੇ - ਛੇ ਮਹੀਨਿਆਂ ’ਚ 50 ਗ੍ਰਿਫ਼ਤਾਰ, ਇਨ੍ਹਾਂ ’ਚੋਂ 40 ਨੌਜਵਾਨ 25 ਸਾਲ ਤੋਂ ਘੱਟ ਉਮਰ ਦੇ - ਲਗਭਗ 100 ਹਥਿਆਰ ਬਰਾਮਦ, ਜਿਨ੍ਹਾਂ ’ਚ ਦੇਸੀ ਕੱਟੇ ਤੇ ਪਿਸਤੌਲ ਸ਼ਾਮਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਨੌਜਵਾਨਾਂ ’ਚ ਗੈਰਕਾਨੂੰਨੀ ਹਥਿਆਰ ਰੱਖਣ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਪ੍ਰਵਿਰਤੀ ਸਿਰਫ਼ ਅਪਰਾਧਿਕ ਮੰਸੂਬਿਆਂ ਤੱਕ ਸੀਮਿਤ ਨਹੀਂ ਰਹੀ, ਸਗੋਂ ਦੋਸਤਾਂ ਵਿਚ ਰੌਬ ਜਮਾਉਣ, ਵਿਰੋਧੀਆਂ ਨੂੰ ਡਰਾਉਣ ਤੇ ਇੰਟਰਨੈੱਟ ਮੀਡੀਆ ’ਤੇ ਪ੍ਰਭਾਵ ਬਣਾਉਣ ਵਰਗੇ ਕਾਰਨਾਂ ਨਾਲ ਵੀ ਜੁੜੀ ਹੋਈ ਹੈ। ਹਾਲ ਹੀ ’ਚ ਦੇਹਾਤ ਪੁਲਿਸ ਵੱਲੋਂ ਕਾਬੂ ਕੀਤੇ ਗਏ 21 ਸਾਲਾ ਨੌਜਵਾਨ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਮੱਧ ਪ੍ਰਦੇਸ਼ ਤੋਂ ਗੈਰਕਾਨੂੰਨੀ ਪਿਸਤੌਲ ਸਿਰਫ਼ ਇਸ ਲਈ ਖਰੀਦੀ ਸੀ ਤਾਂ ਜੋ ਝਗੜੇ ਵਿੱਚ ਉਸ ਨੂੰ ਧਮਕਾਉਣ ਵਾਲਿਆਂ ’ਤੇ ਆਪਣਾ ਰੌਬ ਪਾ ਸਕੇ। ਉਸ ਦਾ ਕਿਸੇ ਵੱਡੇ ਅਪਰਾਧ ਦਾ ਇਰਾਦਾ ਨਹੀਂ ਸੀ। ਪੁਲਿਸ ਦੇ ਅੰਕੜਿਆਂ ਮੁਤਾਬਕ ਪਿਛਲੇ ਛੇ ਮਹੀਨਿਆਂ ’ਚ ਕਮਿਸ਼ਨਰੇਟ ਤੇ ਦੇਹਾਤ ਪੁਲਿਸ ਨੇ ਲਗਭਗ 50 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਗੈਰਕਾਨੂੰਨੀ ਹਥਿਆਰ ਬਰਾਮਦ ਹੋਏ। ਇਨ੍ਹਾਂ ’ਚੋਂ ਕਰੀਬ 40 ਨੌਜਵਾਨ 25 ਸਾਲ ਤੋਂ ਘੱਟ ਉਮਰ ਦੇ ਸਨ। ਇਹ ਅੰਕੜੇ ਦੱਸਦੇ ਹਨ ਕਿ ਨੌਜਵਾਨਾਂ ਵਿਚ ਹਥਿਆਰ ਰੱਖਣਾ ਫੈਸ਼ਨ ਜਾਂ ਸਟੇਟਸ ਸਿੰਬਲ ਬਣਦਾ ਜਾ ਰਿਹਾ ਹੈ। ਪੁਲਿਸ ਨੇ ਇਨ੍ਹਾਂ ਕਾਰਵਾਈਆਂ ਦੌਰਾਨ ਲਗਭਗ 100 ਦੇ ਕਰੀਬ ਹਥਿਆਰ ਜ਼ਬਤ ਕੀਤੇ, ਜਿਨ੍ਹਾਂ ਵਿੱਚ ਦੇਸੀ ਕੱਟੇ, ਪਿਸਤੌਲ ਤੇ ਕਾਰਤੂਸ ਸ਼ਾਮਲ ਹਨ। ------------------------ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੋਂ ਹੋ ਰਹੀ ਸਪਲਾਈ ਜਾਂਚ ’ਚ ਸਾਹਮਣੇ ਆਇਆ ਹੈ ਕਿ ਕੁਝ ਨੌਜਵਾਨ ਖੁਦ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਜਾ ਕੇ ਹਥਿਆਰ ਖ਼ਰੀਦ ਕੇ ਲਿਆਉਂਦੇ ਹਨ, ਜਦਕਿ ਕਈ ਮਾਮਲਿਆਂ ’ਚ ਪੰਜਾਬ ’ਚ ਹੀ ਸਪਲਾਈ ਨੈੱਟਵਰਕ ਸਰਗਰਮ ਮਿਲਿਆ। ਪੁਲਿਸ ਦਾ ਮੰਨਣਾ ਹੈ ਕਿ ਗੈਰਕਾਨੂੰਨੀ ਹਥਿਆਰ ਆਸਾਨੀ ਨਾਲ ਮਿਲ ਜਾਣ ਕਾਰਨ ਨੌਜਵਾਨ ਜਲਦੀ ਗਲਤ ਰਾਹ ’ਤੇ ਚੱਲ ਪੈਂਦੇ ਹਨ। ਕੁਝ ਮਾਮਲਿਆਂ ਵਿੱਚ ਇੰਟਰਨੈੱਟ ਮੀਡੀਆ ’ਤੇ ਗੈਂਗਸਟਰ ਸਭਿਆਚਾਰ ਦਾ ਪ੍ਰਭਾਵ ਵੀ ਵੇਖਣ ਨੂੰ ਮਿਲਿਆ ਹੈ, ਜਿੱਥੇ ਨੌਜਵਾਨ ਹਥਿਆਰਾਂ ਨਾਲ ਫੋਟੋਆਂ ਖਿੱਚਵਾ ਕੇ ਆਪਣੇ ਆਪ ਨੂੰ ‘ਬਦਮਾਸ਼’ ਵਜੋਂ ਦਰਸਾਉਂਦੇ ਹਨ। ------------------------ ਸਕੂਲੀ ਵਿਦਿਆਰਥੀਆਂ ਤੱਕ ਪਹੁੰਚ ਰਹੀ ਇਹ ਪ੍ਰਵਿਰਤੀ ਹੁਣ ਇਹ ਰੁਝਾਨ ਸਕੂਲੀ ਵਿਦਿਆਰਥੀਆਂ ਤੱਕ ਵੀ ਪਹੁੰਚਣ ਲੱਗ ਪਿਆ ਹੈ। ਪਿਛਲੇ ਸਾਲ ਇਕ ਮਾਮਲੇ ’ਚ ਸਕੂਲ ਦੇ ਵਿਦਿਆਰਥੀਆਂ ਦੀ ਆਪਸੀ ਲੜਾਈ ਦੌਰਾਨ ਇੱਕ ਵਿਦਿਆਰਥੀ ਵੱਲੋਂ ਪਿਸਤੌਲ ਲਿਆਉਣ ਦੀ ਘਟਨਾ ਸਾਹਮਣੇ ਆਈ ਸੀ। ਹਾਲਾਂਕਿ ਉਹ ਪਿਸਤੌਲ ਉਸ ਨੇ ਆਪਣੇ ਪਿਤਾ ਦੀ ਲਿਆਈ ਸੀ, ਪਰ ਇਸ ਨਾਲ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਨੌਜਵਾਨ ਸਿਰਫ਼ ਡਰ ਪੈਦਾ ਕਰਨ ਲਈ ਹਥਿਆਰ ਰੱਖਣ ਦੀ ਚਾਹ ਰੱਖਦੇ ਹਨ। ਉਸ ਵਿਦਿਆਰਥੀ ਦੀ ਫੇਸਬੁੱਕ ਪੋਸਟ ’ਤੇ ਵੀ ਪਿਸਤੌਲ ਨਾਲ ਤਸਵੀਰਾਂ ਸਨ। -------------------- ਜਲੰਧਰ ਦੇ ਵੱਖ-ਵੱਖ ਥਾਣਿਆਂ ’ਚ ਦਰਜ ਮਾਮਲੇ ਇਸ ਪ੍ਰਕਾਰ ਹਨ 1. ਥਾਣਾ ਡਵੀਜ਼ਨ ਨੰਬਰ 6, ਜਲੰਧਰ ਕਮਿਸ਼ਨਰੇਟ ਦਰਜ ਮਾਮਲੇ ਦੀ ਤਰੀਕ : ਅਪ੍ਰੈਲ 2025 ਖ਼ਿਲਾਫ਼ : 22 ਸਾਲਾ ਨੌਜਵਾਨ (ਮਾਡਲ ਟਾਊਨ ਨਿਵਾਸੀ) ਮਾਮਲਾ : ਆਰਮਜ਼ ਐਕਟ ਤਹਿਤ ਕੇਸ ਦਰਜ। ਨੌਜਵਾਨ ਕੋਲੋਂ ਗੈਰਕਾਨੂੰਨੀ ਪਿਸਤੌਲ ਤੇ ਕਾਰਤੂਸ ਬਰਾਮਦ ਹੋਏ। ਉਸ ਨੇ ਦੱਸਿਆ ਕਿ ਹਥਿਆਰ ਦੋਸਤਾਂ ਅਤੇ ਵਿਰੋਧੀਆਂ ’ਤੇ ਰੌਬ ਜਮਾਉਣ ਲਈ ਰੱਖਿਆ ਸੀ। 2. ਥਾਣਾ ਆਦਮਪੁਰ, ਜਲੰਧਰ ਦੇਹਾਤ ਦਰਜ ਮਾਮਲੇ ਦੀ ਤਰੀਕ : ਜੂਨ 2025 ਖ਼ਿਲਾਫ਼ : 23 ਸਾਲਾ ਨੌਜਵਾਨ (ਪਿੰਡ ਨਿਵਾਸੀ) ਮਾਮਲਾ : ਆਰਮਜ਼ ਐਕਟ ਤਹਿਤ ਐੱਫਆਈਆਰ। ਨਾਕਾਬੰਦੀ ਦੌਰਾਨ ਦੇਸੀ ਕੱਟਾ ਬਰਾਮਦ ਹੋਇਆ। ਮੁਲਜ਼ਮ ਨੇ ਨਿੱਜੀ ਰੰਜਿਸ਼ ਕਾਰਨ ਡਰਾਉਣ ਲਈ ਹਥਿਆਰ ਰੱਖਣ ਦੀ ਗੱਲ ਮੰਨੀ। 3. ਥਾਣਾ ਡਵੀਜ਼ਨ ਨੰਬਰ 3, ਜਲੰਧਰ ਸ਼ਹਿਰ ਦਰਜ ਮਾਮਲੇ ਦੀ ਤਰੀਕ : ਅਗਸਤ 2025 ਖ਼ਿਲਾਫ਼ : 24 ਸਾਲਾ ਨੌਜਵਾਨ (ਲਾਜਪਤ ਨਗਰ) ਮਾਮਲਾ : ਆਰਮਜ਼ ਐਕਟ। ਸੋਸ਼ਲ ਮੀਡੀਆ ’ਤੇ ਪਿਸਤੌਲ ਨਾਲ ਫੋਟੋ ਵਾਇਰਲ ਹੋਣ ਤੋਂ ਬਾਅਦ ਗ੍ਰਿਫ਼ਤਾਰੀ ਹੋਈ। ਉਸ ਨੇ ਸ਼ੌਂਕ ਅਤੇ ਇੰਟਰਨੈੱਟ ਮੀਡੀਆ ਦੇ ਪ੍ਰਭਾਵ ਕਾਰਨ ਹਥਿਆਰ ਰੱਖਣ ਦੀ ਗੱਲ ਮੰਨੀ। 4. ਥਾਣਾ ਫਿਲੌਰ ਦਰਜ ਮਾਮਲੇ ਦੀ ਤਰੀਕ : ਅਕਤੂਬਰ 2025 ਖ਼ਿਲਾਫ਼ : ਕਾਲਜ ਵਿਦਿਆਰਥੀ (ਉਮਰ 20 ਸਾਲ) ਮਾਮਲਾ : ਆਰਮਜ਼ ਐਕਟ। ਕਾਰ ਚੈਕਿੰਗ ਦੌਰਾਨ ਪਿਸਤੌਲ ਬਰਾਮਦ ਹੋਈ। ਦੋਸ਼ੀ ਨੇ ਦੋਸਤਾਂ ਦੇ ਝਗੜੇ ਤੋਂ ਬਾਅਦ ਡਰਾਉਣ ਲਈ ਹਥਿਆਰ ਰੱਖਣ ਦੀ ਗੱਲ ਕਹੀ। 5. ਥਾਣਾ ਜੰਡਿਆਲਾ ਦਰਜ ਮਾਮਲੇ ਦੀ ਤਰੀਕ : ਦਸੰਬਰ 2025 ਖ਼ਿਲਾਫ਼ : ਦੋ ਨੌਜਵਾਨ (ਉਮਰ 21–25 ਸਾਲ) ਮਾਮਲਾ : ਆਰਮਜ਼ ਐਕਟ ਤਹਿਤ ਕੇਸ ਦਰਜ। ਮੋਟਰਸਾਈਕਲ ਸਵਾਰ ਨੌਜਵਾਨਾਂ ਕੋਲੋਂ ਗੈਰਕਾਨੂੰਨੀ ਹਥਿਆਰ ਬਰਾਮਦ ਹੋਏ। ਉਨ੍ਹਾਂ ਨੇ ਪਿੰਡ ਵਿੱਚ ਰੌਬ ਜਮਾਉਣ ਲਈ ਹਥਿਆਰ ਰੱਖਣ ਦੀ ਗੱਲ ਮੰਨੀ। ---------------------- ਕੋਟਸ)-----ਬੇਰੋਜ਼ਗਾਰੀ, ਇੰਟਰਨੈੱਟ ਮੀਡੀਆ ਦਾ ਪ੍ਰਭਾਵ, ਗੈਂਗਸਟਰ ਸਭਿਆਚਾਰ ਦੀ ਗਲੈਮਰਾਈਜ਼ੇਸ਼ਨ ਤੇ ਸਾਥੀਆਂ ਦਾ ਦਬਾਅ ਨੌਜਵਾਨਾਂ ਨੂੰ ਅਜਿਹੇ ਕਦਮ ਚੁੱਕਣ ਲਈ ਪ੍ਰੇਰਿਤ ਕਰ ਰਿਹਾ ਹੈ। ਫ਼ਿਲਮਾਂ ਅਤੇ ਇੰਟਰਨੈੱਟ ’ਤੇ ਦਿਖਾਈ ਜਾਣ ਵਾਲੀ ਹਿੰਸਕ ਛਵੀ ਵੀ ਨੌਜਵਾਨਾਂ ਦੇ ਮਨ ’ਚ ਹਥਿਆਰਾਂ ਨੂੰ ਤਾਕਤ ਦੇ ਪ੍ਰਤੀਕ ਵਜੋਂ ਦਰਸਾ ਰਹੀ ਹੈ। ਜਲੰਧਰ ਵਿੱਚ ਵੱਧਦਾ ਇਹ ਰੁਝਾਨ ਸਿਰਫ਼ ਕਾਨੂੰਨ-ਵਿਵਸਥਾ ਦਾ ਨਹੀਂ, ਸਗੋਂ ਸਮਾਜਿਕ ਚਿੰਤਾ ਦਾ ਵਿਸ਼ਾ ਹੈ। ਜੇ ਸਮੇਂ ਰਹਿੰਦਿਆਂ ਸਖ਼ਤੀ ਤੇ ਜਾਗਰੂਕਤਾ ਨਾਲ ਇਸ ’ਤੇ ਰੋਕ ਨਾ ਲੱਗੀ ਤਾਂ ਸ਼ੌਂਕ ਅਤੇ ਖ਼ੌਫ਼ ਦਾ ਇਹ ਖੇਡ ਕਿਸੇ ਵੀ ਵੇਲੇ ਗੰਭੀਰ ਅਪਰਾਧ ’ਚ ਬਦਲ ਸਕਦੀ ਹੈ। ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣਾ ਪਰਿਵਾਰ ਅਤੇ ਪ੍ਰਸ਼ਾਸਨ ਦੀ ਸਾਂਝੀ ਜ਼ਿੰਮੇਵਾਰੀ ਹੈ ਤਾਂ ਜੋ ਹਥਿਆਰਾਂ ਦੀ ਥਾਂ ਉਨ੍ਹਾਂ ਦੇ ਹੱਥਾਂ ਵਿੱਚ ਸਿੱਖਿਆ, ਰੋਜ਼ਗਾਰ ਅਤੇ ਸਕਾਰਾਤਮਕ ਮੌਕੇ ਹੋਣ। - ਡਾ. ਅਮਨ ਸੂਦ, ਮਨੋਚਿਕਿਤਸਕ