ਸ਼ੱਕੀ ਹਾਲਾਤ ’ਚ ਨੌਜਵਾਨ ਦੀ ਮੌਤ
ਸ਼ੱਕੀ ਹਾਲਾਤਾਂ ’ਚ ਨੌਜਵਾਨ ਦੀ ਮੌਤ
Publish Date: Thu, 29 Jan 2026 11:03 PM (IST)
Updated Date: Thu, 29 Jan 2026 11:04 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਰਾਮਾ ਮੰਡੀ ਦੀ ਹੱਦ ’ਚ ਪੈਂਦੇ ਸੂਰਿਆ ਐਨਕਲੇਵ ਅੰਡਰਬ੍ਰਿਜ ਨੇੜੇ ਵੀਰਵਾਰ ਰਾਤ ਇਕ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਲਾਸ਼ ਨੇੜੇ ਇਕ ਸਰਿੰਜ ਮਿਲੀ ਤੇ ਲੋਕਾਂ ਨੂੰ ਨਸ਼ੇ ਦੀ ਓਵਰਡੋਜ਼ ਦਾ ਸ਼ੱਕ ਸੀ ਪਰ ਪੁਲਿਸ ਨੇ ਕਿਹਾ ਕਿ ਮੌਤ ਦਾ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ। ਮ੍ਰਿਤਕ ਦੀ ਪਛਾਣ ਏਕਤਾ ਨਗਰ ਦੇ ਰਹਿਣ ਵਾਲੇ 40 ਸਾਲਾ ਅਨੂਪ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕ ਦੇ ਪਿਤਾ ਕਲਾਮ ਸਿੰਘ ਨੇ ਦੱਸਿਆ ਕਿ ਬਿਜਲੀ ਵਿਭਾਗ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਘਰ ’ਚ ਰਹਿੰਦਾ ਹੈ ਤੇ ਉਸ ਦਾ ਪੁੱਤਰ ਅਨੂਪ ਕੰਮ ਕਰਦਾ ਸੀ। ਉਸਨੇ ਕਿਹਾ ਕਿ ਉਹ ਦੁਪਹਿਰ 3 ਵਜੇ ਉਸ ਤੋਂ 500 ਰੁਪਏ ਲੈ ਕੇ ਚਲਾ ਗਿਆ ਸੀ ਪਰ ਸ਼ਾਮ ਤੱਕ ਘਰ ਨਹੀਂ ਪਰਤਿਆ। ਆਸ-ਪਾਸ ਦੇ ਲੋਕਾਂ ਨੇ ਉਸਨੂੰ ਦੱਸਿਆ ਕਿ ਅਨੂਪ ਸੂਰਿਆ ਐਨਕਲੇਵ ਅੰਡਰਬ੍ਰਿਜ ਰੇਲਵੇ ਲਾਈਨ ਦੇ ਨੇੜੇ ਡਿੱਗਾ ਪਿਆ ਸੀ, ਜਿਸ ਤੋਂ ਬਾਅਦ ਜਦੋਂ ਉਹ ਮੌਕੇ 'ਤੇ ਪੁੱਜਾ ਤਾਂ ਉਸਨੂੰ ਪਤਾ ਲੱਗਾ ਕਿ ਅਨੂਪ ਦੀ ਮੌਤ ਹੋ ਗਈ ਹੈ। ਇਸ ਦੌਰਾਨ ਰਾਮਾ ਮੰਡੀ ਥਾਣੇ ਦੇ ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਸੂਰਿਆ ਐਨਕਲੇਵ ਅੰਡਰਬ੍ਰਿਜ ਦੇ ਨੇੜੇ ਇਕ ਨੌਜਵਾਨ ਦੀ ਲਾਸ਼ ਪਈ ਹੈ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰੱਖ ਦਿੱਤਾ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।