ਪੁਲਿਸ ਕਸਟਡੀ ’ਚੋਂ ਭੱਜੇ ਨੌਜਵਾਨ ਨੂੰ 300 ਮੀਟਰ ਦਾ ਪਿੱਛਾ ਕਰ ਕੇ ਫੜਿਆ
-ਬੱਸ ਸਟੈਂਡ ਚੌਕੀ ਦੇ
Publish Date: Fri, 05 Jun 2026 09:58 PM (IST)
Updated Date: Fri, 05 Jun 2026 09:59 PM (IST)

-ਬੱਸ ਸਟੈਂਡ ਚੌਕੀ ਦੇ ਬਾਹਰ ਰਾਤ ਸਮੇਂ ਹੋਈ ਕਾਰਵਾਈ, ਨਾਰਕੋਟਿਕਸ ਐਕਟ ਦੇ ਪੁਰਾਣੇ ਮਾਮਲੇ ’ਚ ਵੀ ਨਾਮਜ਼ਦ ਹੈ ਨੌਜਵਾਨ ਜਾਗਰਣ ਸੰਵਾਦਦਾਤਾ, ਜਲੰਧਰ : ਵੀਰਵਾਰ ਦੀ ਰਾਤ, ਬੱਸ ਸਟੈਂਡ ਪੁਲਿਸ ਚੌਕੀ ਦੇ ਬਾਹਰ ਨਾਕਾਬੰਦੀ ਦੌਰਾਨ ਇਕ ਨੌਜਵਾਨ ਪੁਲਿਸ ਨੂੰ ਦੇਖ ਕੇ ਬਾਈਕ ਛੱਡ ਕੇ ਭੱਜ ਗਿਆ। ਹਾਲਾਂਕਿ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਪਿੱਛਾ ਕਰਦਿਆਂ ਲਗਪਗ 300 ਮੀਟਰ ਦੂਰ ਉਸ ਨੂੰ ਘੇਰ ਕੇ ਫੜ ਕਰ ਲਿਆ। ਫੜੇ ਗਏ ਨੌਜਵਾਨ ਦੀ ਪਛਾਣ ਕੋਟ ਕਿਸ਼ਨ ਚੰਦ ਦੇ ਨਿਵਾਸੀ ਪ੍ਰਿੰਸ ਵਜੋਂ ਹੋਈ ਹੈ। ਪੁਲਿਸ ਨੇ ਉਸ ਦੀ ਬਾਈਕ ਵੀ ਕਬਜ਼ੇ ਵਿਚ ਲੈ ਲਈ ਹੈ। ਜਾਣਕਾਰੀ ਅਨੁਸਾਰ, ਬੱਸ ਸਟੈਂਡ ਚੌਕੀ ਦੀ ਪੁਲਿਸ ਤੇ ਪੀਸੀਆਰ ਟੀਮ ਸਤਲੁਜ ਚੌਕ ਨੇੜੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਇਕ ਬਾਈਕ ਸਵਾਰ ਨੌਜਵਾਨ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ। ਜਾਂਚ ਦੌਰਾਨ ਬਾਈਕ ਦੇ ਦਸਤਾਵੇਜ਼ ਪੂਰੇ ਨਹੀਂ ਮਿਲੇ ਤੇ ਨੌਜਵਾਨ ਖ਼ਿਲਾਫ਼ ਪਹਿਲਾਂ ਤੋਂ ਨਾਰਕੋਟਿਕਸ ਐਕਟ ਤਹਿਤ ਮਾਮਲਾ ਦਰਜ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਪੁੱਛਗਿੱਛ ਮਗਰੋਂ ਨੌਜਵਾਨ ਨੂੰ ਬਾਈਕ ਸਮੇਤ ਬੱਸ ਸਟੈਂਡ ਚੌਕੀ ਲਿਆਂਦਾ ਗਿਆ। ਜਿਵੇਂ ਹੀ ਪੁਲਿਸ ਵਾਹਨ ਚੌਕੀ ਦੇ ਗੇਟ ਨੇੜੇ ਪੁੱਜਾ ਤਾਂ ਅਚਾਨਕ ਪਿੱਛਿਓਂ ਛਾਲ ਮਾਰ ਕੇ ਭੱਜ ਗਿਆ। ਘਟਨਾ ਦੇ ਫੌਰੀ ਬਾਅਦ ਪੁਲਿਸ ਨੇ ਸੀਨੀਅਰ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਤੇ ਆਸ-ਪਾਸ ਮੌਜੂਦ ਪੀਸੀਆਰ ਟੀਮਾਂ ਨੂੰ ਚੌਕਸ ਕਰ ਦਿੱਤਾ। ਨੌਜਵਾਨ ਨੂੰ ਫੜਨ ਲਈ ਪੁਲਿਸ ਨੇ ਤੇਜ਼ੀ ਨਾਲ ਪਿੱਛਾ ਕੀਤਾ ਤੇ ਲਗਪਗ 300 ਮੀਟਰ ਦੂਰ ਨਰਿੰਦਰ ਸਿਨੇਮਾ ਦੇ ਨੇੜੇ ਘੇਰਾਬੰਦੀ ਕਰ ਕੇ ਦੁਬਾਰਾ ਫੜ ਕਰ ਲਿਆ। ਇਸ ਤੋਂ ਬਾਅਦ ਉਸ ਨੂੰ ਚੌਕੀ ਲਿਆ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਦੂਜੇ ਪਾਸੇ ਫੜੇ ਗਏ ਨੌਜਵਾਨ ਪ੍ਰਿੰਸ ਦਾ ਕਹਿਣਾ ਹੈ ਕਿ ਉਹ ਪੁਲਿਸ ਦੀ ਨਾਕਾਬੰਦੀ ਦੇਖ ਕੇ ਘਬਰਾਇਆ ਸੀ, ਇਸ ਲਈ ਬਾਈਕ ਛੱਡ ਕੇ ਭੱਜ ਗਿਆ। ਉਸ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਜਾਂਚ-ਪੜਤਾਲ ਕਰ ਲਈ ਸੀ ਤੇ ਇਸ ਤੋਂ ਬਾਅਦ ਉਸ ਨੂੰ ਚੌਕੀ ਲਿਆ ਗਿਆ ਸੀ। ਨੌਜਵਾਨ ਦਾ ਕਹਿਣਾ ਹੈ ਕਿ ਉਸ ਨੇ ਕਿਸੇ ਵੀ ਕਿਸਮ ਦੀ ਅਪਰਾਧਿਕ ਮਨਸ਼ਾ ਨਾਲ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਸਬੰਧੀ ਜਦੋਂ ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਮੋਹਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਨਾਕਾਬੰਦੀ ਦੌਰਾਨ ਬਾਈਕ ਛੱਡ ਕੇ ਭੱਜ ਗਿਆ ਸੀ, ਜਿਸ ਨੂੰ ਪੀਸੀਆਰ ਪੁਲਿਸ ਮੁਲਾਜ਼ਮਾਂ ਨੇ ਪਿੱਛਾ ਕਰ ਕੇ ਫੜ ਲਿਆ। ਮੁਲਜ਼ਮ ਖ਼ਿਲਾਫ਼ ਪਹਿਲਾਂ ਤੋਂ ਨਾਰਕੋਟਿਕਸ ਐਕਟ ਤਹਿਤ ਮਾਮਲਾ ਦਰਜ ਹੈ। ਇਸ ਸਮੇਂ ਪੁਲਿਸ ਨੇ ਉਸ ਖ਼ਿਲਾਫ਼ ਆਵਾਰਾਗਰਦੀ ਦੀ ਧਾਰਾ 109 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਦੀ ਬਾਈਕ ਦੇ ਦਸਤਾਵੇਜ਼ਾਂ ਅਤੇ ਉਸ ਦੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।