ਘਰ ’ਚੋਂ ਗਹਿਣੇ ਤੇ ਨਕਦੀ ਲੈ ਕੇ ਨੌਜਵਾਨ ਫ਼ਰਾਰ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ,
Publish Date: Fri, 13 Mar 2026 10:31 PM (IST)
Updated Date: Fri, 13 Mar 2026 10:33 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਬਸਤੀ ਦਾਨਸ਼ਮੰਦਾ ਵਿੱਚ ਸਥਿਤ ਇੱਕ ਨੌਜਵਾਨ ਨੇ ਘਰ ਵਿੱਚ ਬਜ਼ੁਰਗ ਦੀ ਮੌਜੂਦਗੀ ਦੇ ਬਾਵਜੂਦ ਅਲਮਾਰੀ ਦੇ ਲਾਕਰ ਭੰਨ ਕੇ ਅੰਦਰੋਂ ਲੱਖਾਂ ਰੁਪਏ ਦੀ ਨਗਦੀ ਤੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਉਕਤ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਤਿਨ ਵਾਸੀ ਬਸਤੀ ਦਾਨਸ਼ਮੰਦਾ ਨੇ ਦੱਸਿਆ ਕਿ ਉਹ ਦੁਪਹਿਰ ਡੇਢ ਵਜੇ ਦੇ ਕਰੀਬ ਆਪਣੀ ਪਤਨੀ ਮਹਿਕ ਨਾਲ ਘਰ ਤੋਂ ਕੁਝ ਦੂਰੀ ’ਤੇ ਇਹ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੇ ਘਰ ਗਿਆ ਸੀ। ਘਰ ਵਿੱਚ ਉਸਦੀ ਨਾਨਾ ਮੌਜੂਦ ਸਨ। ਜਦ ਸਾਢੇ ਚਾਰ ਵਜੇ ਦੇ ਕਰੀਬ ਉਹ ਵਾਪਸ ਆਏ ਤਾਂ ਕਮਰੇ ਵਿੱਚ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀ ਦੇ ਲੋਕਰ ਟੁੱਟੇ ਪਏ ਸਨ। ਜਦ ਅਲਮਾਰੀ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ ਪਏ ਤਕਰੀਬਨ ਡੇਢ ਲੱਖ ਰੁਪਏ ਨਗਦ ਤੇ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਗਾਇਬ ਸਨ। ਜਦ ਉਸਨੇ ਘਰ ’ਚ ਮੌਜੂਦ ਆਪਣੀ ਨਾਨਾ ਨੂੰ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਕ ਨੌਜਵਾਨ ਘਰ ਵਿਚੋਂ ਬੈਗ ਲੈ ਕੇ ਬਾਹਰ ਨਿਕਲਿਆ ਸੀ ਪਰ ਉਸ ਨੂੰ ਕੁਝ ਸਮਝ ਨਹੀਂ ਆਇਆ ਕਿ ਉਹ ਨੌਜਵਾਨ ਕੌਣ ਸੀ ਤੇ ਕੀ ਲੈ ਕੇ ਗਿਆ ਹੈ। ਜਦ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਉਸ ਵਿੱਚ ਇੱਕ ਨੌਜਵਾਨ ਜਿਸ ਨੇ ਮੂੰਹ ’ਤੇ ਨਕਾਬ ਪਾਇਆ ਹੋਇਆ ਸੀ ਘਰ ਵਿਚੋਂ ਉਕਤ ਸਾਮਾਨ ਚੋਰੀ ਕਰਕੇ ਇੱਕ ਬੈਗ ਵਿੱਚ ਪਾ ਕੇ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰ ਤੱਕ ਪਹੁੰਚਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।