ਸਸਕਾਰ ਤੋਂ ਆ ਰਹੇ ਨੌਜਵਾਨ ’ਤੇ ਆਵਾਰਾਗਰਦੀ ਦਾ ਪਰਚਾ, ਧੱਕੇਸ਼ਾਹੀ ਦੇ ਲੱਗੇ ਦੋਸ਼
ਸਸਕਾਰ ਤੋਂ ਆ ਰਹੇ ਨੌਜਵਾਨ ‘ਤੇ ਆਵਾਰਾਗਰਦੀ ਦਾ ਪਰਚਾ
Publish Date: Fri, 16 Jan 2026 07:32 PM (IST)
Updated Date: Fri, 16 Jan 2026 07:36 PM (IST)

-ਪੀੜਤ ਨੇ ਦਿਖਾਈ ਰੇਲ ਟਿਕਟ, ਪੁਲਿਸ ਨੇ ਦੱਸਿਆ ਸ਼ੱਕੀ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਲੋਹੀਆ ਖਾਸ ਰੇਲਵੇ ਸਟੇਸ਼ਨ ‘ਤੇ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਉਸ ਵਿਰੁੱਧ ਆਵਾਰਾਗਰਦੀ ਦਾ ਮਾਮਲਾ ਦਰਜ ਕਰਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ਵਿਚ ਜਿੱਥੇ ਪੀੜਤ ਧਿਰ ਨੇ ਪੁਲਿਸ ‘ਤੇ ਧੱਕੇਸ਼ਾਹੀ ਦੇ ਗੰਭੀਰ ਦੋਸ਼ ਲਗਾਏ ਹਨ, ਉੱਥੇ ਹੀ ਪੁਲਿਸ ਪ੍ਰਸ਼ਾਸਨ ਨੇ ਇਸ ਕਾਰਵਾਈ ਨੂੰ ਸੁਰੱਖਿਆ ਪ੍ਰਬੰਧਾਂ ਦਾ ਹਿੱਸਾ ਦੱਸਿਆ ਹੈ। ਸ਼ਾਹਕੋਟ ਦੇ ਮੁਹੱਲਾ ਪੁਰਾਣੀ ਗਲੀ ਦੇ ਵਸਨੀਕ ਪੀੜਤ ਨੌਜਵਾਨ ਸੱਤਿਅਮ ਸ਼ਰਮਾ ਪੁੱਤਰ ਸੁਰਿੰਦਰ ਕੁਮਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਹ 14 ਜਨਵਰੀ ਨੂੰ ਫਾਜ਼ਿਲਕਾ ਤੋਂ ਆਪਣੇ ਇਕ ਨਜ਼ਦੀਕੀ ਰਿਸ਼ਤੇਦਾਰ ਦੇ ਸਸਕਾਰ ਤੋਂ ਪਰਤ ਰਿਹਾ ਸੀ। ਬੱਸ ਨਾ ਮਿਲਣ ਕਰਕੇ ਉਹ ਰੇਲ ਗੱਡੀ ਰਾਹੀਂ ਰਾਤ ਕਰੀਬ 11:30 ਵਜੇ ਲੋਹੀਆਂ ਖਾਸ ਸਟੇਸ਼ਨ ਪਹੁੰਚਿਆ। ਜਦੋਂ ਉਹ ਵੇਟਿੰਗ ਰੂਮ ਵਿਚ ਬੈਠ ਕੇ ਘਰ ਫੋਨ ਕਰ ਰਿਹਾ ਸੀ ਤਾਂ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਪੁੱਛਗਿੱਛ ਮਗਰੋਂ ਘਰ ਛੱਡਣ ਦਾ ਭਰੋਸਾ ਦਿੱਤਾ ਪਰ ਬਾਅਦ ਵਿੱਚ ਉਸਨੂੰ ਥਾਣੇ ਲੈ ਗਏ। ਪੀੜਤ ਨੇ ਦਾਅਵਾ ਕੀਤਾ ਕਿ ਉਸ ਕੋਲ ਰੇਲ ਟਿਕਟ ਨੰਬਰ ਏਏਬੀ 96174885 ਮੌਜੂਦ ਸੀ ਪਰ ਇਸ ਦੇ ਬਾਵਜੂਦ ਉਸਨੂੰ ਸਾਰੀ ਰਾਤ ਹਵਾਲਾਤ ਵਿੱਚ ਰੱਖ ਕੇ ਅਗਲੇ ਦਿਨ ਕੋਰੇ ਕਾਗਜ਼ਾਂ ਤੇ ਦਸਤਖਤ ਕਰਵਾਏ ਗਏ ਅਤੇ ਝੂਠਾ ਪਰਚਾ ਦਰਜ ਕੀਤਾ ਗਿਆ। ਪੀੜਤ ਦੇ ਹੱਕ ਵਿੱਚ ਨਿੱਤਰੇ ਸਮਾਜ ਸੇਵਕ ਬੌਬੀ ਕੰਡਾ ਨੇ ਪੁਲਿਸ ਦੀ ਕਾਰਵਾਈ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਲੋਹੀਆਂ ਪੁਲਿਸ ਵੱਲੋਂ ਅਕਸਰ ਰੇਲਵੇ ਸਟੇਸ਼ਨ ਤੋਂ ਯਾਤਰੀਆਂ ਨੂੰ ਚੁੱਕ ਕੇ ਪਰਚੇ ਦਰਜ ਕੀਤੇ ਜਾਂਦੇ ਹਨ, ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਕੋਲ ਟਿਕਟ ਸੀ ਤਾਂ ਉਸ ‘ਤੇ ਪਰਚਾ ਦਰਜ ਕਰਨਾ ਪੁਲਿਸ ਦੀ ਧੱਕੇਸ਼ਾਹੀ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਉੱਚ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ। ਇਸ ਮੌਕੇ ਪੀੜਤ ਸੱਤਿਅਮ ਸ਼ਰਮਾ ਤੋਂ ਇਲਾਵਾ ਲਵ ਕੁਮਾਰ ਸ਼ਰਮਾ, ਮੁਕੇਸ਼ ਕੁਮਾਰ ਸ਼ਰਮਾ, ਜਸਵੀਰ ਸਿੰਘ ਵੀ ਮੌਜੂਦ ਸਨ। ---- ਸੁਰੱਖਿਆ ਦੇ ਮੱਦੇਨਜ਼ਰ ਕੀਤੀ ਗਈ ਕਾਰਵਾਈ : ਐੱਸਐੱਚਓ ਇਸ ਮਾਮਲੇ ਸਬੰਧੀ ਥਾਣਾ ਲੋਹੀਆਂ ਦੇ ਐੱਸਐੱਚਓ ਗੁਰਸ਼ਰਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਪੀੜਤ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਲਾਕੇ ਵਿੱਚ ਅਕਸਰ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਤੋਂ ਬਾਅਦ ਅਪਰਾਧੀ ਰੇਲਵੇ ਸਟੇਸ਼ਨ ‘ਤੇ ਸ਼ਰਨ ਲੈਂਦੇ ਹਨ। ਪੁਲਿਸ ਗਸ਼ਤ ਦੌਰਾਨ ਜਦੋਂ ਦੇਰ ਰਾਤ ਇਸ ਨੌਜਵਾਨ ਨੂੰ ਸਟੇਸ਼ਨ ’ਤੇ ਵੇਖਿਆ ਗਿਆ ਤਾਂ ਇਸ ਤੋਂ ਪੁੱਛਗਿੱਛ ਕੀਤੀ ਗਈ। ਮੌਕੇ ਤੇ ਨੌਜਵਾਨ ਨਾ ਤਾਂ ਕੋਈ ਤਸੱਲੀਬਖ਼ਸ਼ ਜਵਾਬ ਦੇ ਸਕਿਆ, ਨਾ ਹੀ ਟਿਕਟ ਦਿਖਾ ਸਕਿਆ ਤੇ ਨਾ ਹੀ ਕੋਈ ਸ਼ਨਾਖਤੀ ਪੱਤਰ ਸੀ। ਇਸੇ ਆਧਾਰ ‘ਤੇ ਆਵਾਰਾਗਰਦੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਅਗਲੇ ਦਿਨ ਜ਼ਮਾਨਤ ਮਿਲਣ ’ਤੇ ਨੌਜਵਾਨ ਨੂੰ ਰਿਹਾਅ ਕਰ ਦਿੱਤਾ ਗਿਆ।