ਪੰਜਾਬ ’ਚ ਯੂਥ ਲੀਡਰ ਸੁਰੱਖਿਅਤ ਨਹੀਂ : ਦੱਤਾ
ਆਪ ਸਰਕਾਰ ਹੇਠ ਪੰਜਾਬ ’ਚ ਯੂਥ ਲੀਡਰ ਸੁਰੱਖਿਅਤ ਨਹੀਂ: ਅੰਗਦ ਦੱਤਾ ਵੱਲੋਂ ਲੱਕੀ ਓਬਰਾਏ ਦੀ ਹੱਤਿਆ ਦੀ ਸਖ਼ਤ ਨਿੰਦਾ
Publish Date: Fri, 06 Feb 2026 08:11 PM (IST)
Updated Date: Fri, 06 Feb 2026 08:14 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਯੂਥ ਕਾਂਗਰਸ ਦੇ ਸਕੱਤਰ ਅੰਗਦ ਦੱਤਾ ਨੇ ਜੀਟੀਬੀ ਨਗਰ ਗੁਰਦੁਆਰੇ ਦੇ ਬਾਹਰ ਜਲੰਧਰ ’ਚ ਹੋਈ ਘਟਨਾ, ਜਿਸ ’ਚ ਆਪ ਯੂਥ ਲੀਡਰ ਲੱਕੀ ਓਬਰਾਏ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਪੰਜਾਬ ’ਚ ਕਾਨੂੰਨ-ਵਿਵਸਥਾ ਦੀ ਪੂਰੀ ਤਰ੍ਹਾਂ ਨਾਕਾਮੀ ਦਾ ਸਾਫ਼ ਸਬੂਤ ਹੈ ਤੇ ਇਹ ਸਾਬਤ ਕਰਦੀ ਹੈ ਕਿ ਪੰਜਾਬ ’ਚ ਯੂਥ ਲੀਡਰ ਹੁਣ ਸੁਰੱਖਿਅਤ ਨਹੀਂ ਰਹੇ। ਅੰਗਦ ਦੱਤਾ ਨੇ ਕਿਹਾ, “ਇਹ ਸਿਰਫ਼ ਇਕ ਕਤਲ ਨਹੀਂ, ਬਲਕਿ ਆਮ ਆਦਮੀ ਪਾਰਟੀ ਸਰਕਾਰ ਦੀ ਨਾਕਾਮੀ ਦਾ ਸਿੱਧਾ ਪ੍ਰਮਾਣ ਹੈ। ਜਦੋਂ ਸੱਤਾ ਧਾਰੀ ਪਾਰਟੀ ਦਾ ਆਪਣਾ ਯੂਥ ਲੀਡਰ ਸਰਵਜਨਿਕ ਥਾਂ ’ਤੇ ਗੋਲੀਆਂ ਦਾ ਸ਼ਿਕਾਰ ਬਣਦਾ ਹੈ, ਤਾਂ ਆਮ ਲੋਕਾਂ ਦੀ ਸੁਰੱਖਿਆ ਦਾ ਅੰਦਾਜ਼ਾ ਲਗਾਉਣਾ ਬਹੁਤ ਆਸਾਨ ਹੈ।’ ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ’ਚ ਗੈਂਗਵਾਰ, ਗਨ ਕਲਚਰ ਤੇ ਦਿਨ ਦਿਹਾੜੇ ਕਤਲ ਆਮ ਗੱਲ ਬਣ ਚੁੱਕੇ ਹਨ, ਜਦਕਿ ਸਰਕਾਰ ਸਿਰਫ਼ ਪ੍ਰਚਾਰ ’ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਤੇ ਹੁਣ ਆਪ ਦੇ ਆਗੂਆਂ ਵੱਲੋਂ ਵੀ ਕਾਨੂੰਨ-ਵਿਵਸਥਾ ’ਤੇ ਸਵਾਲ ਚੁੱਕੇ ਗਏ ਹਨ ਪਰ ਸਰਕਾਰ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਅੰਗਦ ਦੱਤਾ ਨੇ ਮੰਗ ਕੀਤੀ ਕਿ ਲੱਕੀ ਓਬਰਾਏ ਦੇ ਕਤਲ ’ਚ ਸ਼ਾਮਲ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ, ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਯੂਥ ਲੋਕਤੰਤਰ ਦੀ ਨੀਂਹ ਹਨ ਤੇ ਜਦੋਂ ਯੂਥ ਲੀਡਰ ਸੜਕਾਂ ’ਤੇ ਮਾਰੇ ਜਾਂਦੇ ਹਨ, ਤਾਂ ਇਹ ਲੋਕਤੰਤਰ ’ਤੇ ਸਿੱਧਾ ਹਮਲਾ ਹੈ।